ਕਰਜ਼ਾ ਵਸੂਲੀ ਲਈ ਗਏ ਬੈਂਕ ਅਧਿਕਾਰੀ ਨੂੰ ਕਿਸਾਨਾਂ ਨੇ ਬਣਾਇਆ ਬੰਧਕ
Sunday, Apr 22, 2018 - 01:38 AM (IST)
ਫਿਰੋਜ਼ਪੁਰ(ਮਲਹੋਤਰਾ, ਜੈਨ)—ਬੈਂਕਾਂ ਤੋਂ ਕਰਜ਼ਾ ਲੈ ਕੇ ਵਾਪਸ ਨਾ ਕਰਨ ਵਾਲੇ ਡਿਫਾਲਟਰ ਲੋਕਾਂ ਤੋਂ ਵਸੂਲੀ ਕਰਨ ਗਏ ਬੈਂਕ ਅਧਿਕਾਰੀ ਨੂੰ ਕਿਸਾਨ ਯੂਨੀਅਨ ਤੇ ਕੁਝ ਹੋਰ ਲੋਕਾਂ ਨੇ ਬੰਧਕ ਬਣਾ ਲਿਆ, ਜਿਸ ਕਾਰਨ ਉਨ੍ਹਾਂ ਨੂੰ ਕਰਜ਼ਾ ਵਸੂਲੀ ਦੀ ਕਾਰਵਾਈ ਵਿਚਾਲੇ ਛੱਡ ਕੇ ਵਾਪਸ ਆਉਣਾ ਪਿਆ। ਦਿ ਫਿਰੋਜ਼ਪੁਰ ਸੈਂਟਰਲ ਕੋਆਪ੍ਰੇਟਿਵ ਪ੍ਰਾਇਮਰੀ ਐਗਰੀਕਲਚਰ ਬੈਂਕ ਦੇ ਪ੍ਰਬੰਧਕ ਵੇਦ ਪ੍ਰਕਾਸ਼ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਝੋਕ ਸਰਕਲ ਦੇ ਡਿਫਾਲਟਰ ਲੋਕਾਂ ਤੋਂ ਵਸੂਲੀ ਲਈ ਸ਼ਨੀਵਾਰ ਫੀਲਡ ਅਫਸਰ ਪੀਯੂਸ਼ ਬਾਂਸਲ ਨੂੰ ਭੇਜਿਆ ਤੇ ਅਧਿਕਾਰੀ ਜਦੋਂ ਪਿੰਡ ਮਹਿਮਾ ਗਿਆ ਤਾਂ ਕਿਸਾਨ ਯੂਨੀਅਨ ਆਗੂ ਹਰਨੇਕ ਸਿੰਘ ਨੇ ਹੋਰ ਲੋਕਾਂ ਦੀ ਮਦਦ ਨਾਲ ਉਸ ਨੂੰ ਬੰਧਕ ਬਣਾ ਲਿਆ। ਮੈਨੇਜਰ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਹਰਨੇਕ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤਿੰਨ ਮਹੀਨੇ ਪਹਿਲਾਂ ਗੁਰੂਹਰਸਹਾਏ ਵਿਚ ਇਕ ਬੈਂਕ ਨੂੰ ਤਾਲਾ ਲਾ ਕੇ ਸਟਾਫ ਨੂੰ ਬੰਧਕ ਬਣਾ ਲਿਆ ਸੀ।
ਇਸ ਸਬੰਧੀ ਥਾਣਾ ਲੱਖੋਕੇ ਬਹਿਰਾਮ ਦੇ ਇੰਚਾਰਜ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਬੈਂਕ ਕਰਮਚਾਰੀ ਵੱਲੋਂ ਕਰਜ਼ਾ ਵਸੂਲੀ ਦੇ ਦੌਰਾਨ ਕੁਝ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤੀ ਗਿਆ, ਜਿਸ ਕਾਰਨ ਕਿਸਾਨ ਯੂਨੀਅਨ ਤੇ ਪਿੰਡ ਵਾਲੇ ਭੜਕ ਉਠੇ। 300 ਦੇ ਕਰੀਬ ਲੋਕ ਪ੍ਰਦਰਸ਼ਨ ਕਰ ਰਹੇ ਸਨ, ਜਿਨ੍ਹਾਂ 'ਚੋਂ ਬੜੀ ਮੁਸ਼ਕਲ ਨਾਲ ਦੋਵਾਂ ਪੱਖਾਂ ਨੂੰ ਸਮਝਾ ਕੇ ਅਧਿਕਾਰੀ ਨੂੰ ਛੁਡਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹਾਲੇ ਕੋਈ ਸ਼ਿਕਾਇਤ ਨਹੀਂ ਆਈ ਹੈ, ਜੇਕਰ ਐੱਸ. ਐੱਸ. ਪੀ. ਸਾਹਿਬ ਕੋਲ ਸ਼ਿਕਾਇਤ ਗਈ ਹੈ ਤਾਂ ਜਿਵੇਂ ਹੀ ਹੁਕਮ ਆਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
