ਕਿਸਾਨ ਸੰਘਰਸ਼ ਕਮੇਟੀ ਨੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ
Thursday, Oct 26, 2017 - 07:12 AM (IST)
ਤਰਨਤਾਰਨ, (ਰਾਜੂ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਪਿੰਡ ਮਨਿਹਾਲਾ ਵਿਖੇ ਕੇਂਦਰ ਸਰਕਾਰ ਵੱਲੋਂ ਟਰੈਕਟਰ 'ਤੇ ਲਾਏ ਗਏ ਟੈਕਸ ਤੇ ਪੰਜਾਬ ਸਰਕਾਰ ਵੱਲੋਂ ਵਧਾਏ ਗਏ ਘਰੇਲੂ ਬਿੱਲਾਂ ਦੇ ਵਿਰੋਧ ਵਿਚ ਪੁਤਲਾ ਫੂਕਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ, ਸੂਬੇਦਾਰ ਅਜੀਤ ਸਿੰਘ ਕੋਟ ਬੁੱਢਾ ਤੇ ਸੁਖਦੇਵ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਦੇ ਟਰੈਕਟਰ 'ਤੇ ਟੈਕਸ ਲਾ ਕੇ ਕਿਸਾਨ ਵਿਰੋਧੀ ਚਿਹਰਾ ਵਿਖਾ ਦਿੱਤਾ ਹੈ। ਪੰਜਾਬ ਸਰਕਾਰ ਨੇ ਘਰੇਲੂ ਬਿਜਲੀ ਰੇਟ ਵਧਾ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਕੈਪਟਨ ਸਰਕਾਰ ਨੇ ਜੋ 2 ਲੱਖ ਰੁਪਏ ਦੀ ਕਰਜ਼ਾ ਮੁਆਫੀ ਵਾਲਾ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਉਸ ਨੂੰ ਮੁੱਢੋਂ ਰੱਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਚੋਣ ਵਾਅਦੇ ਮੁਤਾਬਕ ਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਹੋਵੇ, ਹਰ ਘਰ ਨੌਕਰੀ ਦਿੱਤੀ ਜਾਵੇ, 800 ਪ੍ਰਾਇਮਰੀ ਸਕਲੂ ਬੰਦ ਕਰਨ ਦੀ ਜਗ੍ਹਾ ਅਧਿਆਪਕ ਭਰਤੀ ਕੀਤੇ ਜਾਣ, 5-5 ਮਰਲੇ ਦੇ ਪਲਾਟ ਕੱਟੇ ਜਾਣ, ਸਾਢੇ 17 ਏਕੜ ਸੀਲਿੰਗ ਕਾਨੂੰਨ ਲਾਗੂ ਕੀਤਾ ਜਾਵੇ, 51,000 ਸ਼ਗਨ ਸਕੀਮ ਲਾਗੂ ਕਰਵਾਉਣ ਲਈ ਲੋਕਾਂ ਨੂੰ ਇਕ ਮੰਚ ਬਣਾ ਕੇ ਲੜਨ ਦੀ ਲੋੜ ਹੈ।
ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਹਨ। ਇਨ੍ਹਾਂ ਖਿਲਾਫ ਪਿੰਡ-ਪਿੰਡ ਮੀਟਿੰਗਾਂ ਲਾ ਕੇ ਲਾਮਬੰਦੀ ਕੀਤੀ ਜਾਵੇਗੀ।
ਇਸ ਮੌਕੇ ਮੱਲ ਸਿੰਘ, ਸੰਤੋਖ ਸਿੰਘ, ਹਰਦੀਪ ਸਿੰਘ ਭੁਰਜ, ਤਰਸੇਮ ਸਿੰਘ, ਭੁਪਿੰਦਰ ਸਿੰਘ, ਨਿਸ਼ਾਨ ਸਿੰਘ, ਦਿਲਬਾਗ ਸਿੰਘ, ਵਿਰਸਾ ਸਿੰਘ, ਜਸਵੰਤ ਸਿੰਘ, ਕਿਰਪਾ ਸਿੰਘ ਆਦਿ ਹਾਜ਼ਰ ਸਨ।
ਵੈਰੋਵਾਲ, (ਗਿੱਲ)- ਪਿੰਡ ਢੋਟਾ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਟਰੈਕਟਰਾਂ 'ਤੇ ਟੈਕਸ ਲਾਉਣ ਤੇ ਬਿਜਲੀ ਦਰਾਂ ਵਿਚ ਕੀਤੇ ਗਏ ਵਾਧੇ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਅਜੀਤ ਸਿੰਘ ਢੋਟਾ ਨੰਬਰਦਾਰ ਤਹਿਸੀਲ ਪ੍ਰਧਾਨ, ਗੁਰਇਕਬਾਲ ਸਿੰਘ ਬਾਗੀ ਅਤੇ ਅੰਗਰੇਜ਼ ਸਿੰਘ ਮੱਲ੍ਹਾ ਦੀ ਅਗਵਾਈ ਵਿਚ ਫੂਕਿਆ ਗਿਆ।
ਇਸ ਮੌਕੇ ਜ਼ਿਲਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਮਸ਼ੀਨਰੀ ਟਰੈਕਟਰਾਂ 'ਤੇ ਸਾਲਾਨਾ 30 ਹਜ਼ਾਰ ਰੁਪਏ ਦਾ ਟੈਕਸ ਲਾ ਕੇ ਕਰਜ਼ੇ ਹੇਠ ਦੱਬੇ ਕਿਸਾਨਾਂ 'ਤੇ ਹੋਰ ਬੋਝ ਪਾ ਦਿੱਤਾ ਗਿਆ ਹੈ ਅਤੇ ਰਹਿੰਦੀ ਕਸਰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਬਿਜਲੀ ਦਰਾਂ ਵਿਚ ਵਾਧਾ ਕਰ ਕੇ ਕੱਢ ਦਿੱਤੀ ਗਈ ਹੈ, ਜਿਸ ਨਾਲ ਗਰੀਬ ਵਰਗ 'ਤੇ ਹੋਰ ਕਰਜ਼ੇ ਦਾ ਬੋਝ ਵਧੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹ ਗਰੀਬ ਵਿਰੋਧੀ ਫੈਸਲੇ ਵਾਪਸ ਨਾ ਲਏ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪ੍ਰਤਾਪ ਸਿੰਘ, ਬੁੱਧ ਸਿੰਘ ਸੰਘਰਕੋਟ, ਗੁਰਨਾਮ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।
