ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਮੰਗਾਂ ਸਬੰਧੀ ਕੀਤਾ ਪ੍ਰਦਰਸ਼ਨ

07/29/2017 7:13:19 AM

ਹਰੀਕੇ ਪੱਤਣ, (ਲਵਲੀ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਕਿਸਾਨਾਂ ਨੂੰ ਜਥੇਬੰਦ ਅਤੇ ਜਾਗ੍ਰਿਤ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਸ ਦੀ ਲੜੀ ਤਹਿਤ ਪਿੰਡ ਸਭਰਾਂ ਵਿਖੇ ਕਿਸਾਨ ਆਗੂ ਸੋਹਣ ਸਿੰਘ ਆਦੀ, ਮੁਖਤਾਰ ਸਿੰਘ ਤਲਵੰਡੀ, ਸੁਖਵੰਤ ਸਿੰਘ ਦੁੱਬਲੀ ਦੀ ਪ੍ਰਧਾਨਗੀ ਹੇਠ ਕਿਸਾਨਾਂ ਦਾ ਇਕੱਠ ਹੋਇਆ, ਖੇਤੀ ਕਿੱਤੇ ਨੂੰ ਲਾਹੇਵੰਦ ਬਣਾਉਣ, ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕਰਵਾਉਣ, ਨੌਜਵਾਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਵਾਉਣ ਲਈ ਜਥੇਬੰਦੀ ਵਲੋਂ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ ਅਤੇ ਕਾਰਜ ਘਰਿਆਲਾ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ, ਝੋਨੇ ਦੇ ਭਾਅ ਤੇ ਬਾਸਮਤੀ ਮੱਕੀ ਦੇ ਭਾਅ ਲਾਗਤ ਖਰਚੇ ਮੁਤਾਬਕ ਨਹੀਂ ਮਿਲ ਰਹੇ। ਬਾਸਮਤੀ, ਮੱਕੀ, ਸੂਰਜਮੁਖੀ, ਆਲੂ, ਮਟਰ ਆਦਿ ਵੀ ਮੰਡੀਆਂ ਵਿਚ ਰੁਲਦੇ ਨਜ਼ਰ ਆਉਂਦੇ ਹਨ। ਇਹ ਸਾਰੇ ਮਸਲੇ ਸੰਬੰਧੀ 7 ਕਿਸਾਨ ਜਥੇਬੰਦੀਆਂ 22 ਅਗਸਤ ਨੂੰ ਬਰਨਾਲੇ ਕਰਜ਼ਾ ਮੁਕਤੀ ਮਹਾ ਰੈਲੀ ਕਰਕੇ ਸੰਘਰਸ਼ ਦੇ ਅਗਲੇ ਪੜਾਵਾਂ ਦਾ ਐਲਾਨ ਕਰਨਗੀਆਂ। ਇਸ ਇਕੱਠ ਵਿਚ ਜਥੇਬੰਦੀ ਦੇ ਆਗੂ ਕਰਮਜੀਤ ਸਿੰਘ ਤਲਵੰਡੀ, ਇੰਦਰਜੀਤ ਸਿੰਘ ਕੋਟਬੁੱਢਾ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਨਾਲ ਝੂਠੇ ਵਾਅਦੇ ਕਰਦੀਆਂ ਹਨ। ਬਿਜਲੀ ਨਾਲ ਸਬੰਧਤ ਮਸਲੇ ਵੀ ਹੱਲ ਨਹੀਂ ਕੀਤੇ ਗਏ, ਛੋਟੇ ਕਿਸਾਨ ਟਿਊਬਵੈੱਲ ਕੁਨੈਕਸ਼ਨ ਤੋਂ ਵਾਂਝੇ ਹਨ। 
ਨੌਜਵਾਨਾਂ ਲਈ ਨੌਕਰੀਆਂ ਦਾ ਪ੍ਰਬੰਧ ਨਹੀਂ ਕੀਤਾ, ਨੌਜਵਾਨ ਨਸ਼ੇ ਦੇ ਜਾਲ ਵਿਚ ਫਸ ਕੇ ਤਬਾਹੀ ਵਾਲੇ ਪਾਸੇ ਜਾ ਰਹੇ ਹਨ। ਜਥੇਬੰਦੀ ਦਾ ਕਿਸਾਨੀ ਅਤੇ ਜਵਾਨੀ ਬਚਾਓ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਮੌਕੇ ਸੋਹਣ ਸਿੰਘ ਆਦੀ ਸਭਰਾਂ, ਡਾ. ਰਾਜਿੰਦਰ ਸਿੰਘ ਸਭਰਾਂ, ਅਮਰੀਕ ਸਿੰਘ, ਬਾਜ ਸਿੰਘ, ਬਲੀ ਸਿੰਘ ਤਲਵੰਡੀ, ਸੁਖਦੇਵ ਸਿੰਘ ਸੀਤੋਂ, ਲਖਵਿੰਦਰ ਸਿੰਘ ਭੰਗਾਲਾ, ਅੰਗਰੇਜ ਸਿੰਘ ਜਲੋਕੇ, ਪਰਮਜੀਤ ਸਿੰਘ ਗਦਾਈਕੇ, ਹਰਪਾਲ ਸਿੰਘ ਘਰਿਆਲਾ ਆਦਿ ਹਾਜ਼ਰ ਸਨ।


Related News