ਕਿਸਾਨ ਯੂਨੀਅਨ ਅਤੇ ਕਿਸਾਨ ਮਜ਼ਦੂਰ ਯੂਨੀਅਨ ਨੇ ਕੀਤਾ ਬਿਜਲੀ ਮੁਲਾਜ਼ਮਾਂ ਦਾ ਘਿਰਾਓ

Thursday, Feb 22, 2018 - 10:49 AM (IST)

ਮੂਨਕ (ਸੈਣੀ, ਰਾਂਝਾ)-ਪੀ. ਐੱਸ. ਪੀ. ਸੀ. ਐੱਲ. ਦੀਆਂ ਹਦਾਇਤਾਂ ਅਨੁਸਾਰ ਘਰਾਂ 'ਚੋਂ ਮੀਟਰ ਬਾਹਰ ਕੱਢਣ ਦੀ ਪ੍ਰਕਿਰਿਆ ਨਾਲ ਸਥਾਨਕ ਵਾਰਡ ਨੰ. 9 ਵਿਖੇ ਸਹਾਇਕ ਐੱਸ. ਡੀ. ਓ. ਗੀਤਾ ਰਾਮ ਦੀ ਅਗਵਾਈ ਹੇਠ ਬਿਜਲੀ ਮੁਲਾਜ਼ਮ ਘਰਾਂ 'ਚੋਂ ਮੀਟਰ ਬਾਹਰ ਕੱਢ ਰਹੇ ਸਨ। ਅਜੇ ਕੁੱਝ ਹੀ ਮੀਟਰ ਬਾਹਰ ਕੱਢੇ ਸਨ ਤਾਂ ਕਿਸਾਨ ਯੂਨੀਅਨ ਅਤੇ ਕਿਸਾਨ ਮਜ਼ਦੂਰ ਯੂਨੀਅਨ ਨੇ ਆ ਕੇ ਬਿਜਲੀ ਮਲਾਜ਼ਮਾਂ ਦਾ ਘਿਰਾਓ ਕੀਤਾ ਅਤੇ ਮੀਟਰ ਵਾਪਸ ਅੰਦਰ ਲਾਉਣ ਦੀ ਮੰਗ ਰੱਖੀ । ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾ ਪ੍ਰਧਾਨ ਧਰਮਿੰਦਰ ਸਿੰਘ ਪਸ਼ੋਰ ਨੇ ਕਿਹਾ ਕਿ ਰੈਗੂਲੇਟਰੀ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਮੀਟਰ ਬਾਹਰ ਕੱਢਣ ਦੀ ਨਾ ਤਾਂ ਖਪਤਕਾਰ ਦੀ ਸਹਿਮਤੀ ਲਈ ਹੈ ਅਤੇ ਨਾ ਹੀ ਖਪਤਕਾਰ ਦੇ ਮੀਟਰ ਰੀਡਿੰਗ ਦੇਖਣ ਲਈ ਡਿਸਪਲੇਅ ਲਗਾ ਰਹੇ ਹਨ, ਇਸ ਲਈ ਬਿਜਲੀ ਮੁਲਾਜ਼ਮ ਆਪਣੇ-ਆਪ ਬਿਜਲੀ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਜਿਸ ਕਰਕੇ ਜਥੇਬੰਦੀ ਵੱਲੋਂ ਸ਼ਾਂਤਮਈ ਤਰੀਕੇ ਨਾਲ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਕੀਤਾ ਗਿਆ ਹੈ ।  ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਹਰਭਗਵਾਨ ਮੂਨਕ ਨੇ ਕਿਹਾ ਕਿ ਲੋਕਾਂ ਪ੍ਰਤੀ ਸਰਕਾਰ ਦੀ ਇਹ ਤਾਨਾਸ਼ਾਹੀ ਅਸੀਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ । ਉਨ੍ਹਾਂ ਕਿਹਾ ਕਿ ਘਰਾਂ 'ਚੋਂ ਬਾਹਰ ਕੱਢੇ ਗਏ ਮੀਟਰ ਜੇਕਰ ਵਾਪਸ ਅੰਦਰ ਨਹੀਂ ਲਾਏ ਗਏ ਤਾਂ ਅਸੀਂ ਇਥੇ ਆਏ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਜਾਰੀ ਰੱਖਾਂਗੇ ।
ਇਸ ਸਮੇਂ ਲੀਲਾ ਚੋਟੀਆ, ਅਮਰੀਕ ਸਿੰਘ ਬੱਲਰਾਂ, ਹੁਸ਼ਿਆਰ ਸਿੰਘ, ਮੱਖਣ ਸਿੰਘ ਪਾਪੜਾ, ਗਗਨ ਮੂਨਕ, ਹਰਮੇਸ਼ ਮੂਨਕ, ਬੱਲੀ ਮੂਨਕ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਬੀਬੀਆਂ ਵੀ ਮੌਜੂਦ ਸਨ।
ਜਦੋਂ ਇਸ ਸਬੰਧੀ ਐਕਸੀਅਨ ਲਹਿਰਾ ਵਰਿੰਦਰ ਦੀਪਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੀਟਰ ਬਾਹਰ ਕੱਢਣ ਦੀ ਪ੍ਰਕਿਰਿਆ ਦੌਰਾਨ 7 ਮੀਟਰ ਹੀ ਬਾਹਰ ਕੱਢੇ ਗਏ ਸਨ ਪਰ ਕਿਸਾਨ ਯੂਨੀਅਨ ਦਾ ਘਿਰਾਓ ਹੋਣ ਕਾਰਨ ਸਾਨੂੰ ਇਹ ਮੀਟਰ ਮਜਬੂਰਨ ਅੰਦਰ ਘਰਾਂ 'ਚ ਵਾਪਸ ਲਾਉਣੇ ਪਏ । ਅਸੀਂ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹੀ ਡਿਸਪਲੇਅ ਸਮੇਤ ਬਿਜਲੀ ਮੀਟਰ ਘਰਾਂ 'ਚੋਂ ਬਾਹਰ ਲਾ ਰਹੇ ਸੀ ਪਰ ਕਿਸਾਨਾਂ ਵੱਲੋਂ ਸਾਨੂੰ ਧੱਕੇ ਨਾਲ ਰੋਕਿਆ ਗਿਆ ਅਤੇ ਸਾਡੇ ਕੰਮ 'ਚ ਵਿਘਨ ਪਾਇਆ ਗਿਆ।
ਜਦੋਂ ਇਸ ਸਬੰਧੀ ਐੱਸ. ਐੱਚ. ਓ. ਰਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਬਿਜਲੀ ਮੁਲਾਜ਼ਮਾਂ ਅਤੇ ਕਿਸਾਨਾਂ ਦਾ ਆਪਸੀ ਸਮਝੌਤਾ ਕਰਵਾ ਕੇ ਧਰਨੇ ਨੂੰ ਸਮਾਪਤ ਕਰਵਾਇਆ ਗਿਆ।  


Related News