ਸ਼ਹਿਰਵਾਸੀਆਂ ਨੂੰ ਮਿਲੀ ਰਾਹਤ , ਮਿਲੇਗਾ ਦੁਪਹਿਰ ਵੇਲੇ ਵੀ ਪਾਣੀ
Monday, Jan 06, 2020 - 03:22 PM (IST)

ਚੰਡੀਗੜ੍ਹ (ਰਾਜਿੰਦਰ) : ਸ਼ਹਿਰਵਾਸੀਆਂ ਲਈ ਸੋਮਵਾਰ ਤੋਂ ਦੁਪਹਿਰ ਨੂੰ ਵੀ ਪਾਣੀ ਦੀ ਸਪਲਾਈ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ। ਐਤਵਾਰ ਸੰਸਦ ਮੈਂਬਰ ਕਿਰਨ ਖੇਰ ਨੇ ਸੈਕਟਰ-39 ਵਾਟਰ ਵਰਕਸ 'ਚ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ। ਸ਼ਹਿਰਵਾਸੀ ਇਸ ਸਹੂਲਤ ਦਾ 12 ਤੋਂ 2 ਵਜੇ ਤੱਕ ਲਾਭ ਉਠਾ ਸਕਣਗੇ। ਸਤੰਬਰ 'ਚ ਕਜੌਲੀ ਵਾਟਰ ਵਰਕਸ ਦੇ ਪੰਜਵੇਂ ਅਤੇ ਛੇਵੇਂ ਪੜਾਅ ਤੋਂ 29 ਐੱਮ. ਜੀ. ਡੀ. ਵਾਧੂ ਪਾਣੀ ਸਪਲਾਈ ਦੀ ਸੇਵਾ ਦਾ ਉਦਘਾਟਨ ਕੀਤਾ ਗਿਆ ਸੀ। ਸਮਾਰੋਹ 'ਚ ਮੇਅਰ ਰਾਜੇਸ਼ ਕੁਮਾਰ ਕਾਲੀਆ ਸਮੇਤ ਏਰੀਆ ਕੌਂਸਲਰ ਗੁਰਬਖਸ਼ ਰਾਵਤ ਅਤੇ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ।
ਮੇਅਰ ਨੇ ਕਿਹਾ ਕਿ ਜੋ ਅਸੀਂ ਸ਼ਹਿਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰ ਲਿਆ। ਪਿਛਲੇ ਹੀ ਦਿਨੀਂ ਨਿਗਮ ਸਦਨ 'ਚ ਵਾਟਰ ਟੈਰਿਫ ਵੀ ਵਧਾਇਆ ਗਿਆ ਹੈ। ਸਹੂਲਤ ਸ਼ੁਰੂ ਹੋਣ ਨਾਲ ਸ਼ਹਿਰਵਾਸੀਆਂ ਨੂੰ ਆਉਣ ਵਾਲੇ ਦਿਨਾਂ 'ਚ ਵਧੇ ਹੋਏ ਵਾਟਰ ਟੈਰਿਫ ਦੀਆਂ ਦਰਾਂ ਨਾਲ ਪਾਣੀ ਦੇ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਨਿਗਮ ਨੇ 2012 'ਚ ਗਰਮੀਆਂ 'ਚ ਪਾਣੀ ਦੀ ਵਧਦੀ ਹੋਈ ਮੰਗ ਨੂੰ ਵੇਖਦੇ ਹੋਏ ਦੁਪਹਿਰ ਦੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਸੀ। ਨਿਗਮ ਵੱਲੋਂ ਇਹ ਕਿਹਾ ਗਿਆ ਸੀ ਕਿ ਸਵੇਰੇ ਅਤੇ ਸ਼ਾਮ ਲੋਕਾਂ ਨੂੰ ਇਕ ਘੰਟਾ ਵਾਧੂ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਪਰ ਦੁਪਹਿਰ 12 ਤੋਂ 2 ਵਜੇ ਵਿਚਕਾਰ ਦਿੱਤੀ ਜਾਣ ਵਾਲੀ ਪਾਣੀ ਦੀ ਸਪਲਾਈ ਬੰਦ ਕੀਤੀ ਜਾਂਦੀ ਹੈ। ਉਥੇ ਹੀ ਜ਼ਿਆਦਾਤਰ ਲੋਕ ਆਪਣੇ ਛੋਟੇ-ਵੱਡੇ ਘਰੇਲੂ ਕੰਮਾਂ ਲਈ ਦੁਪਹਿਰ ਦੀ ਸਪਲਾਈ 'ਤੇ ਹੀ ਨਿਰਭਰ ਕਰਦੇ ਹਨ ਪਰ ਇਹ ਸਪਲਾਈ ਬੰਦ ਹੋਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਨੂੰ ਆਪਣੇ ਘਰੇਲੂ ਕੰਮਾਂ ਲਈ ਸਵੇਰੇ-ਸ਼ਾਮ ਦੀ ਸਪਲਾਈ 'ਤੇ ਹੀ ਪੂਰੀ ਤਰ੍ਹਾਂ ਨਿਰਭਰ ਹੋਣਾ ਪੈ ਰਿਹਾ ਸੀ।
ਦੁਪਹਿਰ ਦੀ ਸਪਲਾਈ ਸ਼ੁਰੂ ਕਰਨ ਦੀ ਕਈ ਵਾਰ ਉੱਠੀ ਸੀ ਮੰਗ
ਇਸ ਤੋਂ ਪਹਿਲਾਂ ਨਗਰ ਨਿਗਮ ਸਦਨ ਦੀ ਬੈਠਕ 'ਚ ਵੀ ਦੁਪਹਿਰ ਦੀ ਸਪਲਾਈ ਸ਼ੁਰੂ ਕਰਨ ਦੀ ਕਈ ਵਾਰ ਮੰਗ ਉੱਠੀ ਸੀ। ਕੌਂਸਲਰਾਂ ਨੇ ਕਈ ਵਾਰ ਇਹ ਮੁੱਦਾ ਚੁੱਕਿਆ ਕਿ ਦੁਪਹਿਰ ਨੂੰ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਘਰ ਦੇ ਕੁਝ ਅਜਿਹੇ ਕੰਮ ਹੁੰਦੇ ਹਨ, ਜੋ ਕਿ ਦੁਪਹਿਰ ਨੂੰ ਹੀ ਔਰਤਾਂ ਕਰ ਪਾਉਂਦੀਆਂ ਹਨ ਪਰ ਇਨ੍ਹਾਂ ਕੰਮਾਂ ਲਈ ਵੀ ਉਨ੍ਹਾਂ ਨੂੰ ਸਵੇਰੇ-ਸ਼ਾਮ ਦੀ ਸਪਲਾਈ 'ਤੇ ਨਿਰਭਰ ਕਰਨਾ ਪੈਂਦਾ ਹੈ। ਇਸ ਸਭ ਤੋਂ ਬਾਅਦ ਹੀ ਨਿਗਮ ਨੇ ਇਹ ਫੈਸਲਾ ਲਿਆ ਹੈ।