ਜਸਟਿਸ ਢੀਂਗਰਾ ਦੀ ਰਿਪੋਰਟ ਪ੍ਰਵਾਨ ਹੋਣ ਨਾਲ ਪੀੜਤ ਪਰਿਵਾਰਾਂ ਨੂੰ ਇਨਸਾਫ ਦੀ ਆਸ ਬੱਝੀ : ਬਡੂੰਗਰ

01/16/2020 5:54:29 PM

ਨਾਭਾ (ਜਗਨਾਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਸਟਿਸ ਢੀਂਗਰਾ ਦੀ ਰਿਪੋਰਟ ਪ੍ਰਵਾਨ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ। ਬਡੂੰਗਰ ਨੇ ਕਿਹਾ ਕਿ ਸਿੱਖ ਕਤਲੇਆਮ ਲਈ ਸਿੱਧੇ ਤੌਰ 'ਤੇ ਕਾਂਗਰਸ ਜ਼ਿੰਮੇਵਾਰ ਹੈ। ਸਾਬਕਾ ਪ੍ਰਧਾਨ ਨੇ ਕਿਹਾ ਕਿ 1984 ਦੌਰਾਨ ਸਿੱਖਾਂ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲੇਆਮ ਕਾਂਗਰਸ ਦੀ ਸੋਚੀ ਸਮਝੀ ਸਾਜ਼ਿਸ਼ ਸੀ, ਜਿਸ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਸ਼ਮੂਲੀਅਤ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀਆਂ ਦੀ ਬਦਨੀਤੀ ਕਾਰਨ ਪੀੜਤ ਪਰਿਵਾਰਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲ ਸਕਿਆ। 

ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਜਦੋਂ ਜਸਟਿਸ ਢੀਂਗਰਾ ਦੀ ਅਗਵਾਈ ਵਿਚ ਗਠਿਤ ਕਮੇਟੀ ਦੀ ਸਿਫਾਰਸ਼ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਤਾਂ ਬਿਨਾਂ ਕਿਸੇ ਦੇਰੀ ਸਿੱਖ ਕਤਲੇਆਮ ਵਿਚ ਸ਼ਾਮਲ ਕਾਂਗਰਸੀ ਨੇਤਾਵਾਂ ਅਤੇ ਪੁਲਸ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਹੋਵੇਗੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਕਤਲੇਆਮ ਮਾਮਲੇ ਵਿਚ ਸ਼ਾਮਲ ਕਾਂਗਰਸੀ ਆਗੂਆਂ ਅਤੇ ਪੁਲਸ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਨਾਲ ਜਿਥੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਣ ਵਿਚ ਦੇਰੀ ਹੋਈ ਹੈ, ਉਥੇ ਹੀ ਸਿੱਟ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਹੋਣ ਨਾਲ ਪਰਿਵਾਰ ਨੂੰ ਜਲਦ ਇਨਸਾਫ ਮਿਲਣ ਦੀ ਆਸ ਵੀ ਬੱਝ ਗਈ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਵਿਚ ਪੁਲਸ ਅਧਿਕਾਰੀਆਂ ਦੀ ਭੂਮਿਕਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ।


Gurminder Singh

Content Editor

Related News