ਸ੍ਰੀ ਕੀਰਤਪੁਰ ਸਾਹਿਬ ਚਾਰਮਾਰਗੀ ਸੜਕ ਦਾ ਕੰਮ 2018 ''ਚ ਹੋਵੇਗਾ ਮੁਕੰਮਲ

Sunday, Jun 11, 2017 - 05:53 PM (IST)

ਸ੍ਰੀ ਕੀਰਤਪੁਰ ਸਾਹਿਬ ਚਾਰਮਾਰਗੀ ਸੜਕ ਦਾ ਕੰਮ 2018 ''ਚ ਹੋਵੇਗਾ ਮੁਕੰਮਲ


ਸ੍ਰੀ ਕੀਰਤਪੁਰ ਸਾਹਿਬ(ਬਾਲੀ)- ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿਚ ਜੋੜਨ ਵਾਲੀ ਸ੍ਰੀ ਕੀਰਤਪੁਰ ਸਾਹਿਬ ਤੋਂ ਨੇਹਰ ਚੌਕ ਤੱਕ ਚਾਰਮਾਰਗੀ ਸੜਕ ਦਾ ਕੰਮ ਸਾਲ 2018 'ਚ ਮੁਕੰਮਲ ਹੋਵੇਗਾ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਅਧੀਨ ਕੌਮੀ ਮਾਰਗ ਅਥਾਰਟੀ ਨੇ 2013 ਵਿਚ ਸ੍ਰੀ ਕੀਰਤਪੁਰ ਸਾਹਿਬ ਤੋਂ ਨੇਹਰ ਚੌਕ ਤੱਕ 1900 ਕਰੋੜ ਰੁਪਏ ਦੀ ਲਾਗਤ ਨਾਲ 84 ਕਿਲੋਮੀਟਰ ਲੰਬੇ ਚਾਰਮਾਰਗੀ ਸੜਕ ਦੇ ਨਿਰਮਾਣ ਦਾ ਕੰਮ ਮੁੰਬਈ ਦੀ ਆਈ.ਟੀ.ਐੱਨ.ਐੱਲ. ਕੰਪਨੀ ਨੂੰ ਸੌਂਪਿਆ ਸੀ ਅਤੇ ਇਸ ਕੰਮ ਨੂੰ ਸਾਲ 2016 ਵਿਚ ਪੂਰਾ ਕਰਨ ਲਈ ਕਿਹਾ ਸੀ। ਉਕਤ ਕੰਪਨੀ ਨੇ ਇਹ ਕੰਮ ਅੱਗੇ ਤਿੰਨ ਹੋਰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ, ਜਿਸ ਵਿਚ ਲਖਨਊ ਦੀ ਵੀ.ਆਈ.ਐੱਲ. ਕੰਪਨੀ ਨੂੰ 22 ਕਿਲੋਮੀਟਰ ਸੜਕ ਦਾ ਨਿਰਮਾਣ, ਮੁੰਬਈ ਦੀ ਆਈ.ਈ.ਸੀ.ਸੀ.ਐੱਲ. ਨੂੰ 34 ਕਿਲੋਮੀਟਰ ਤੇ ਗੁਜਰਾਤ ਦੀ ਜੀ.ਐੱਚ.ਵੀ. ਨੂੰ 28 ਕਿਲੋਮੀਟਰ ਸੜਕ ਦਾ ਨਿਰਮਾਣ ਕਰਨ ਲਈ ਕੰਮ ਦੇ ਦਿੱਤਾ। ਇਸ ਮਾਰਗ ਦੇ ਚਾਲੂ ਹੋਣ ਤੋਂ ਬਾਅਦ 34 ਕਿਲੋਮੀਟਰ ਦਾ ਸਫ਼ਰ ਘੱਟ ਜਾਵੇਗਾ।
ਇਸ ਸਮੇਂ ਪੰਜਾਬ ਦੀ ਹੱਦ 'ਚ ਸ੍ਰੀ ਕੀਰਤਪੁਰ ਸਾਹਿਬ ਤੋਂ ਹਿਮਾਚਲ ਪ੍ਰਦੇਸ਼ ਦੀ ਹੱਦ ਗਰਾ ਮੌੜਾ ਤੱਕ ਦੇ ਸਾਢੇ ਅੱਠ ਕਿਲੋਮੀਟਰ ਅਤੇ ਹਿਮਾਚਲ ਪ੍ਰਦੇਸ਼ 'ਚ 75.5 ਕਿਲੋਮੀਟਰ ਮਾਰਗ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ, ਜਿਸ ਵਿਚ ਕੈਂਚੀ ਮੋੜ ਤੋਂ ਬਿਲਾਸਪੁਰ ਨੂੰ ਆਪਸ ਵਿਚ ਮਿਲਾਉਣ ਵਾਲੀ ਸੁਰੰਗ ਤੇ ਗੋਬਿੰਦ ਸਾਗਰ ਝੀਲ 'ਤੇ ਪੁਲ ਦਾ ਨਿਰਮਾਣ ਕਾਰਜ ਵੀ ਸ਼ਾਮਲ ਹੈ। ਇਸ ਵਿਚ ਕੈਂਚੀ ਮੋੜ ਤੋਂ ਪਹਾੜਾਂ ਨੂੰ ਕੱਟ ਕੇ ਬਣਾਈ ਜਾ ਰਹੀ 1.8 ਕਿਲੋਮੀਟਰ ਲੰਬੀ ਚਾਰ ਮਾਰਗੀ ਸੁਰੰਗ 'ਚੋਂ 1.2 ਕਿਲੋਮੀਟਰ ਸੁਰੰਗ ਤਿਆਰ ਕਰ ਲਈ ਗਈ ਹੈ, ਜਦੋਂਕਿ 60\0 ਮੀਟਰ ਸੁਰੰਗ ਦਾ ਕੰਮ ਚੱਲ ਰਿਹਾ ਹੈ।  ਉਕਤ ਸੁਰੰਗ ਕੈਂਚੀ ਮੋੜ ਤੋਂ ਜ਼ਿਲਾ ਬਿਲਾਸਪੁਰ ਦੇ ਪਿੰਡ ਮੈਹਲਾ ਨੂੰ ਜੋੜੇਗੀ। ਇਸੇ ਤਰ੍ਹਾਂ ਗੋਬਿੰਦ ਸਾਗਰ ਝੀਲ ਤੇ ਪਿੰਡ ਬਰਾੜੀ ਨੇੜੇ 625 ਮੀਟਰ ਲੰਬਾ ਚਾਰਮਾਰਗੀ ਪੁਲ ਬਣਾਇਆ ਜਾ ਰਿਹਾ ਹੈ।
ਇਸ ਪੁਲ ਦੇ 11 ਪਿੱਲਰ ਗੋਬਿੰਦ ਸਾਗਰ ਝੀਲ ਵਿਚ ਬਣਾਏ ਜਾ ਰਹੇ ਹਨ, ਜੋ 40 ਮੀਟਰ ਉੱਚੇ ਤੇ 45 ਮੀਟਰ ਥੱਲੇ ਝੀਲ ਵਿਚ ਲਾਹੇ ਜਾ ਰਹੇ ਹਨ, ਜਿਨ੍ਹਾਂ 'ਚੋਂ 9 ਪਿੱਲਰ ਤਿਆਰ ਹੋ ਚੁੱਕੇ ਹਨ, ਜਦੋਂਕਿ 2 ਪਿੱਲਰਾਂ ਦਾ ਨਿਰਮਾਣ ਅਜੇ ਬਾਕੀ ਹੈ। ਸ੍ਰੀ ਕੀਰਤਪੁਰ ਸਾਹਿਬ ਤੋਂ ਨੇਹਰ ਚੋਕ ਤੱਕ 15 ਮੇਜਰ, 30 ਮਾਈਨਰ ਪੁਲਾਂ ਦਾ ਨਿਰਮਾਣ ਕੀਤਾ ਗਿਆ ਹੈ।


Related News