ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਕਤਲ
Monday, Jun 24, 2019 - 01:58 PM (IST)

ਖੇਮਕਰਨ (ਸੋਨੀਆ) : ਪੁਲਸ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਜੋਧ ਸਿੰਘ ਵਾਲਾ ਦੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਜੋਧ ਸਿੰਘ ਵਾਲਾ ਨਸ਼ੇ ਦਾ ਆਦੀ ਸੀ। ਪਿਛਲੇ ਦੋ ਦਿਨਾਂ ਤੋਂ ਆਪਣੇ ਨਾਨਕੇ ਪਿੰਡ ਵਲਟੋਹਾ ਵਿਖੇ ਮਾਮਾ ਕਾਕਾ ਸਿੰਘ ਦੇ ਘਰ ਰਹਿਣ ਲਈ ਆਇਆ ਸੀ। ਗੁਰਪ੍ਰੀਤ ਨਸ਼ੇ ਦਾ ਆਦੀ ਸੀ। ਘਰਦਿਆਂ ਦੀ ਰੋਕ-ਟੋਕ 'ਤੇ ਆਪਣੇ ਨਾਨਕੇ ਰਹਿਣ ਲਈ ਆ ਗਿਆ। ਬੀਤੀ ਰਾਤ ਘਰੋਂ ਲਾਪਤਾ ਹੋਣ 'ਤੇ ਉਸ ਦੀ ਭਾਲ ਕੀਤੀ ਗਈ ਪਰ ਸਵੇਰੇ ਪਿੰਡ ਵਲਟੋਹਾ ਸ਼ਮਸ਼ਾਨਘਾਟ ਕੋਲ ਇਸ ਦੀ ਲਾਸ਼ ਮਿਲੀ।
ਮੌਕੇ 'ਤੇ ਪੁਲਸ ਪਾਰਟੀ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਘਰਦਿਆਂ ਨੂੰ ਇਤਲਾਹ ਕਰ ਦਿੱਤੀ ਗਈ। ਮ੍ਰਿਤਕ ਦੀ ਮਾਂ ਬੀਰੋ ਪਤਨੀ ਪਿਆਰਾ ਸਿੰਘ ਵਿਰਲਾਪ ਕਰਦੀ ਹੋਈ ਆਈ ਤੇ ਕਹਿਣ ਲੱਗੀ ਕਿ ਮੇਰੇ ਪੁੱਤ ਦਾ ਕਤਲ ਕੀਤਾ ਗਿਆ ਹੈ। ਬੇਸ਼ੱਕ ਮੇਰਾ ਪੁੱਤ ਨਸ਼ੇ ਦਾ ਆਦੀ ਸੀ ਪਰ ਉਹ ਇਹ ਮੌਤ ਕੋਈ ਕੁਦਰਤੀ ਘਟਨਾ ਨਹੀਂ, ਬਲਕਿ ਇਕ ਕਤਲ ਹੈ। ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਅਧਾਰ 'ਤੇ ਪੁਲਸ ਪਾਰਟੀ ਨੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਲੜਕੇ ਦਾ ਕਤਲ ਉਸ ਦੇ ਮਾਸੜ ਪੂਰਨ ਸਿੰਘ ਪੁੱਤਰ ਹਜ਼ਾਰਾ ਸਿੰਘ ਨੇ ਗੁਰਪ੍ਰੀਤ ਦੇ ਨਾਜਾਇਜ਼ ਸਬੰਧਾਂ ਦੇ ਕਾਰਣ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਨੇ ਕਿਹਾ ਕਿ ਜਾਂਚ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਗੁਰਪ੍ਰੀਤ ਦੇ ਆਪਣੀ ਮਾਮੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਣ ਉਹ ਕੱਲ ਰਾਤ ਆਪਣੀ ਮਾਮੀ ਬਲਜੀਤ ਕੌਰ ਨੂੰ ਮਿਲਣ ਲਈ ਗਿਆ। ਉਥੇ ਮੌਜੂਦ ਪੂਰਨ ਸਿੰਘ ਪੁੱਤਰ ਹਜ਼ਾਰਾ ਸਿੰਘ ਨੇ ਬਲਜੀਤ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਸ਼ਮਸ਼ਾਨਘਾਟ ਦੇ ਕੋਲ ਸੁੱਟ ਦਿੱਤਾ। ਪੁਲਸ ਥਾਣਾ ਵਲਟੋਹਾ ਵੱਲੋਂ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।