ਖੇਡ ਰਤਨ ਪੰਜਾਬ ਦੇ : ਪੰਜਾਬ ਦੀ ਮੈਰੀ ਕੌਮ ‘ਸਿਮਰਨਜੀਤ ਕੌਰ’

Friday, May 29, 2020 - 01:14 PM (IST)

ਖੇਡ ਰਤਨ ਪੰਜਾਬ ਦੇ : ਪੰਜਾਬ ਦੀ ਮੈਰੀ ਕੌਮ ‘ਸਿਮਰਨਜੀਤ ਕੌਰ’

ਆਰਟੀਕਲ-8

ਨਵਦੀਪ ਸਿੰਘ ਗਿੱਲ

ਪੰਜਾਬ ਵਿੱਚ ਕੁੜੀਆਂ ਦੀ ਮੁੱਕੇਬਾਜ਼ੀ ਨੂੰ ਮਕਬੂਲ ਕਰਨ ਦਾ ਸਿਹਰਾ ਸਿਮਰ ਸਿਰ ਜਾਂਦਾ ਹੈ। ਸਿਮਰ ਨੇ ਛੋਟੀ ਉਮਰੇ ਮੁੱਕੇਬਾਜ਼ੀ ਵਿੱਚ ਸਿਖਰਲਾ ਸਥਾਨ ਮੱਲਿਆ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਅਤੇ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਸਿਮਰ ਪਹਿਲੀ ਪੰਜਾਬਣ ਮੁੱਕੇਬਾਜ਼ ਹੈ। ਖੇਡ ਹਲਕਿਆਂ ਵਿੱਚ ਉਹ ਸਿਮਰ ਚਕਰ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਪੂਰਾ ਨਾਮ ਉਸ ਦਾ ਸਿਮਰਨਜੀਤ ਕੌਰ ਬਾਠ ਹੈ। ਮੋਗਾ ਤੇ ਬਰਨਾਲਾ ਜ਼ਿਲ੍ਹਿਆਂ ਦੀ ਹੱਦ ਨਾਲ ਲੱਗਦੇ ਲੁਧਿਆਣਾ ਜ਼ਿਲੇ ਦੇ ਪਿੰਡ ਚਕਰ ਦੀ ਸਿਮਰ ਨੂੰ ਪੰਜਾਬ ਦੀ ਮੈਰੀ ਕੌਮ ਵੀ ਆਖਿਆ ਜਾਣ ਲੱਗਾ ਹੈ। ਜਿਵੇਂ ਮੈਰੀ ਕੌਮ ਨੇ ਭਾਰਤ ਵਿੱਚ ਮਹਿਲਾ ਮੁੱਕੇਬਾਜ਼ੀ ਦਾ ਝੰਡਾ ਗੱਡਿਆ, ਉਵੇਂ ਹੀ ਸਿਮਰ ਚਕਰ ਪੰਜਾਬ ਵਿੱਚ ਇਸ ਖੇਡ ਦੀ ਝੰਡਾਬਰਦਾਰ ਬਣੀ। ਟੋਕੀਓ ਓਲੰਪਿਕਸ ਲਈ ਕੁਆਲੀਫਾਈ ਗੇੜ ਵਿੱਚ ਤਾਂ ਮੈਰੀ ਕੌਮ ਤੋਂ ਵੀ ਇਕ ਕਦਮ ਅਗਾਂਹ ਪੁੱਟ ਲਿਆ। ਏਸ਼ੀਆ ਓਸੀਨੀਆ ਕੁਆਲੀਫਾਇਰ ਮੁਕਾਬਲਿਆਂ ਵਿੱਚ ਸਿਮਰ ਨੇ ਚਾਂਦੀ ਦਾ ਤਮਗਾ ਜਿੱਤ ਲਿਆ। ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਅਤੇ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਉਹ ਪਹਿਲੀ ਪੰਜਾਬਣ ਮੁੱਕੇਬਾਜ਼ ਹੈ। ਸਿਮਰ ਨੇ ਸਿੱਧ ਕਰ ਦਿੱਤਾ ਕਿ ਪੰਜਾਬ ਵਿੱਚ ਜਿਵੇਂ ਫੁਟਬਾਲ ਦੀ ਨਰਸਰੀ ਮਾਹਿਲਪੁਰ, ਹਾਕੀ ਵਿੱਚ ਸੰਸਾਰਪੁਰ, ਅਥਲੈਟਿਕਸ ਤੇ ਹਾਕੀ ਵਿੱਚ ਮਾਝਾ, ਸ਼ੂਟਿੰਗ ਵਿੱਚ ਫਿਰੋਜ਼ਪੁਰ, ਬਾਸਕਟਬਾਲ ਵਿੱਚ ਕਪੂਰਥਲਾ, ਕੁਸ਼ਤੀ ਵਿੱਚ ਸੁਰ ਸਿੰਘ, ਨੈਟਬਾਲ ਵਿੱਚ ਬਰਨਾਲਾ ਨੂੰ ਜੋ ਸਥਾਨ ਹਾਸਲ ਹੈ, ਕੁੜੀਆਂ ਦੀ ਮੁੱਕੇਬਾਜ਼ੀ ਵਿੱਚ ਇਹੋ ਰੁਤਬਾ ਚਕਰ ਨੂੰ ਹਾਸਲ ਹੈ।

ਸਿਮਰ ਦੀ ਓਲੰਪਿਕ ਕੁਆਲੀਫਾਈ ਹੋਣ ਦੀ ਗੂੰਜ ਚਕਰ ਤੋਂ ਚੰਡੀਗੜ੍ਹ ਅਤੇ ਪਿੰਡ ਦੀਆਂ ਸੱਥਾਂ ਤੋਂ ਪੰਜਾਬ ਭਵਨ ਵਿਖੇ ਕੈਬਨਿਟ ਮੀਟਿੰਗ ਤੱਕ ਸੁਣੀ। ਉਸ ਦੇ ਕੁਆਲੀਫਾਈ ਹੋਣ ਦਾ ਜਸ਼ਨ ਪੰਜਾਬ ਦੇ ਖੇਡ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਨੇ ਮਨਾਏ। ਸਿਮਰ ਨੇ ਹਾਕੀ ਦੇ ਮਹਾਨ ਸਿਤਾਰੇ ਬਲਬੀਰ ਸਿੰਘ ਸੀਨੀਅਰ ਤੋਂ ਵੀ ਆਸ਼ੀਰਵਾਦ ਲਿਆ। ਸਿਮਰ ਦੱਸਦੀ ਹੈ ਕਿ ਬਲਬੀਰ ਸਰ ਨੇ ਉਸ ਨੂੰ ਗਲਵਕੜੀ ਵਿੱਚ ਲੈ ਕੇ ਮੁਬਾਰਕਬਾਦ ਦਿੱਤੀ। ਉਨ੍ਹਾਂ ਸਿਮਰ ਕੋਲੋਂ ਓਲੰਪਿਕ ਖੇਡਾਂ ਵਿੱਚ ਮੈਡਲ ਪੱਕਾ ਜਿੱਤਣ ਦਾ ਵਾਅਦਾ ਲਿਆ ਅਤੇ ਕਿਹਾ ਕਿ ਉਹ ਟੀ.ਵੀ. ਉਪਰ ਉਸ ਦੀ ਫਾਈਟ ਜ਼ਰੂਰ ਦੇਖਣਗੇ। ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਬਲਬੀਰ ਸਿੰਘ ਸੀਨੀਅਰ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸਿਮਰ ਨੂੰ ਵੀ ਉਨ੍ਹਾਂ ਦੇ ਤੁਰ ਜਾਣ ਦਾ ਸਦਮਾ ਲੱਗਾ। ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਸਾਲ ਟੋਕੀਓ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵੀ ਇਕ ਸਾਲ ਲਈ ਅੱਗੇ ਪਾ ਦਿੱਤੀਆਂ।

ਆਪਣੀ ਮਾਂ ਦੇ ਨਾਲ ‘ਸਿਮਰਨਜੀਤ ਕੌਰ

PunjabKesari

ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਬਣਨ ਵਾਸਤੇ ਉਹਨੂੰ ਇਕ ਸਾਲ ਹੋਰ ਉਡੀਕ ਕਰਨੀ ਪਵੇਗੀ। ਸਿਮਰ ਨੂੰ ਵੀ ਓਲੰਪਿਕਸ ਦੀ ਤਿਆਰੀ ਲਈ ਇਕ ਸਾਲ ਦਾ ਹੋਰ ਮੌਕਾ ਮਿਲ ਗਿਆ ਹੈ। ਚਕਰ ਆਪਣੇ ਘਰ ਵਿਖੇ ਉਹ ਰੋਜ਼ ਪਸੀਨ ਵਹਾ ਰਹੀ ਹੈ। ਸਿਮਰ ਪੰਜਾਬ ਦੀਆਂ ਖੇਡਾਂ ਅਤੇ ਲੜਕੀਆਂ ਦਾ ਮਾਣ ਹੈ। ਪੰਜਾਬ ਦੀਆਂ ਕੁੜੀਆਂ ਵੀ ਹੁਣ ਖੇਡਾਂ ਵਿੱਚ ਮੁੰਡਿਆਂ ਨਾਲੋਂ ਅੱਗੇ ਹੋ ਕੇ ਮੱਲਾਂ ਮਾਰ ਰਹੀਆਂ ਹਰ ਪਰ ਸ਼ੁਰੂਆਤ ਵਿੱਚ ਕਿਸੇ ਨਾ ਕਿਸੇ ਕੁੜੀ ਨੂੰ ਪਹਿਲ ਕਰਨੀ ਪਈ। ਜਿਵੇਂ ਅਜਿੰਦਰ ਕੌਰ ਨੂੰ ਦੇਖ ਕੇ ਕੁੜੀਆਂ ਨੇ ਹਾਕੀ ਫੜ ਲਈ, ਕਮਲਜੀਤ ਸੰਧੂ ਨੂੰ ਦੇਖ ਕੇ ਹੋਰ ਕੁੜੀਆਂ ਦੌੜਨ ਲੱਗੀਆਂ, ਅਵਨੀਤ ਕੌਰ ਸਿੱਧੂ ਨੂੰ ਦੇਖ ਕੇ ਕੁੜੀਆਂ ਨਿਸ਼ਾਨੇਬਾਜ਼ੀ ਕਰਨ ਲੱਗ ਗਈਆਂ ਉਵੇਂ ਹੀ ਹੁਣ ਸਿਮਰ ਨੂੰ ਦੇਖ ਕੇ ਪੰਜਾਬਣਾਂ ਵੀ ਮੁੱਕੇਬਾਜ਼ੀ ਦੇ ਰਿੰਗ ਵਿੱਚ ਕੁੱਦ ਪਈਆਂ।

ਸਿਮਰਨਜੀਤ ਨੇ ਛੋਟੀ ਹੁੰਦਿਆਂ ਹੀ ਪਿੰਡ ਚਕਰ ਦੇ ਮੁੱਕੇਬਾਜ਼ੀ ਰਿੰਗ ਵਿੱਚ ਪਸੀਨਾ ਵਹਾਉਣਾ ਸ਼ੁਰੂ ਕਰ ਦਿੱਤਾ ਸੀ। ਜੂਨੀਅਰ ਪੱਧਰ 'ਤੇ ਸਟੇਟ ਤੇ ਕੌਮੀ ਚੈਂਪੀਅਨ ਬਣਨ ਤੋਂ ਬਾਅਦ ਸਿਮਰ ਛੇਤੀ ਸੀਨੀਅਰ ਪੱਧਰ 'ਤੇ ਕੌਮਾਂਤਰੀ ਮੁਕਾਬਲਿਆਂ ਵਿੱਚ 64 ਕਿਲੋ ਗ੍ਰਾਮ ਲਾਈਟ ਵੈਲਟਰ ਵਰਗ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਲੱਗੀ। 2013 ਵਿੱਚ ਉਹ 'ਦੂਜੀ ਗੋਲਡਨ ਗਲੱਵਜ਼ ਇੰਟਰਨੈਸਨਲ ਯੂਥ ਬਾਕਸਿੰਗ ਚੈਂਪੀਅਨਸਿਪ' ਖੇਡਣ ਸਰਬੀਆ ਗਈ। ਸਤੰਬਰ 2013 ਵਿਚ ਉਸ ਨੇ ਬੁਲਗਾਰੀਆ ਵਿਖੇ ਹੋਈ 'ਯੂਥ ਵਿਸ਼ਵ ਬਾਕਸਿੰਗ ਚੈਂਪੀਅਨਸਿਪ' ਵਿੱਚ ਕਾਂਸੀ ਦਾ ਤਮਗਾ ਜਿੱਤਿਆ। 2017 ਵਿੱਚ ਆਇਰਲੈਂਡ ਵਿਖੇ ਚਾਂਦੀ ਦਾ ਤਗਮਾ, ਕਜਾਤਸਿਤਾਨ ਵਿਖੇ ਕਾਂਸੀ ਦਾ ਤਮਗਾ ਅਤੇ 2018 ਵਿਚ ਤੁਰਕੀ ਵਿਖੇ ਸੋਨੇ ਦਾ ਤਮਗਾ ਜਿੱਤਿਆ। ਸਭ ਤੋਂ ਵੱਡੀ ਪ੍ਰਾਪਤੀ ਉਸ ਨੇ 2018 ਵਿੱਚ ਕੀਤੀ ਜਦੋਂ ਨਵੀਂ ਦਿੱਲੀ ਵਿਖੇ ਹੋਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। ਸੀਨੀਅਰ ਵਰਗ ਵਿੱਚ ਵਿਸ਼ਵ ਪੱਧਰ 'ਤੇ ਇਹ ਕਿਸੇ ਪੰਜਾਬਣ ਮੁੱਕੇਬਾਜ਼ ਦਾ ਪਹਿਲਾ ਤਮਗਾ ਸੀ। ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀ ਉਹ ਇਕਲੌਤੀ ਪੰਜਾਬਣ ਮੁੱਕੇਬਾਜ਼ ਸੀ। ਇਸ ਤੋਂ ਪਹਿਲਾਂ ਸਿਮਰ ਦੀ ਗਰਾਈਂ ਮਨਦੀਪ ਕੌਰ ਸੰਧੂ ਨੇ ਜੂਨੀਅਰ ਵਿਸ਼ਵ ਚੈਂਪੀਅਨ ਬਣ ਕੇ ਪਿੰਡ ਚਕਰ ਨੂੰ ਮਾਣ ਦਿਵਾਇਆ ਸੀ। ਸਿਮਰ ਜਦੋਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤ ਕੇ ਪੰਜਾਬ ਪੁੱਜੀ ਤਾਂ ਸਭ ਤੋਂ ਪਹਿਲਾ ਲੁਧਿਆਣਾ ਵਿਖੇ ਉਸ ਦਾ ਭਰਵਾਂ ਸਵਾਗਤ ਹੋਇਆ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ.ਗੁਰਭਜਨ ਗਿੱਲ ਦੀ ਅਗਵਾਈ ਵਿਚ ਉਸ ਦਾ ਸਨਮਾਨ ਹੋਇਆ, ਫੇਰ ਜਗਰਾਉਂ ਤੋਂ ਉਹ ਕਾਫਲੇ ਦੇ ਰੂਪ ਵਿੱਚ ਧੂਮ ਧੜੱਕਿਆਂ ਨਾਲ ਚਕਰ ਪੁੱਜੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ‘ਸਿਮਰਨਜੀਤ ਕੌਰ

PunjabKesari

ਸਾਲ 2019 ਵਿੱਚ ਬੈਕਾਂਕ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸਿਮਰ ਨੇ ਚਾਂਦੀ ਦਾ ਤਮਗਾ ਜਿੱਤਿਆ। ਤਮਗੇ ਦੇ ਬਦਲਦੇ ਰੰਗਾਂ ਦੇ ਸਿਮਰ ਨੇ ਇਕ ਹੋਰ ਪੁਲਾਂਘ ਪੁੱਟਦਿਆਂ 2019 ਵਿੱਚ ਜੁਲਾਈ ਮਹੀਨੇ ਇੰਡੋਨੇਸ਼ੀਆ ਵਿਖੇ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਇੰਟਰਨੈਸ਼ਨਲ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਸੋਨੇ ਦਾ ਤਮਗਾ ਜਿੱਤਿਆ। ਸਿਮਰ ਲਈ ਓਲੰਪਿਕ ਵਿੱਚ ਦਾਖਲੇ ਲਈ ਇਕ ਵੱਡਾ ਅੜਿੱਕਾ ਭਾਰ ਵਰਗ ਦਾ ਸੀ। ਓਲੰਪਿਕ ਵਿੱਚ ਮਹਿਲਾ ਵਰਗ ਦੇ ਘੱਟ ਭਾਰ ਵਰਗ ਹੋਣ ਕਰ ਕੇ ਸਿਮਰ ਨੂੰ ਆਪਣਾ ਵਰਗ 64 ਕਿਲੋ ਗ੍ਰਾਮ (ਲਾਈਟ ਵੈਲਟਰ) ਬਦਲ ਕੇ 60 ਕਿਲੋ ਗ੍ਰਾਮ (ਲਾਈਟਵੇਟ) ਵਿੱਚ ਆਉਣਾ ਪਿਆ। ਭਾਰ ਘਟਾਉਣ ਦੇ ਬਾਵਜੂਦ ਉਸ ਦੇ ਘਸੁੰਨਾਂ ਦਾ ਦਮ ਨਹੀਂ ਘਟਿਆ। ਹੁਣ 60 ਕਿਲੋ ਗ੍ਰਾਮ ਵਰਗ ਵਿੱਚ ਉਸ ਨੇ ਏਸ਼ੀਆ ਓਸੀਨੀਆ ਕੁਆਲੀਫਾਇਰ ਵਿੱਚ ਚਾਂਦੀ ਖੱਟ ਕੇ ਓਲੰਪਿਕ ਦੀ ਟਿਕਟ ਜਿੱਤ ਲਈ।

ਇਹ ਪ੍ਰਾਪਤੀ ਸਿਮਰਨਜੀਤ ਨੇ ਜੌਰਡਨ ਦੀ ਰਾਜਧਾਨੀ ਅਮਾਨ ਵਿਖੇ 3 ਤੋਂ 11 ਮਾਰਚ ਤੱਕ ਹੋਏ ਏਸ਼ੀਆ-ਓਸੀਨੀਆ ਕੁਆਲੀਫਾਇਰ ਮੁਕਾਬਲਿਆਂ ਵਿੱਚ ਹਾਸਲ ਕੀਤੀ। ਸਿਮਰ ਦੀ ਇਤਿਹਾਸਕ ਪ੍ਰਾਪਤੀ ਦੇ ਨਾਲ ਭਾਰਤੀ ਮੁੱਕੇਬਾਜ਼ੀ ਲਈ ਇਹ ਵੱਡੀ ਘੜੀ ਸੀ, ਕਿਉਂਕਿ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤੀ ਮੁੱਕੇਬਾਜ਼ੀ ਟੀਮ ਦਾ ਸਭ ਤੋਂ ਵੱਡਾ ਦਲ ਓਲੰਪਿਕਸ ਵਿੱਚ ਹਿੱਸਾ ਲਵੇਗਾ। ਸਿਮਰ ਸਮੇਤ 9 ਭਾਰਤੀ ਮੁੱਕੇਬਾਜ਼ਾਂ ਨੇ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ। ਇਸ ਤੋਂ ਪਹਿਲਾਂ 2012 ਦੀਆਂ ਲੰਡਨ ਓਲੰਪਿਕਸ ਵਿੱਚ 8 ਭਾਰਤੀ ਮੁੱਕੇਬਾਜ਼ਾਂ ਨੇ ਹਿੱਸਾ ਲਿਆ ਸੀ। ਇਸ ਵਾਰ ਕੁਆਲੀਫਾਇਰ ਮੁਕਾਬਲਿਆਂ ਵਿੱਚ 9 ਭਾਰਤੀ ਮੁੱਕੇਬਾਜ਼ਾਂ ਨੇ ਇਹ ਪ੍ਰਾਪਤੀ ਹਾਸਲ ਕੀਤੀ, ਜਿਨ੍ਹਾਂ ਵਿੱਚ ਪੰਜ ਪੁਰਸ਼ ਤੇ ਚਾਰ ਮਹਿਲਾ ਮੁੱਕੇਬਾਜ਼ ਸ਼ਾਮਲ ਸਨ। ਅੱਠ ਮੁੱਕੇਬਾਜ਼ਾਂ ਨੇ ਸੈਮੀ ਫਾਈਨਲ ਤੱਕ ਸਫਰ ਤੈਅ ਕੀਤਾ, ਜਿਨ੍ਹਾਂ ਵਿੱਚੋਂ ਦੋ ਮੁੱਕੇਬਾਜ਼ ਸਿਮਰਜੀਤ ਕੌਰ ਤੇ ਵਿਕਾਸ ਕ੍ਰਿਸ਼ਨਨ ਨੇ ਫਾਈਨਲ ਵਿੱਚ ਵੀ ਦਾਖਲਾ ਪਾਇਆ। ਦੋਵਾਂ ਨੇ ਚਾਂਦੀ ਦਾ ਤਮਗਾ ਜਿੱਤਿਆ ਜਦੋਂ ਕਿ ਛੇ ਹੋਰ ਮੁੱਕੇਬਾਜ਼ਾਂ ਅਮਿਤ ਪੰਘਾਲ, ਅਸ਼ੀਸ਼ ਕੁਮਾਰ, ਸਤੀਸ਼ ਕੁਮਾਰ, ਐੱਮ.ਸੀ.ਮੈਰੀਕੌਮ, ਪੂਜਾ ਰਾਣੀ, ਲਵਲੀਨਾ ਬੋਰਗੋਹੇਨ ਨੇ ਕਾਂਸੀ ਦਾ ਤਮਗਾ ਜਿੱਤਿਆ।

ਜਿੱਤ ਹਾਸਲ ਕਰਨ ਤੋਂ ਬਾਅਦ ‘ਸਿਮਰਨਜੀਤ ਕੌਰ’ ਨੂੰ ਸਨਮਾਨਿਤ ਕਰਦੇ ਖੇਡ ਮੰਤਰੀ ਰਾਣਾ ਸੋਢੀ

PunjabKesari

60 ਕਿਲੋ ਗ੍ਰਾਮ ਲਾਈਟਵੇਟ ਵਰਗ ਵਿੱਚ ਸਿਮਰ ਨੇ ਫਾਈਨਲ ਤੱਕ ਦੇ ਸਫਰ ਤੱਕ ਵਿਸ਼ਵ ਰੈਂਕਿੰਗ ਵਿੱਚ ਦੂਜੇ ਅਤੇ ਤੀਜੇ ਨੰਬਰ ਦੀਆਂ ਮੁੱਕੇਬਾਜ਼ਾਂ ਨੂੰ ਮਾਤ ਦਿੱਤੀ। ਕੁਆਰਟਰ ਫਾਈਨਲ ਮੁਕਾਬਲੇ ਵਿੱਚ ਸਿਮਰ ਨੇ ਵਿਸਵ ਦੀ ਨੰਬਰ ਦੋ ਮੁੱਕੇਬਾਜ਼ ਮੰਗੋਲੀਆ ਦੀ ਨਮੋਨਖੋਰ ਨੂੰ 5-0 ਦੇ ਵੱਡੇ ਫਰਕ ਨਾਲ ਹਰਾ ਕੇ ਧਮਾਕੇਦਾਰ ਜਿੱਤ ਨਾਲ ਟੋਕੀਓ ਓਲੰਪਿਕਸ ਦੀ ਟਿਕਟ ਕਟਾਈ ਸੀ। ਫਾਈਨਲ ਮੁਕਾਬਲੇ ਵਿੱਚ ਸਿਮਰ ਨੂੰ ਦੱਖਣੀ ਕੋਰੀਆ ਦੀ ਓਹ ਇਓਨ ਜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੁੱਕੇਬਾਜ਼ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜੇਤੂ ਸੀ। ਮਹਿਲਾ ਮੁੱਕੇਬਾਜ਼ੀ ਵਿੱਚ ਏਸ਼ੀਆ ਪੱਧਰ ਦਾ ਮੁਕਾਬਲਾ ਓਲੰਪਿਕ ਦੇ ਪੱਧਰ ਤੋਂ ਘੱਟ ਨਹੀਂ ਹੁੰਦਾ, ਕਿਉਂਕਿ ਮਹਿਲਾ ਮੁੱਕੇਬਾਜ਼ੀ ਵਿੱਚ ਏਸ਼ਿਆਈ ਮੁਲਕ ਮੋਹਰੀ ਹਨ। ਓਲੰਪਿਕ ਤਮਗਾ ਜੇਤੂ ਅਤੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕੌਮ ਵੀ ਇਸ ਏਸ਼ੀਆ ਓਸੀਨੀਆ ਕੁਆਲੀਫਾਇਰ ਗਰੁੱਪ ਵਿੱਚ ਸੈਮੀ ਫਾਈਨਲ ਤੋਂ ਅੱਗੇ ਨਾ ਵਧ ਸਕੀ। ਸਿਮਰ ਦੀ ਇਹ ਪ੍ਰਾਪਤੀ ਸੱਚਮੁੱਚ ਵੱਡੀ ਹੈ।

ਸਿਮਰ ਦੇ ਓਲੰਪਿਕ ਵਿੱਚ ਕੁਆਲੀਫਾਈ ਹੋਣ ਤੋਂ ਬਾਅਦ ਪੂਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਸ ਦਾ ਪੰਜਾਬ ਵਿੱਚ ਆਉਣ 'ਤੇ ਸਭ ਤੋਂ ਪਹਿਲਾ ਸਵਾਗਤ ਕੀਤਾ। ਸਿਮਰ ਵੀ ਆਪਣੀ ਮਾਤਾ, ਚਕਰ ਨੂੰ ਖੇਡ ਨਕਸ਼ੇ 'ਤੇ ਪਹਿਲੀ ਵਾਰ ਆਪਣੀ ਲਿਖਤਾਂ ਨਾਲ ਚਮਕਾਉਣ ਵਾਲੇ ਪ੍ਰਿੰਸੀਪਲ ਸਰਵਣ ਸਿੰਘ ਅਤੇ ਚਕਰ ਦੀ ਖੇਡ ਫੁਲਵਾੜੀ ਦੇ ਮਾਲੀ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਨਾਲ ਨਵੀਂ ਦਿੱਲੀ ਤੋਂ ਸਿੱਧਾ ਚੰਡੀਗੜ੍ਹ ਪੁੱਜੀ। ਖੇਡ ਮੰਤਰੀ ਨੇ ਆਪਣੀ ਸਰਕਾਰੀ ਰਿਹਾਇਸ਼ 'ਤੇ ਬੁਲਾ ਕੇ ਸਿਮਰ ਨੂੰ ਵਧਾਈ ਦਿੱਤੀ। ਖੇਡ ਮੰਤਰੀ ਖੁਦ ਕੌਮਾਂਤਰੀ ਨਿਸ਼ਾਨੇਬਾਜ਼ ਰਹੇ। ਇਕ ਖਿਡਾਰੀ ਤੋਂ ਵੱਧ ਕੌਣ ਜਾਣ ਸਕਦਾ ਹੈ ਕਿ ਓਲੰਪਿਕਸ ਦੀ ਕੀ ਅਹਿਮੀਅਤ ਹੈ। ਖਿਡਾਰੀ ਲਈ ਓਲੰਪਿਕ ਖੇਡਣੀ ਕਿਸੇ ਹਾਜੀ ਲਈ ਹੱਜ ਕਰਨ ਤੋਂ ਘੱਟ ਨਹੀਂ। ਉਸੇ ਦਿਨ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੀ। ਰਾਣਾ ਸੋਢੀ ਸਿਮਰ ਨੂੰ ਆਪਣੇ ਨਾਲ ਲੈ ਕੇ ਪੰਜਾਬ ਭਵਨ ਪੁੱਜੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਪੰਜਾਬ ਦੀ ਇਸ ਮਾਣਮੱਤੀ ਧੀ ਨੂੰ ਵਧਾਈ ਤੇ ਆਸ਼ੀਰਵਾਦ ਦਿੱਤਾ। ਐਤਕੀਂ ਪਿੰਡ ਵਾਸੀ ਅਤੇ ਖੇਡ ਪ੍ਰੇਮੀ ਸਿਮਰ ਨੂੰ ਹੋਰ ਵੀ ਵੱਡੇ ਕਾਫਲੇ ਨਾਲ ਪਿੰਡ ਲਿਜਾਣ ਦੀ ਇੱਛਾ ਰੱਖਦੇ ਸਨ ਪਰ ਕੋਰੋਨਾ ਦੀ ਮਹਾਮਾਰੀ ਦੇ ਕਾਰਨ ਇਹਤਿਆਤਾਂ ਦੀ ਪਾਲਣਾ ਕਰਦਿਆਂ ਸਿਮਰ ਚੁੱਪ ਚੁਪੀਤੇ ਪਿੰਡ ਪੁੱਜੀ। ਪਿੰਡ ਦੇ ਗੁਰਦੁਆਰਾ ਵਿਖੇ ਮੋਹਤਬਰ ਵਿਅਕਤੀਆਂ ਨੇ ਸਾਦੇ ਸਮਾਰੋਹ ਵਿੱਚ ਸਿਮਰ ਦਾ ਸਨਮਾਨ ਕੀਤਾ। ਭਾਰਤੀ ਬਾਕਸਿੰਗ ਫੈਡਰਸ਼ਨ ਦੀਆਂ ਵੀ ਇਹੋ ਹਦਾਇਤਾਂ ਸਨ ਕਿ ਵੱਡੇ ਸਮਾਗਮਾਂ ਤੋਂ ਗੁਰੇਜ਼ ਕਰੋ ਅਤੇ ਆਪਣੇ ਘਰ ਰਹਿ ਕੇ ਹੀ ਪ੍ਰੈਕਟਿਸ ਜਾਰੀ ਰੱਖੋ।

ਲੇਖਕ ਨਵਦੀਪ ਸਿੰਘ ਗਿੱਲ ਦੇ ਨਾਲ ‘ਸਿਮਰਨਜੀਤ ਕੌਰ’

PunjabKesari

ਸਿਮਰ ਰੋਜ਼ਾਨਾ ਘਰੇ ਦੋ ਟਾਈਮ ਮਿਲਾ ਕੇ ਤਿੰਨ ਘੰਟੇ ਅਭਿਆਸ ਕਰਦੀ ਹੈ। ਮੁੱਕੇਬਾਜ਼ੀ ਬੈਗ ਉਤੇ ਉਹ 500 ਤੱਕ ਘਸੁੰਨ ਜੜ ਦਿੰਦੀ ਹੈ। ਤਾਲਾਬੰਦੀ ਦੇ ਮਾਹੌਲ ਵਿੱਚ ਉਹ ਜਦੋਂ ਆਪਣੇ ਅਭਿਆਸ ਦੀਆਂ ਵੀਡੀਓ, ਤਸਵੀਰਾਂ ਸਾਂਝੀਆਂ ਕਰਦੀ ਹੈ ਤਾਂ ਲੋਕਾਂ ਨੂੰ ਪ੍ਰੇਰਨਾ ਵੀ ਮਿਲਦੀ ਹੈ ਅਤੇ ਉਤਸ਼ਾਹ ਵੀ ਵਧਦਾ ਹੈ। ਸਿਮਰ ਸੋਸ਼ਲ ਮੀਡੀਆ ਉਪਰ ਵੀ ਸਰਗਰਮ ਰਹਿੰਦੀ ਹੈ। ਕੋਰੋਨਾ ਖਿਲਾਫ ਜੰਗ ਵਿੱਚ ਹੇਠਲੇ ਪੱਧਰ 'ਤੇ ਡਟੇ ਹੋਏ ਕੋਰੋਨਾ ਯੋਧਿਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਵੀ ਉਹ ਪਿੱਛੇ ਨਹੀਂ ਰਹਿੰਦੀ। ਸਿਮਰ ਨੂੰ ਜਦੋਂ ਪੁੱਛਿਆ ਕਿ ਓਲੰਪਿਕ ਖੇਡਾਂ ਇਕ ਸਾਲ ਅੱਗੇ ਪੈਣ ਨਾਲ ਕੋਈ ਲੈਅ ਉਪਰ ਅਸਰ ਤਾਂ ਨਹੀਂ ਪਵੇਗਾ ਤਾਂ ਉਸ ਦਾ ਕਹਿਣਾ ਸੀ ਕਿ ਸਗੋਂ ਉਸ ਨੂੰ ਤਿਆਰੀ ਲਈ ਇਕ ਸਾਲ ਦਾ ਹੋਰ ਸਮਾਂ ਮਿਲ ਗਿਆ। ਸਿਮਰ ਨੂੰ ਵੀ ਅਰਜੁਨ ਵਾਂਗ ਟੋਕੀਓ ਓਲੰਪਿਕਸ ਦਾ ਮੈਡਲ ਮੱਛਲੀ ਦੀ ਅੱਖ ਵਾਂਗ ਦਿਸਦਾ ਹੈ। ਸਿਮਰ ਮੈਡਲ ਜਿੱਤਣ ਲਈ ਕੋਈ ਕਸਰ ਨਹੀਂ ਛੱਡ ਰਹੀ।

ਟੋਕੀਓ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਬਣਨ ਤੱਕ ਸਿਮਰ ਚਕਰ ਦਾ ਸਫਰ ਕੋਈ ਸੌਖਾ ਨਹੀਂ ਸੀ। ਘਰ ਦੀ ਗੁਰਬਤ ਤੇ ਤੰਗੀਆਂ ਤੁਰਸ਼ੀਆਂ ਵਿੱਚ ਪਲੀ ਸਿਮਰ ਨੇ ਮੁੱਕੇਬਾਜ਼ੀ ਦੀ ਸ਼ੁਰੂਆਤ ਪਿੰਡ ਚਕਰ ਦੇ ਕੱਚੇ ਮੁੱਕੇਬਾਜ਼ੀ ਰਿੰਗ ਤੋਂ ਹੀ ਕੀਤੀ ਸੀ। ਸਿਮਰ ਦੇ ਇਰਾਦੇ ਬਹੁਤ ਮਜ਼ਬੂਤ ਸਨ, ਜਿਸ ਦੇ ਅੱਗੇ ਘਰੇਲੂ ਦੁਸ਼ਵਾਰੀਆਂ ਵੀ ਛੋਟੀਆਂ ਪੈ ਗਈਆਂ। ਦੋ ਸਾਲ ਪਹਿਲਾਂ ਸਿਮਰ ਦੇ ਸਿਰ ਤੋਂ ਪਿਤਾ ਦਾ ਸਾਇਆ ਵੀ ਉਠ ਗਿਆ ਸੀ। ਜੁਲਾਈ 2018 ਵਿੱਚ ਉਸ ਦੇ ਪਿਤਾ ਕਮਲਜੀਤ ਸਿੰਘ ਦਾ ਦੇਹਾਂਤ ਹੋ ਗਿਆ। ਉਸ ਦੇ ਪਰਿਵਾਰ ਤੋਂ ਦਾਦਾ ਮਹਿੰਦਰ ਸਿੰਘ ਦਾ ਪਹਿਲੀਆਂ ਵਿੱਚ ਹੀ ਸਾਇਆ ਉਠ ਗਿਆ ਸੀ। ਮਹਿੰਦਰ ਸੈਕਟਰੀ ਦੇ ਨਾਮ ਨਾਲ ਜਾਣੇ ਜਾਂਦੇ ਉਸ ਦੇ ਦਾਦੇ ਨੇ ਦੋ ਨਾਵਲ 'ਕੱਲਰ ਦੇ ਕੰਵਲ' ਸੀ ਤੇ 'ਸੂਰਾ ਸੋ ਪਹਿਚਾਨੀਏ' ਵੀ ਲਿਖੇ ਸਨ। ਸਿਮਰ ਦੀ ਮਾਤਾ ਰਾਜਪਾਲ ਕੌਰ ਦੋ ਬੇਟੀਆਂ ਤੇ ਦੋ ਬੇਟਿਆਂ ਦੀ ਵੱਡੀ ਕਬੀਲਦਾਰੀ ਸਾਂਭ ਰਹੀ ਹੈ।

ਮੈਦਾਨ ਵਿਚ ਮੁੱਕੇਬਾਜ਼ ਦਾ ਮੁਕਾਬਲਾ ਕਰਦੀ ‘ਸਿਮਰਨਜੀਤ ਕੌਰ’

PunjabKesari

ਬਿਨਾਂ ਕਿਸੇ ਜ਼ਮੀਨ-ਜਾਇਦਾਦ, ਕਾਰੋਬਾਰ ਤੋਂ ਬਿਨਾਂ ਉਸ ਦੀ ਮਾਂ ਨੇ ਆਪਣੇ ਬੱਚਿਆਂ ਲਈ ਸੁਨਹਿਰੀ ਸੁਫਨੇ ਸੰਜੋਏ। ਦੋ ਕਮਰਿਆਂ ਦੇ ਘਰ ਵਿੱਚ ਰਹਿ ਰਹੀ ਰਾਜਪਾਲ ਕੌਰ ਨੇ ਤੰਗੀਆਂ ਦੇ ਬਾਵਜੂਦ ਆਪਣੇ ਚਾਰਾਂ ਧੀਆਂ-ਪੁੱਤਾਂ ਨੂੰ ਮੁੱਕੇਬਾਜ਼ੀ ਖੇਡ ਨਾਲ ਜੋੜਿਆ। ਸਿਮਰ ਤੋਂ ਵੱਡੀ ਉਸ ਦੀ ਭੈਣ ਅਮਨਦੀਪ ਕੌਰ ਅਤੇ ਦੋ ਛੋਟੇ ਭਰਾ ਕਮਲਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਵੀ ਮੁੱਕੇਬਾਜ਼ੀ ਵਿੱਚ ਕੌਮੀ ਪੱਧਰ ਤੱਕ ਮੈਡਲ ਜਿੱਤੇ ਪਰ ਸਿਮਰ ਨੇ ਸਭ ਤੋਂ ਵੱਡੀ ਪੁਲਾਂਘ ਖੇਡਾਂ ਦੇ ਮਹਾਂਕੁੰਭ ਓਲੰਪਿਕਸ ਤੱਕ ਦਾਖਲੇ ਦੀ ਪੁੱਟੀ ਹੈ। ਸਿਮਰ ਨੇ ਆਪਣੀ ਮਾਂ ਦੇ ਸੁਫਨਿਆਂ ਨੂੰ ਸਾਕਾਰ ਕਰਦਿਆਂ ਇਹ ਮੱਲ ਮਾਰੀ ਹੈ, ਇਸੇ ਲਈ ਓਲੰਪਿਕ ਲਈ ਕੁਆਲੀਫਾਈ ਹੋਣ ਤੋਂ ਬਾਅਦ ਸਿਮਰ ਨੇ ਆਪਣੀ ਪਹਿਲੀ ਇੰਟਰਵਿਊ ਵਿੱਚ ਇਹ ਪ੍ਰਾਪਤੀ ਆਪਣੀ ਮਾਤਾ ਨੂੰ ਸਮਰਪਿਤ ਕੀਤੀ। ਸਿਮਰ ਆਪਣੇ ਹੁਣ ਤੱਕ ਦੇ ਸਫਰ ਪਿੱਛੇ ਸਾਰ ਸਿਹਰਾ ਆਪਣੀ ਮਾਤਾ ਦੇ ਸਿਰੜ ’ਤੇ ਕੁਰਬਾਨੀ ਸਿਰ ਬੱਝਦੀ ਹੈ।

ਆਪਣੀ ਮੁੱਕੇਬਾਜ਼ੀ ਦੀ ਸ਼ੁਰੂਆਤ ਬਾਰੇ ਸਿਮਰ ਦੱਸਦੀ ਹੈ ਕਿ ਸ਼ੁਰੂਆਤ ਵਿੱਚ ਉਸ ਨੂੰ ਮੁੱਕੇਬਾਜ਼ੀ ਖੇਡ ਪਸੰਦ ਨਹੀਂ ਸੀ। ਵੱਡੀ ਭੈਣ ਅਮਨਦੀਪ ਕੌਰ ਧੱਕੇ ਨਾਲ ਉਸ ਨੂੰ ਰਿੰਗ ਵਿੱਚ ਲੈ ਜਾਂਦੀ ਪਰ ਉਹ ਰੋਂਦੀ ਹੋਈ ਘਰੇ ਵਾਪਸ ਆ ਜਾਂਦੀ। ਉਸ ਦੇ ਪਰਿਵਾਰ ਨੇ ਜਬਰਦਸਤੀ ਉਸ ਨੂੰ ਮੁੱਕੇਬਾਜ਼ੀ ਖੇਡਣ ਭੇਜਣਾ ਪਰ ਰਿੰਗ ਵਿੱਚੋਂ ਦੌੜ ਆਉਂਦੀ। ਆਖਰਕਾਰ ਇਕ ਦਿਨ ਉਹ ਆਪਣੀ ਭੈਣ ਨਾਲ ਰਿੰਗ ਵਿੱਚ ਉਤਰੀ ਅਤੇ ਫੇਰ ਉਸ ਨੇ ਮੁੜ ਕੇ ਨਹੀਂ ਦੇਖਿਆ। ਪਰਿਵਾਰ ਦੀ ਧੱਕੇਸ਼ਾਹੀ ਵੀ ਉਸ ਦੇ ਕੰਮ ਆਈ, ਨਹੀਂ ਤਾਂ ਅੱਜ ਗੁੰਮਨਾਮੀ ਜ਼ਿੰਦਗੀ ਜਿਉਂ ਰਹੀ ਹੁੰਦੀ। ਨਾ ਹੀ ਚਕਰ ਦੇ ਭਾਜ ਜਾਗਦੇ, ਨਾ ਹੀ ਪੰਜਾਬ ਵਿੱਚ ਮਹਿਲਾ ਮੁੱਕੇਬਾਜ਼ੀ ਦਾ ਬੂਟਾ ਲੱਗਦਾ। ਸਿਮਰ ਪ੍ਰੋਫੈਸ਼ਨਲ ਮੁੱਕੇਬਾਜ਼ ਰਾਏ ਜੋਨਜ਼ ਦੀ ਫੈਨ ਹੈ। ਸਿਮਰ ਦਾ ਦੂਜਾ ਸ਼ੌਕ ਪੇਂਟਿੰਗ ਕਰਨ ਦਾ ਹੈ। ਵਿਰੋਧੀਆਂ ਦੇ ਘਸੁੰਨ ਜੜਨ ਲੱਗਿਆ ਉਸ ਦੇ ਹੱਥ ਨਾਰੀਅਲ ਦੀ ਬਾਹਰਲੀ ਪਰਤ ਵਾਂਗ ਸਖਤ ਹੋ ਜਾਂਦੇ ਹਨ ਅਤੇ ਪੇਂਟਿੰਗ ਕਰਦਿਆਂ ਉਹੀ ਹੱਥ ਨਾਰੀਅਲ ਦੇ ਅੰਦਰਲੇ ਹਿੱਸੇ ਵਾਂਗ ਨਰਮ ਤੇ ਕੋਮਲ ਹੋ ਜਾਂਦੇ ਹਨ।

ਬਲਬੀਰ ਸਿੰਘ ਸੀਨੀਅਰ ਦੇ ਨਾਲ ਮੁੱਕੇਬਾਜ਼ ‘ਸਿਮਰਨਜੀਤ ਕੌਰ’

PunjabKesari

ਸਿਮਰ ਜਿਹੀਆਂ ਮੁੱਕੇਬਾਜ਼ਾਂ ਕਰਕੇ ਖੇਡਾਂ ਦੀ ਦੁਨੀਆਂ ਵਿੱਚ ਚਕਰ ਨੂੰ ਮਿੰਨੀ ਕਿਊਬਾ ਕਿਹਾ ਜਾਣ ਲੱਗਾ ਹੈ। ਸਿਮਰ ਦੀਆਂ ਪ੍ਰਾਪਤੀਆਂ ਵਿੱਚ ਚਕਰ ਦੀ ਫਿਜ਼ਾ ਨੂੰ ਹੀ ਜਾਂਦਾ ਹੈ। ਸਿਮਰ ਦੇ ਜੀਵਨ ਦੇ ਨਾਲ ਚਕਰ ਦੇ ਇਤਿਹਾਸ ਉਤੇ ਵੀ ਚਾਨਣਾ ਪਾਉਣਾ ਬਣਦਾ ਹੈ। ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਪਿੰਡ ਚਕਰ ਹੁਣ ਮਹਿਲਾ ਮੁੱਕੇਬਾਜ਼ੀ ਦਾ ਘਰ ਬਣ ਗਿਆ ਹੈ। ਸਰਵਣ ਸਿੰਘ ਦਾ ਵੱਡਾ ਪੁੱਤਰ ਜਗਵਿੰਦਰ ਸਿੰਘ ਸੰਧੂ ਡਿਕੈਥਲਨ ਦਾ ਕੌਮੀ ਪੱਧਰ ਦਾ ਅਥਲੀਟ ਅਤੇ ਛੋਟਾ ਪੁੱਤਰ ਗੁਰਵਿੰਦਰ ਸਿੰਘ ਸੰਧੂ ਹਾਕੀ ਵਿੱਚ ਕੌਮੀ ਪੱਧਰ ਦਾ ਖਿਡਾਰੀ ਰਿਹਾ। ਸਿਮਰ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਅਤੇ ਮਨਦੀਪ ਨੇ ਜੂਨੀਅਰ ਵਿਸ਼ਵ ਖਿਤਾਬ ਜਿੱਤ ਕੇ ਚਕਰ ਨੂੰ ਚਾਰ ਚੰਨ ਲਾਏ। ਚਕਰ ਦਾ ਸਰਕਾਰੀ ਸਕੂਲ ਅਤੇ ਉਥੋਂ ਦੀ ਸਪੋਰਟਸ ਅਕੈਡਮੀ ਇਨ੍ਹਾਂ ਮਹਿਲਾ ਮੁੱਕੇਬਾਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਦਾ ਸਿਹਰਾ ਚਕਰ ਦੇ ਮਸੀਹਾ ਸਵ. ਅਜਮੇਰ ਸਿੰਘ ਸਿੱਧੂ ਨੂੰ ਜਾਂਦਾ ਹੈ ਜਿਸ ਨੇ ਵਰ੍ਹਿਆਂ ਪਹਿਲਾਂ ਇਹ ਸੁਫਨਾ ਸੰਜੋਇਆ ਸੀ। ਸਿੱਧੂ ਭਰਾਵਾਂ ਦੀ ਅਗਵਾਈ, ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਦੀ ਦੇਖ-ਰੇਖ ਅਤੇ ਦਰੋਣਾਚਾਰੀਆ ਐਵਾਰਡੀ ਮੁੱਕੇਬਾਜ਼ੀ ਕੋਚ ਗੁਰਬਖ਼ਸ਼ ਸਿੰਘ ਸੰਧੂ ਤੇ ਦਵਿੰਦਰ ਸਿੰਘ ਬਾਬਾ ਐੱਸ.ਪੀ. ਦੇ ਮਾਰਗ ਦਰਸ਼ਨ ਨਾਲ ਅੱਗੇ ਵੱਧ ਰਹੇ ਪਿੰਡ ਚਕਰ ਦੀ ਸ਼ੁਰੂਆਤ 2006 ਵਿੱਚ ਹੋਈ ਸੀ।

ਰਿਹਸਲ ਕਰਦੀ ‘ਸਿਮਰਨਜੀਤ ਕੌਰ’

PunjabKesari

ਇਸ ਪਿੰਡ ਦੀ ਪਹਿਲੀ ਮੁੱਕੇਬਾਜ਼ ਸ਼ਵਿੰਦਰ ਕੌਰ 2012 ਵਿੱਚ ਜੂਨੀਅਰ ਕੌਮੀ ਚੈਂਪੀਅਨ ਬਣੀ ਸੀ। ਉਹ ਭਾਰਤੀ ਟੀਮ ਦੀ ਮੈਂਬਰ ਬਣ ਕੇ ਸ੍ਰੀ ਲੰਕਾ ਦਾ ਬਾਕਸਿੰਗ ਕੱਪ ਵੀ ਖੇਡੀ। ਸਿਮਰ ਦੀ ਵੱਡੀ ਭੈਣ ਅਮਨਦੀਪ ਕੌਰ ਸੀਨੀਅਰ ਨੈਸ਼ਨਲ ਵਿੱਚ ਵੀ ਜੇਤੂ ਬਣੀ। ਪੁਰਸ਼ ਵਰਗ ਵਿੱਚ ਸੁਖਦੀਪ ਚਕਰੀਆ ਕੌਮੀ ਚੈਂਪੀਅਨ ਬਣਿਆ ਅਤੇ ਹੁਣ ਉਹ ਕੈਨੇਡਾ ਵਿੱਚ ਪੇਸ਼ੇਵਾਰ ਮੁੱਕੇਬਾਜ਼ ਹੈ। ਸੁਖਦੀਪ ਦੀ ਭੈਣ ਪਰਮਿੰਦਰ ਕੌਰ ਨੇ ਕੌਮੀ ਪੱਧਰ 'ਤੇ ਤਮਗਾ ਜਿੱਤਿਆ। ਚਕਰ ਦੀ ਅਕੈਡਮੀ ਵਿੱਚ ਸਾਰਾ ਸਾਲ 300 ਮੁੰਡੇ-ਕੁੜੀਆਂ ਪ੍ਰੈਕਟਿਸ ਕਰਦੇ ਹਨ, ਜਿਨ੍ਹਾਂ ਵਿੱਚ ਚਾਰ ਸਾਲ ਤੋਂ ਲੈ ਕੇ ਵੱਡੀ ਉਮਰ ਦੇ ਖਿਡਾਰੀ ਸ਼ਾਮਲ ਹਨ। ਓਲੰਪਿਕ ਖੇਡਾਂ ਵਿੱਚ ਭਾਰਤ ਲਈ ਪਲੇਠਾ ਤਮਗਾ ਜਿੱਤਣ ਵਾਲਾ ਮਹਾਨ ਮੁੱਕੇਬਾਜ਼ ਵਿਜੇਂਦਰ ਸਿੰਘ ਤੇ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਵੀ ਚਕਰ ਪਿੰਡ ਆ ਕੇ ਇਥੋਂ ਦੇ ਬੱਚਿਆਂ ਨੂੰ ਹੱਲਾਸ਼ੇਰੀ ਦਿੱਤੀ। ਦਰੋਣਾਚਾਰੀਆ ਐਵਾਰਡੀ ਗੁਰਬਖ਼ਸ਼ ਸਿੰਘ ਸੰਧੂ ਵੀ ਇਸ ਪਿੰਡ ਦੇ ਮੁੱਕੇਬਾਜ਼ਾਂ ਨੂੰ ਸਮੇਂ-ਸਮੇਂ ਉਤੇ ਨੁਕਤੇ ਸਿਖਾਉਂਦਾ ਹੈ।

PunjabKesari


author

rajwinder kaur

Content Editor

Related News