ਖਸਤਾਹਾਲ 108 ਐਂਬੂਲੈਂਸ ''ਤੇ ਨਿਰਭਰ ਲੱਖਾਂ ਜ਼ਿੰਦਗੀਆਂ
Monday, May 21, 2018 - 03:30 AM (IST)

ਪਟਿਆਲਾ, (ਬਲਜਿੰਦਰ, ਪਰਮੀਤ)- ਸਿਹਤ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਦੇ ਆਪਣੇ ਜ਼ਿਲੇ ਦੀਆਂ 108 ਐਂਬੂਲੈਂਸਾਂ ਖਸਤਾ ਹਾਲਤ 'ਚ ਹਨ। ਹਾਲਾਤ ਇਹ ਹਨ ਕਿ 7 ਸਾਲਾਂ ਵਿਚ ਕਈ ਗੱਡੀਆਂ ਤਾਂ 5 ਲੱਖ ਕਿਲੋਮੀਟਰ ਤੱਕ ਚੱਲ ਚੁੱਕੀਆਂ ਹਨ। ਕਈ ਗੱਡੀਆਂ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਜ਼ਿਲੇ ਅੰਦਰ ਸਟਰੈਚਰ ਟੁੱਟਣ ਤੋਂ ਲੈ ਕੇ ਪੱਖੇ ਖਰਾਬ ਹਨ। ਕਈਆਂ ਦੇ ਟਾਇਰ ਵੀ ਕੰਡਮ ਹਨ। ਅੱਜ ਵੀ 108 ਐਂਬੂਲੈਂਸ ਸਰਕਾਰ ਦੇ ਸਫਲ ਪ੍ਰਾਜੈਕਟਾਂ ਵਿਚੋਂ ਇਕ ਕਹੀ ਜਾ ਸਕਦੀ ਹੈ ਪਰ ਇਹ ਸੇਵਾ ਅਪਡੇਟ ਨਾ ਹੋਣ ਕਾਰਨ ਕਾਫੀ ਔਖੇ ਦੌਰ ਵਿਚੋਂ ਨਿਕਲ ਰਹੀ ਹੈ।
ਸਿਹਤ ਮੰਤਰੀ ਨੂੰ ਤੁਰੰਤ ਇਸ ਵੱਲ ਧਿਆਨ ਦੇਣ ਦੀ ਲੋੜ ਕਹੀ ਜਾ ਸਕਦੀ ਹੈ। ਐਂਬੂਲੈਂਸਾਂ ਫਿੱਟ ਨਹੀਂ ਹੋਣਗੀਆਂ ਤਾਂ ਫਿਰ ਉਹ ਜ਼ਖਮੀ ਅਤੇ ਬੀਮਾਰ ਜ਼ਿੰਦਗੀਆਂ ਨੂੰ ਬਚਾਉਣ ਵਿਚ ਆਪਣੀ ਯੋਗ ਭੂਮਿਕਾ ਨਹੀਂ ਨਿਭਾਅ ਸਕਣਗੀਆਂ। ਜਦੋਂ ਐਂਬੂਲੈਂਸ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ ਤਾਂ ਹਰ 5 ਸਾਲਾਂ ਬਾਅਦ ਗੱਡੀਆਂ ਬਦਲਣ ਦੀ ਗੱਲ ਆਖੀ ਗਈ ਸੀ ਪਰ ਅਜਿਹਾ ਕੁਝ ਦੇਖਣ ਵਿਚ ਨਹੀਂ ਆਇਆ।
ਸੇਵਾ ਸ਼ੁਰੂ ਕਰਨ ਤੋਂ ਬਾਅਦ ਫਲੀਟ 'ਚ ਸ਼ਾਮਲ ਨਹੀਂ ਕੀਤੀ ਕੋਈ ਨਵੀਂ ਗੱਡੀ
ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਜ਼ਿਲੇ ਵਿਚ ਪੂਰੇ ਪੰਜਾਬ ਦੇ ਨਾਲ ਸਾਲ 2011 ਵਿਚ 108 ਐਂਬਲੈਂਸ ਸੇਵਾ ਸ਼ੁਰੂ ਕੀਤੀ ਗਈ ਸੀ। ਉਸ ਸਮੇਂ ਫਲੀਟ ਵਿਚ 10 ਗੱਡੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਅਗਲੇ ਹੀ ਸਾਲ 2012 ਵਿਚ 6 ਹੋਰ ਗੱਡੀਆਂ ਨੂੰ ਸ਼ਾਮਲ ਕਰ ਗਿਆ ਸੀ। ਹੁਣ 16 ਗੱਡੀਆਂ ਸੇਵਾ ਨਿਭਾਅ ਰਹੀਆਂ ਹਨ। ਜਦੋਂ ਇਹ ਸੇਵਾ ਸ਼ੁਰੂ ਕੀਤੀ ਗਈ ਹੈ, ਉਸ ਤੋਂ ਬਾਅਦ ਕੋਈ ਵੀ ਗੱਡੀ ਨਵੀਂ ਸ਼ਾਮਲ ਨਹੀਂ ਕੀਤੀ ਗਈ। ਅਜੇ ਤੱਕ ਪੁਰਾਣੀਆਂ ਗੱਡੀਆਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਪਟਿਆਲਾ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਹੈ, ਜਿੱਥੇ ਅੱਧੇ ਤੋਂ ਜ਼ਿਆਦਾ ਮਾਲਵਾ ਰੀਜਨ ਦੇ ਲੋਕ ਅੱਜ ਵੀ ਇਲਾਜ ਲਈ ਆਉਂਦੇ ਹਨ। ਜ਼ਿਆਦਾ ਗੰਭੀਰ ਮਰੀਜ਼ ਨੂੰ ਇੱਥੋਂ ਹੀ ਪੀ. ਜੀ. ਆਈ. ਤੇ 32 ਹਸਪਤਾਲ ਵਿਚ ਚੰਡੀਗੜ੍ਹ ਭੇਜਿਆ ਜਾਂਦਾ ਹੈ। ਇਸ ਕਾਰਨ ਇਹ ਗੱਡੀਆਂ ਰੋਜ਼ਾਨਾ ਔਸਤਨ 300 ਤੋਂ 400 ਕਿਲੋਮੀਟਰ ਤੱਕ ਵੀ ਚੱਲ ਜਾਂਦੀਆਂ ਹਨ। ਰਾਜਿੰਦਰਾ ਵਿਚੋਂ ਰੋਜ਼ਾਨਾ 3 ਤੋਂ 4 ਮਰੀਜ਼ ਔਸਤਨ ਪੀ. ਜੀ. ਆਈ. ਅਤੇ ਸੈਕਟਰ 32 ਹਸਪਤਾਲ ਚੰਡੀਗੜ੍ਹ ਸ਼ਿਫਟ ਕੀਤੇ ਜਾ ਰਹੇ ਹਨ। ਇਸ ਕਾਰਨ ਇਥੇ ਨਵੀਆਂ ਗੱਡੀਆਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ।
16 ਗੱਡੀਆਂ ਦੇ ਸਹਾਰੇ 20 ਲੱਖ ਦੀ ਆਬਾਦੀ
ਜ਼ਿਲੇ ਵਿਚ ਕੁੱਲ 16 ਹੀ 108 ਐਂਬੂਲੈਂਸ ਗੱਡੀਆਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਹੈ। ਪਟਿਆਲਾ ਦੀ ਲਗਭਗ 20 ਲੱਖ ਦੀ ਆਬਾਦੀ ਹੈ, ਜੋ ਕਿ ਇਨ੍ਹਾਂ 16 ਗੱਡੀਆਂ ਦੇ ਸਹਾਰੇ ਚੱਲ ਰਹੀ ਹੈ। ਸਿਹਤ ਸਹੂਲਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸਮੇਂ ਸਿਰ ਮਰੀਜ਼ ਨੂੰ ਹਸਪਤਾਲ ਤੱਕ ਪਹੁੰਚਾਉਣਾ ਵੱਡਾ ਕੰਮ ਹੈ।
ਇਕ ਵੀ ਗੱਡੀ ਐਡਵਾਂਸ ਲਾਈਫ ਸਪੋਰਟ (ਏ. ਐੈੱਲ. ਐੈੱਸ.) ਨਹੀਂ
ਸਿਹਤ ਮੰਤਰੀ ਦੇ ਜ਼ਿਲੇ ਦੀਆਂ 16 ਗੱਡੀਆਂ ਦੀ 108 ਐਂਬੂਲੈਂਸ ਫਲੀਟ ਵਿਚ ਇਕ ਵੀ ਐਡਵਾਂਸ ਲਾਈਫ ਸਪੋਰਟ (ਏ. ਐੈੱਲ. ਐੈੱਸ.) ਗੱਡੀ ਸ਼ਾਮਲ ਨਹੀਂ ਹੈ। ਸਾਰੀਆਂ ਹੀ ਬੇਸਿਕ ਲਾਈਫ ਸਪੋਰਟ (ਬੀ. ਐੈੱਲ. ਐੈੱਸ.) ਐਂਬੂਲੈਂਸ ਹੀ ਹਨ। ਇਨ੍ਹਾਂ ਨਾਲ ਜ਼ਿਆਦਾ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਸ਼ਿਫਟ ਕਰਨ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਗੱਡੀਆਂ ਨਵੀਆਂ ਸ਼ਾਮਲ ਕਰਨ ਦੀ ਗੱਲ ਹੈ, ਉਥੇ 2 ਗੱਡੀਆਂ ਏ. ਐੈੱਲ. ਐੈੱਸ. ਵੀ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਨ੍ਹਾਂ ਵਿਚ ਵੈਂਟੀਲੇਟਰ ਆਦਿ ਦੀ ਸਹੂਲਤ ਵੀ ਹੁੰਦੀ ਹੈ। ਆਮ ਤੌਰ 'ਤੇ ਇੱਕ ਗੱਡੀ ਵਿਚ 2 ਪਾਇਲਟ ਤੇ 2 ਈ. ਐੈੱਮ. ਟੀ. ਭਾਵ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਤੋਂ ਇਲਾਵਾ ਇਕ ਮੇਨਟੀਨੈਂਸ ਟੀਮ ਵੀ ਹੁੰਦੀ ਹੈ।
ਅੰਦਰੂਨੀ ਹਾਲਤ ਸੁਧਾਰਨ ਦੀ ਲੋੜ
108 ਐਂਬੂਲੈਂਸ ਗੱਡੀਆਂ ਦੀ ਹਾਲਤ ਕਾਫੀ ਖਸਤਾ ਹੋਈ ਪਈ ਹੈ। ਕਈ ਗੱਡੀਆਂ ਦੇ ਅੰਦਰੂਨੀ ਸਿਸਟਮ ਖਰਾਬ ਹੋ ਚੁੱਕੇ ਹਨ। ਅੰਦਰ ਦੇ ਸਟਰੈਚਰ, ਪੱਖਿਆਂ ਦੀ ਹਾਲਤ ਅਤੇ ਟਾਇਰਾਂ ਤੱਕ ਦੀ ਹਾਲਤ ਕਾਫੀ ਵਿਗੜੀ ਹੋਈ ਹੈ, ਜਿਨ੍ਹਾਂ ਬਾਰੇ ਅਕਸਰ ਮੀਡੀਆ ਵਿਚ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿਉਂਕਿ ਪੁਰਾਣੀਆਂ ਹੋਣ ਕਾਰਨ ਗੱਡੀਆਂ ਦੀ ਅੰਦਰੂਨੀ ਹਾਲਤ ਕਾਫੀ ਮੰਦੀ ਹੋਈ ਪਈ ਹੈ, ਜਿਨ੍ਹਾਂ ਨੂੰ ਤੁਰੰਤ ਸੁਧਾਰਨ ਦੀ ਲੋੜ ਹੈ।
ਕਿੱਥੇ-ਕਿੱਥੇ ਗੱਡੀਆਂ ਤਾਇਨਾਤ?
ਗੱਡੀ ਨੰ. 1 ਨਾਭਾ, ਗੱਡੀ ਨੰ. 2 ਰੱਖੜਾ, ਗੱਡੀ ਨੰ. 3 ਰਾਜਪੁਰਾ, ਗੱਡੀ ਨੰ. 4 ਘਨੌਰ, ਗੱਡੀ ਨੰ. 5 ਬਹਾਦਰਗੜ੍ਹ, ਗੱਡੀ ਨੰ. 6 ਰਾਜਿੰਦਰਾ ਹਸਪਤਾਲ, ਗੱਡੀ ਨੰ. 7 ਸਮਾਣਾ, ਗੱਡੀ ਨੰ. 8 ਪਾਤੜਾਂ, ਗੱਡੀ ਨੰ. 9 ਦੂਖ ਨਿਵਾਰਨ, ਗੱਡੀ ਨੰ. 10 ਮਾਤਾ ਕੌਸ਼ੱਲਿਆ ਹਸਪਤਾਲ, ਗੱਡੀ ਨੰ. 11 ਸਮਾਣਾ-ਪਾਤੜਾਂ ਰੋਡ ਤੇ ਚੱਕ ਅੰਮ੍ਰਿਤਸਰ ਪਿੰਡ, ਗੱਡੀ ਨੰ. 12 ਭਾਦਸੋਂ, ਗੱਡੀ ਨੰ. 13 ਦੇਵੀਗੜ੍ਹ, ਗੱਡੀ ਨੰ. 14 ਸ਼ੁਤਰਾਣਾ, ਗੱਡੀ ਨੰ. 15 ਗਿਆਨ ਸਾਗਰ ਕਾਹਨੋਮਾਜਰਾ ਹਸਪਤਾਲ ਅਤੇ ਗੱਡੀ ਨੰ. 16 ਨੰਬਰ ਮੈਰੀਟੋਰੀਅਸ ਸਕੂਲ ਵਿਚ ਖੜ੍ਹਦੀ ਹੈ।