ਸੋਮਵਾਰ ਨੂੰ ਖਰੜ ਬੱਸ ਅੱਡੇ ''ਤੇ ਕਿਸਾਨ ਕਰਨਗੇ ਚੱਕਾ ਜਾਮ
Saturday, Dec 28, 2024 - 05:14 PM (IST)
ਖਰੜ (ਅਮਰਦੀਪ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਸਿੱਧੂਪੁਰ ਦੀ ਸਾਂਝੀ ਮੀਟਿੰਗ ਖਰੜ ਦਾਣਾ ਮੰਡੀ ’ਚ ਹੋਈ। ਇਸ ਮੌਕੇ ਬੋਲਦਿਆਂ ਲੱਖੋਵਾਲ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਤੇ ਸਕੱਤਰ ਜਨਰਲ ਜਸਪਾਲ ਸਿੰਘ ਨਿਆਮੀਆਂ ਨੇ ਕਿਹਾ ਕਿ ਮੀਟਿੰਗ ’ਚ ਫ਼ੈਸਲਾ ਲਿਆ ਗਿਆ ਕਿ ਕਿਸਾਨੀ ਮੰਗਾਂ ਨੂੰ ਲੈ ਕੇ 30 ਦਸੰਬਰ ਨੂੰ ਖਰੜ ਬੱਸ ਸਟੈਂਡ ਅਤੇ ਡੇਰਾਬੱਸੀ ਬਲਾਕ ’ਚ ਸਰਸੀਣੀ–ਅੰਬਾਲਾ ਹਾਈਵੇ ’ਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਪਿਛਲੇ 32 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ ਪਰ ਕੇਂਦਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਕਿਸਾਨਾਂ ਨੇ ਇਹ ਫ਼ੈਸਲਾ ਲਿਆ ਕਿ ਜਦੋਂ ਤੱਕ ਕਿਸਾਨੀ ਮੰਗਾਂ ਲਾਗੂ ਨਹੀਂ ਹੁੰਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹਿਣਗੇ। ਉਨ੍ਹਾਂ ਸਮੂਹ ਆੜ੍ਹਤੀ ਐਸੋਸੀਏਸ਼ਨਾਂ ਤੇ ਟਰਾਂਸਪੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਇਸ ਸੰਘਰਸ਼ ’ਚ ਸ਼ਾਮਲ ਹੋ ਕੇ 30 ਦਸੰਬਰ ਨੂੰ ਬਲਾਕ ਮਾਜਰੀ, ਬਨੂੜ, ਮੋਹਾਲੀ, ਘੜੂੰਆਂ, ਖਰੜ ਨੂੰ ਬੰਦ ਰੱਖਣ ’ਚ ਆਪਣਾ ਸਹਿਯੋਗ ਕਰਨ। ਇਸ ਮੌਕੇ ਸਿੱਧੂਪੁਰ ਗਰੁੱਪ ਦੇ ਸੂਬਾ ਪ੍ਰੈੱਸ ਸੈਕਟਰੀ ਮੇਹਰ ਸਿੰਘ ਥੇੜੀ, ਬਹਾਦਰ ਸਿੰਘ ਨਿਆਮੀਆਂ, ਗੁਰਮੀਤ ਸਿੰਘ ਖੂਨੀਮਾਜਰਾ, ਜਸਵੀਰ ਸੰਤੇ ਮਾਜਰਾ, ਮਨਪ੍ਰੀਤ ਖੇੜੀ ,ਹਕੀਕਤ ਸਿੰਘ ਘੜੂੰਆਂ, ਜਸਵੀਰ ਸੰਤੇਮਾਜਰਾ, ਰਣਜੀਤ ਸਿੰਘ ਬਾਸੀਆਂ, ਜਸਪਾਲ ਸਿੰਘ ਲਾਂਡਰਾਂ , ਜਾਗਰ ਸਿੰਘ ਧੜਾਕ, ਸੁਰਮੁਖ ਸਿੰਘ, ਰਣਜੀਤ ਸਿੰਘ ਬਡਹੇੜੀ ਵੀ ਹਾਜ਼ਰ ਸਨ।