ਖਰੜ ਦੇ ਰਹਿਣ ਵਾਲੇ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਭਾਰਤੀ ਕ੍ਰਿਕਟ ਟੀਮ ’ਚ ਚੋਣ, ਪਰਿਵਾਰ ’ਚ ਖੁਸ਼ੀ ਦਾ ਮਾਹੌਲ
Monday, May 23, 2022 - 01:39 PM (IST)

ਚੰਡੀਗੜ੍ਹ(ਲਲਨ) : ਐੱਸ. ਡੀ. ਸੀਨੀਅਰ ਸੈਕੰਡਰੀ ਸੈਕਟਰ-24 ਕ੍ਰਿਕਟ ਅਕੈਡਮੀ ਵਿਚ ਅਭਿਆਸ ਕਰਨ ਵਾਲੇ ਅਤੇ ਕਿੰਗਸ ਇਲੈਵਨ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਚੋਣ ਸਾਊਥ ਅਫ਼ਰੀਕਾ ਨਾਲ 9 ਜੂਨ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਲਈ ਭਾਰਤੀ ਟੀ-20 ਟੀਮ ਵਿਚ ਕੀਤੀ ਗਈ ਹੈ। ਟੀਮ ਵਿਚ ਚੋਣ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਅਰਸ਼ਦੀਪ ਦੀ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਟੀਮ ਵਿਚ ਚੁਣੇ ਜਾਣ ਦੀ ਜਾਣਕਾਰੀ ਅਰਸ਼ਦੀਪ ਸਿੰਘ ਨੇ ਫ਼ੋਨ ਕਰ ਕੇ 3 ਵਜੇ ਪਰਿਵਾਰ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਇਸ ਦੀ ਜਾਣਕਾਰੀ ਨਿਊਜ਼ ਚੈਨਲਾਂ ਵੱਲੋਂ ਵੀ ਦੇਣੀ ਸ਼ੁਰੂ ਕਰ ਦਿੱਤੀ ਗਈ ਅਤੇ ਰਿਸ਼ਤੇਦਾਰਾਂ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ। ਉਨ੍ਹਾਂ ਦੀ ਮਾਤਾ ਨੇ ਕਿਹਾ ਕਿ ਇਹ ਅਰਸ਼ਦੀਪ ਦੀ ਮਿਹਨਤ ਦਾ ਫ਼ਲ ਹੈ ਕਿ ਉਹ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਵਿਚ ਸਫ਼ਲ ਹੋਇਆ।
ਇਹ ਵੀ ਪੜ੍ਹੋ- SRH vs PBKS : ਪੰਜਾਬ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ
ਡੈੱਥ ਓਵਰ ਦਾ ਕਿੰਗ ਕਿਹਾ ਜਾਂਦਾ ਹੈ ਅਰਸ਼ਦੀਪ ਨੂੰ , ਯਾਰਕਰ ਮਾਰ ਕੇ ਬੱਲੇਬਾਜ਼ਾਂ ਨੂੰ ਕੀਤਾ ਪ੍ਰੇਸ਼ਾਨ
ਆਈ. ਪੀ. ਐੱਲ.-2022 ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਬਦੌਲਤ ਅਰਸ਼ਦੀਪ ਸਿੰਘ ਦੀ ਚੋਣ ਭਾਰਤੀ ਟੀ-20 ਟੀਮ ਵਿਚ ਕੀਤੀ ਗਈ ਹੈ। ਆਈ. ਪੀ. ਐੱਲ. 2022 ਵਿਚ ਅਰਸ਼ਦੀਪ ਨੇ ਕਿੰਗਸ ਇਲੈਵਨ ਪੰਜਾਬ ਵਲੋਂ ਗੇਂਦਬਾਜ਼ੀ ਕਰਦਿਆਂ ਕਈ ਬੱਲੇਬਾਜ਼ਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਹੀ ਨਹੀਂ, ਉਸ ਨੂੰ ਸਾਬਕਾ ਕ੍ਰਿਕਟਰ ਡੈੱਥ ਓਵਰ ਵਿਚ ਗੇਂਦਬਾਜ਼ੀ ਕਰਨ ਦਾ ਕਿੰਗ ਵੀ ਕਹਿੰਦੇ ਹਨ। ਹੁਣ ਤੱਕ ਆਈ. ਪੀ. ਐੱਲ. ਵਿਚ ਖੇਡੇ ਗਏ ਮੁਕਾਬਲਿਆਂ ਵਿਚ ਅਰਸ਼ਦੀਪ ਨੇ ਡੈੱਥ ਓਵਰ ਵਿਚ ਯਾਰਕਰ ਮਾਰ ਕੇ ਬੱਲੇਬਾਜ਼ਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਹੈ।
ਪਿਤਾ ਵੀ ਗੇਦਬਾਜ਼ ਰਹੇ
ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਖੁਦ ਵੀ ਕ੍ਰਿਕਟਰ ਰਹੇ ਹਨ ਅਤੇ ਮੀਡੀਅਮ ਪੇਸਰ ਗੇਂਦਬਾਜ਼ ਸਨ। ਗੁਰਦਾਸਪੁਰ ਤੋਂ ਖੇਡਦਿਆਂ ਇੰਟਰ ਸਟੇਟ ਅਤੇ ਕਟੋਚ ਸ਼ੀਲਡ ਖੇਡ ਚੁੱਕੇ ਹਨ। ਦਰਸ਼ਨ ਸਿੰਘ ਨੇ ਕਿਹਾ ਕਿ ਅਰਸ਼ਦੀਪ ਦੀ ਮਿਹਨਤ ਕਾਰਨ ਉਹ ਅੱਜ ਇਸ ਮੁਕਾਮ ਤੱਕ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਉਹ ਜੂਨੀਅਰ ਏਸ਼ੀਆ ਕੱਪ ਅਤੇ ਅੰਡਰ-19 ਵਰਲਡ ਕੱਪ ਟੀਮ ਵਿਚ ਵੀ ਦੇਸ਼ ਦੀ ਤਰਜਮਾਨੀ ਕਰ ਚੁੱਕਾ ਹੈ।
ਇਹ ਵੀ ਪੜ੍ਹੋ- ਦੱ. ਅਫ਼ਰੀਕਾ ਤੇ ਇੰਗਲੈਂਡ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਇਸ ਖਿਡਾਰੀ ਨੂੰ ਮਿਲੀ ਟੀ-20 ਦੀ ਕਪਤਾਨੀ
ਸਾਈਕਲ ਰਾਹੀਂ ਜਾਂਦਾ ਸੀ ਟ੍ਰੇਨਿੰਗ 'ਤੇ
ਟ੍ਰੇਨਿੰਗ ਲਈ ਖਰੜ ਤੋਂ ਰੋਜ਼ ਸਾਈਕਲ ’ਤੇ ਆਉਂਦਾ ਸੀ। ਅਰਸ਼ਦੀਪ ਸਿੰਘ ਮੂਲਰੂਪ ਤੋਂ ਖਰੜ ਦਾ ਰਹਿਣ ਵਾਲਾ ਹੈ। ਉਸ ਨੇ ਕ੍ਰਿਕਟ ਦੇ ਆਪਣੇ ਸਫ਼ਰ ਦੀ ਸ਼ੁਰੂਆਤ ਚੰਡੀਗੜ੍ਹ ਦੀ ਸੈਕਟਰ-36 ਸਥਿਤ ਜੀ. ਐੱਨ. ਪੀ. ਐੱਸ. ਅਕੈਡਮੀ ਤੋਂ ਕੀਤੀ। ਮਾਂ ਬਲਜੀਤ ਕੌਰ ਨੇ ਦੱਸਿਆ ਕਿ ਖਰੜ ਤੋਂ ਰੋਜ਼ਾਨਾ ਉਹ ਸਾਈਕਲ ’ਤੇ ਚੰਡੀਗੜ੍ਹ ਕ੍ਰਿਕਟ ਦੀ ਟ੍ਰੇਨਿੰਗ ਲਈ ਪੁੱਜਦਾ ਸੀ ਪਰ ਹੁਣ ਉਹ ਸੈਕਟਰ-24 ਕ੍ਰਿਕਟ ਅਕੈਡਮੀ ਵਿਚ ਅਭਿਆਸ ਕਰਦਾ ਰਿਹਾ ਹੈ।
ਇਹ ਵੀ ਪੜ੍ਹੋ- ਇਕ ਰਾਊਂਡ ਪਹਿਲਾਂ ਹੀ ਵਿਸ਼ਵਨਾਥਨ ਆਨੰਦ ਨੇ ਜਿੱਤਿਆ ਸੁਪਰਬੇਟ ਰੈਪਿਡ ਸ਼ਤਰੰਜ
ਇਸ ਸਬੰਧੀ ਉਸ ਦੇ ਕੋਚ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਟੀਮ ਵਿਚ ਅਰਸ਼ਦੀਪ ਚੁਣਿਆ ਗਿਆ ਹੈ। ਅਰਸ਼ਦੀਪ ਦੇ ਚੁਣੇ ਜਾਣ ਨਾਲ ਨੌਜਵਾਨ ਕ੍ਰਿਕਟਰਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ 10 ਸਾਲ ਦੀ ਉਮਰ ਵਿਚ ਉਨ੍ਹਾਂ ਕੋਲ ਟ੍ਰੇਨਿੰਗ ਲੈਣ ਲਈ ਆਇਆ ਸੀ। ਇਹ ਉਸਦੀ ਮਿਹਨਤ ਅਤੇ ਲਗਨ ਹੈ, ਜੋ ਇੰਡੀਅਨ ਟੀਮ ਵਿਚ ਜਗ੍ਹਾ ਬਣਾ ਸਕਿਆ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।