ਨੈਸ਼ਨਲ ਚੈਂਪੀਅਨ ਰਿਹਾ ਗੈਂਗਸਟਰ 3 ਸਾਥੀਆਂ ਸਣੇ ਗ੍ਰਿਫਤਾਰ, ਅੱਤਵਾਦੀਆਂ ਨਾਲ ਜੁੜੇ ਤਾਰ

10/11/2019 3:36:49 PM

ਖੰਨਾ (ਬਿਪਨ) : ਖੰਨਾ ਪੁਲਸ ਨੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਅਜਿਹੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦਾ ਸਬੰਧ ਅੱਤਵਾਦ ਨਾਲ ਦੱਸਿਆ ਜਾ ਰਿਹਾ ਹੈ। ਇਸ ਗਿਰੋਹ ਦਾ ਮੁਖੀ 3 ਵਾਰ ਬਾਕਸਿੰਗ ਦਾ ਨੈਸ਼ਨਲ ਚੈਂਪੀਅਨ ਰਹਿ ਚੁੱਕਾ ਹੈ। ਗਿਰੋਹ ਦੇ 2 ਮੈਂਬਰ ਫਰਾਰ ਦੱਸੇ ਜਾ ਰਹੇ ਹਨ। ਫੜ੍ਹੇ ਗਏ ਦੋਸ਼ੀਆਂ ਕੋਲੋਂ 266 ਗ੍ਰਾਮ ਹੈਰੋਇਨ, 2 ਪਿਸਤੌਲਾਂ 32 ਬੋਰ, 3 ਮੈਗਜ਼ੀਨ ਅਤੇ 14 ਕਾਰਤੂਸ, 1 ਪਿਸਤੌਲ 9 ਐੱਮ. ਐੱਮ. ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ।

ਇਸ ਗੱਲ ਦਾ ਖੁਲਾਸਾ ਡੀ. ਆਈ. ਜੀ. ਲੁਧਿਆਣਾ ਰੇਂਜ ਦੇ ਰਣਬੀਰ ਸਿੰਘ ਖਟੜਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਫੜ੍ਹੇ ਗਏ ਗਿਰੋਹ 'ਤੇ 2 ਦਰਜਨ ਤੋਂ ਜ਼ਿਆਦਾ ਮਾਮਲੇ ਦਰਜ ਦੱਸੇ ਜਾ ਰਹੇ ਹਨ। ਦੋਸ਼ੀਆਂ ਦੀ ਪਛਾਣ ਸੁਖਵਿੰਦਰ ਸਿੰਘ ਬਾਕਸਰ ਉਰਫ ਸੋਨੀ, ਪੁੱਤਰ ਸੋਹਣ ਸਿੰਘ ਵਾਸੀ ਖੰਨਾ, ਜਸਦੀਪ ਸਿੰਘ ਉਰਫ ਕੋਕੀ , ਪੁੱਤਰ ਅਵਤਾਰ ਸਿੰਘ ਵਾਸੀ ਪਟਿਆਲਾ, ਵਿਸ਼ਾਲ ਕੁਮਾਰ ਉਰਫ ਕਾਰਾ, ਪੁੱਤਰ ਲੇਟ ਛੋਟੂ ਰਾਮ ਵਾਸੀ ਖੰਨਾ ਅਤੇ ਇਕਬਾਲਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਜਗਜੀਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ।
ਗੈਂਗਸਟਰ ਸੁਖਵਿੰਦਰ ਬਾਕਸਰ ਦੇ ਤਾਰ ਅੱਤਵਾਦੀਆਂ ਨਾਲ ਜੁੜੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਦੇ ਸਬੰਧ ਕਸ਼ਮੀਰ ਨਾਲ ਜੁੜੇ ਹੋਏ ਹਨ। ਉਹ ਨਿਹੰਗਾਂ ਦੇ ਬਾਣੇ 'ਚ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਦੱਸ ਦੇਈਏ ਕਿ ਸੁਖਵਿੰਦਰ ਬਾਕਸਰ ਦੇ ਨਾਭਾ ਜੇਲ ਬ੍ਰੇਕ ਕਾਂਡ 'ਚ ਫਰਾਰ ਹੋਏ ਅੱਤਵਾਦੀ ਨਾਲ ਵੀ ਸਬੰਧ ਹਨ। ਫਿਲਹਾਲ ਪੁਲਸ ਫੜ੍ਹੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।


Babita

Content Editor

Related News