ਪੈਟਰੋਲ ਦੀ ਬੋਤਲ ਲੈ ਟੈਂਕੀ ''ਤੇ ਚੜ੍ਹੀ ਜਨਾਨੀ ਨੇ ਉਡਾਏ ਪੁਲਸ ਦੇ ਹੋਸ਼, ਚੱਲਿਆ ਹਾਈ ਵੋਲਟੇਜ ਡਰਾਮਾ
Thursday, Oct 15, 2020 - 08:36 AM (IST)
ਖੰਨਾ (ਕਮਲ) : ਸਥਾਨਕ ਅਮਲੋਹ ਰੋਡ ਸਥਿਤ ਸਬਜ਼ੀ ਮੰਡੀ ’ਚ ਬਣੀ ਪਾਣੀ ਵਾਲੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹੀ ਜਨਾਨੀ ਨੇ ਸਥਾਨਕ ਪੁਲਸ ਦੇ ਹੋਸ਼ ਉਡਾ ਛੱਡੇ ਅਤੇ ਇਹ ਹਾਈ ਵੋਲਟੇਜ ਡਰਾਮਾ ਕਰੀਬ ਡੇਢ ਘੰਟਾ ਚੱਲਦਾ ਰਿਹਾ। ਭਾਵੇਂ ਇਸ ਦੌਰਾਨ ਇਕ ਵਾਰ ਤਾਂ ਖੰਨਾ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਪਰ ਪੁਲਸ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਜਨਾਨੀ ਦੇ ਇਕ ਜਾਣਕਾਰ (ਮੀਡੀਆ-ਕਰਮੀ) ਦੀ ਮਦਦ ਨਾਲ ਉਸ ਨੂੰ ਸਹੀ ਸਲਾਮਤ ਹੇਠਾਂ ਉਤਾਰ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 12 ਸਾਲ ਤੋਂ ਕਾਬਜ਼ ਕਿਸਾਨਾਂ ਨੂੰ ਮਿਲੇਗਾ ਜ਼ਮੀਨ ਦਾ ਮਾਲਕਾਨਾ ਹੱਕ
ਟੈਂਕੀ ’ਤੇ ਚੜ੍ਹੀ ਪਿੰਡ ਤੁਰਮਰੀ ਦੀ ਜਨਾਨੀ ਹੈਪੀ ਜਿਹੜੀ ਕਿ ਹੁਣ ਨੇੜਲੇ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ 'ਚ ਰਹਿੰਦੀ ਹੈ, ਨੇ ਪੁਲਸ ’ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਉਂਦੇ ਹੋਏ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਡੀ. ਐੱਸ. ਪੀ. ਸਬ-ਡਵੀਜ਼ਨ ਖੰਨਾ ਰਾਜਨ ਪਰਮਿੰਦਰ ਸਿੰਘ, ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਸਰਬਜੀਤ ਕੌਰ ਬਾਜਵਾ, ਨਾਇਬ ਤਹਿਸੀਲਦਾਰ ਵਿਸ਼ਵਜੀਤ ਸਿੰਘ, ਥਾਣਾ ਸਿਟੀ ਖੰਨਾ-2 ਦੇ ਐੱਸ. ਐੱਚ. ਓ. ਥਾਣੇਦਾਰ ਲਾਭ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਇਕੱਠੇ ਲੋਕਾਂ ਦੀ ਹਾਜ਼ਰੀ 'ਚ ਜਨਾਨੀ ਨੇ ਟੈਂਕੀ ਤੋਂ ਵਾਰ-ਵਾਰ ਪੁਲਸ 'ਤੇ ਉਸ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਾਏ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਿਸਾਨ ਜੱਥੇਬੰਦੀਆਂ ਦੀ 'ਬੈਠਕ' ਅੱਜ, ਖੇਤੀ ਕਾਨੂੰਨਾਂ ਖ਼ਿਲਾਫ਼ ਬਣਾਈ ਜਾਵੇਗੀ ਰਣਨੀਤੀ
ਇਸ ਦੌਰਾਨ ਜਨਾਨੀ ਨੇ ਆਪਣੇ ਸਰੀਰ ’ਤੇ ਪੈਟਰੋਲ ਵੀ ਛਿੜਕ ਲਿਆ ਪੁਲਸ ਅਧਿਕਾਰੀਆਂ ਨੇ ਜਨਾਨੀ ਨੂੰ ਹੇਠਾਂ ਉਤਰ ਕੇ ਆਪਣੀ ਗੱਲਬਾਤ ਰੱਖਣ ਦੀ ਅਪੀਲ ਕੀਤੀ। ਇਸ ਦੌਰਾਨ ਫਾਇਰ ਬਿਗ੍ਰੇਡ ਅਤੇ ਸਿਵਲ ਹਸਪਤਾਲ ਦੀ ਟੀਮ ਵੀ ਮੌਕੇ ’ਤੇ ਪੁੱਜ ਗਈ ਸੀ। ਸਿਹਤ ਟੀਮ ਵਲੋਂ ਜਨਾਨੀ ਦੇ ਟੈਂਕੀ ਤੋਂ ਹੇਠਾਂ ਉਤਰਣ ’ਤੇ ਤੁਰੰਤ ਉਸ ਦੀ ਮੁੱਢਲੀ ਜਾਂਚ ਕੀਤੀ ਗਈ। ਹੈਪੀ ਨੇ ਕਿਹਾ ਕਿ ਪੁਲਸ ਵਲੋਂ ਉਸਦੇ ਬੇਟੇ ਨੂੰ ਇਕ ਮਾਮਲੇ 'ਚ ਗਲਤ ਨਾਮਜ਼ਦ ਕੀਤਾ ਗਿਆ ਹੈ ਅਤੇ ਉਸ ਤੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਉਸ ਨੇ ਥਾਣਾ ਸਿਟੀ-2 ਦੇ ਇਕ ਸਹਾਇਕ ਥਾਣੇਦਾਰ ’ਤੇ 50 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਵੀ ਦੋਸ਼ ਲਾਏ। ਜਨਾਨੀ ਨੇ ਦੋਸ਼ ਲਾਇਆ ਕਿ ਪੁਲਸ ਨੇ ਛਾਪੇਮਾਰੀ ਦੌਰਾਨ ਉਸ ਨਾਲ ਦੁਰ-ਵਿਵਹਾਰ ਕੀਤਾ, ਉਸ ਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਤੋਂ ਦੁਖ਼ੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਪੁਲਸ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਔਰਤ ਦੇ ਬੇਟੇ ’ਤੇ ਮਾਮਲਾ ਦਰਜ ਹੈ। ਪੁਲਸ ਪਾਰਟੀ ਵਲੋਂ ਉਕਤ ਮਾਮਲੇ ਦੀ ਛਾਣਬੀਣ ਸਬੰਧੀ ਉਸਦੇ ਘਰ 'ਚ ਛਾਪਾ ਮਾਰਿਆ ਗਿਆ ਸੀ।
ਇਹ ਵੀ ਪੜ੍ਹੋ : ਝੁੱਗੀਆਂ-ਝੌਂਪੜੀਆਂ 'ਚ ਰਹਿਣ ਵਾਲੇ ਲੋਕਾਂ ਲਈ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ : ਡੀ. ਐੱਸ. ਪੀ.
ਇਸ ਦੌਰਾਨ ਡੀ. ਐੱਸ. ਪੀ. ਖੰਨਾ ਰਾਜਨ ਪਰਮਿੰਦਰ ਸਿੰਘ ਨੇ ਕਿਹਾ ਕਿ ਜਨਾਨੀ ਨੂੰ ਸਮਝਾਇਆ ਗਿਆ ਹੈ ਕਿ ਜੇਕਰ ਉਸਦੀ ਸੁਣਵਾਈ ਨਹੀਂ ਹੋ ਰਹੀ ਸੀ ਤਾਂ ਉਹ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਦੀ ਸੀ । ਉਨ੍ਹਾਂ ਕਿਹਾ ਕਿ ਜਨਾਨੀ ਵਲੋਂ ਲਾਏ ਜਾ ਰਹੇ ਦੋਸ਼ਾਂ ਸਬੰਧੀ ਉਸ ਨੂੰ ਲਿਖਤੀ ਦੇਣ ਲਈ ਕਿਹਾ ਗਿਆ ਹੈ ਕਿ ਜਿਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਪੀੜਤ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇਗਾ।