ਸ਼੍ਰੀ ਦੀਪਤਾਨੰਦ ਅਵਧੂਤ ਆਸ਼ਰਮ 'ਚ ਦਾਖਲ ਹੋਏ 4 ਨਕਾਬਪੋਸ਼, ਫੁਟੇਜ਼ ਜਾਰੀ
Sunday, Jun 30, 2019 - 11:05 AM (IST)

ਖੰਨਾ (ਵਿਪਨ, ਸੁਨੀਲ) - ਖੰਨੇ ਦੇ ਚਕਮਾਫੀ ਦੇ ਸ਼੍ਰੀ ਦੀਪਤਾਨੰਦ ਅਵਧੂਤ ਆਸ਼ਰਮ 'ਚ ਦੇਰ ਰਾਤ ਚਾਰ ਨਕਾਬਪੋਸ਼ ਕੰਧ ਟੱਪ ਕੇ ਸੰਚਾਲਕ ਸਵਾਮੀ ਕ੍ਰਿਸ਼ਨਾਨੰਦ 'ਤੇ ਹਮਲੇ ਦੀ ਨੀਅਤ ਨਾਲ ਅੰਦਰ ਦਾਖਲ ਹੋਏ । ਡੰਡਿਆਂ ਅਤੇ ਹਥਿਆਰਾਂ ਨਾਲ ਲੈਸ ਚਾਰ ਨਕਾਬਪੋਸ਼ ਕਰੀਬ ਇਕ ਘੰਟੇ ਤੱਕ ਆਸ਼ਰਮ ਨੂੰ ਖੰਗਾਲਦੇ ਰਹੇ। ਆਸ਼ਰਮ 'ਚ ਦਾਖਲ ਹੋਏ ਨਕਾਬਪੋਸ਼ਾਂ ਨੇ ਉੱਥੇ ਮੌਜੂਦ ਸੇਵਾਦਾਰਾਂ ਦੇ ਕਮਰਿਆਂ ਨੂੰ ਬਾਹਰੋਂ ਕੁੰਡੀ ਲਗਾ ਕੇ ਕਈ ਕਮਰਿਆਂ ਦੀਆਂ ਅਲਮਾਰੀਆਂ 'ਚ ਪਿਆ ਸਾਮਾਨ ਵੀ ਖੰਗਾਲਿਆ ਪਰ ਆਸ਼ਰਮ 'ਚੋਂ ਕੋਈ ਵੀ ਸਾਮਾਨ ਗਾਇਬ ਨਹੀਂ ਪਾਇਆ ਗਿਆ। ਅਣਪਛਾਤੇ ਨਕਾਬਪੋਸ਼ਾਂ ਵਲੋਂ ਕੀਤੀ ਗਈ ਸ਼ੱਕੀ ਗਤੀਵਿਧੀ ਆਸ਼ਰਮ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ। ਸੂਚਨਾ ਮਿਲਣ 'ਤੇ ਪੁੱਜੇ ਪੁਲਸ ਅਧਿਕਾਰੀ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਖੰਗਾਲ ਕੇ ਮਾਮਲੇ ਦੀ ਛਾਣਬੀਣ ਕਰ ਰਹੇ ਹਨ। ਜਦੋਂ ਨਕਾਬਪੋਸ਼ ਆਸ਼ਰਮ ਨੂੰ ਖੰਗਾਲ ਰਹੇ ਸਨ ਤਾਂ ਉਸ ਸਮੇਂ ਉੱਥੇ ਆਸ਼ਰਮ ਦੇ ਪੰਜ ਲੋਕ ਮੌਜੂਦ ਸਨ, ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਭਿਣਕ ਨਾ ਮਿਲਣ ਦੀ ਗੱਲ ਕਹੀ ਹੈ ।
ਇਸ ਮਾਮਲੇ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਸਵੇਰੇ ਤੜਕੇ ਕਰੀਬ ਸਾਢੇ ਤਿੰਨ ਵਜੇ ਪੂਜਾ ਪਾਠ ਲਈ ਉੱਠੇ ਇਕ ਸੇਵਾਦਾਰ ਨੇ ਟੁੱਟਿਆ ਦਰਵਾਜ਼ਾ ਅਤੇ ਅੰਦਰ ਖਿੱਲਰਿਆ ਸਾਮਾਨ ਦੇਖਿਆ ਤਾਂ ਉਸਨੇ ਮਾਮਲੇ ਦੀ ਜਾਣਕਾਰੀ ਹੋਰ ਸੇਵਾਦਾਰਾਂ ਨੂੰ ਦਿੱਤੀ, ਜਿਸ ਦੇ ਬਾਅਦ ਪਿੰਡ ਵਾਸੀਆਂ ਅਤੇ ਸਰਪੰਚ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ । ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਐੱਸ. ਐੱਚ. ਓ. ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ 'ਚ ਚਾਰ ਨਕਾਬਪੋਸ਼ ਦੇਖੇ ਗਏ ਹਨ ਪਰ ਨਕਾਬਪੋਸ਼ਾਂ ਦੇ ਆਸ਼ਰਮ 'ਚ ਉਨ੍ਹਾਂ ਦੇ ਦਾਖਲ ਹੋਣ ਅਤੇ ਬਾਹਰ ਭੱਜਣ ਦਾ ਹਾਲੇ ਕੁਝ ਸਾਫ਼ ਪਤਾ ਨਹੀਂ ਚੱਲ ਪਾ ਰਿਹੈ ।
ਸਵਾਮੀ ਕ੍ਰਿਸ਼ਨਾ ਨੰਦ ਬੋਲੇ, ਉਨ੍ਹਾਂ ਦਾ ਮਕਸਦ ਲੁੱਟ ਨਹੀਂ, ਉਨ੍ਹਾਂ 'ਤੇ ਹਮਲਾ ਕਰਨਾ ਸੀ
ਚਕਮਾਫੀ ਆਸ਼ਰਮ ਦੇ ਸੰਚਾਲਕ ਸਵਾਮੀ ਕ੍ਰਿਸ਼ਨਾ ਨੰਦ ਨੇ ਫੋਨ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਆਸ਼ਰਮ 'ਚ ਦੇਰ ਰਾਤ ਚਾਰ ਨਕਾਬਪੋਸ਼ ਡੰਡਿਆਂ ਅਤੇ ਕਿਰਪਾਨਾਂ ਨਾਲ ਲੈਸ ਹੋ ਕੇ ਅੰਦਰ ਦਾਖਲ ਹੋਏ ਸਨ । ਉਨ੍ਹਾਂ ਦਾ ਮਕਸਦ ਲੁੱਟ ਨਹੀਂ ਸਗੋਂ ਉਨ੍ਹਾਂ 'ਤੇ ਹਮਲਾ ਕਰਨਾ ਸੀ । ਨਕਾਬਪੋਸ਼ਾਂ ਨੇ ਆਸ਼ਰਮ 'ਚੋਂ ਕੋਈ ਵੀ ਸਾਮਾਨ ਜਾਂ ਕੈਸ਼ ਨਹੀਂ ਚੁੱਕਿਆ ਹੈ । ਆਸ਼ਰਮ 'ਚ ਪਹਿਲਾਂ ਵੀ ਹੋਣ ਵਾਲੇ ਪ੍ਰੋਗਰਾਮਾਂ 'ਚ ਕਈ ਸ਼ੱਕੀ ਵਿਅਕਤੀ ਦਿਖ ਚੁੱਕੇ ਹਨ। ਆਰ. ਐੱਸ. ਐੱਸ. ਦੇ ਨਾਲ ਜੁੜੇ ਹੋਣ ਦੇ ਕਾਰਨ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਹੀ ਆਸ਼ਰਮ 'ਚ ਨਕਾਬਪੋਸ਼ ਦਾਖਲ ਹੋਏ ਪਰ ਆਸ਼ਰਮ 'ਚ ਮੌਜੂਦ ਨਾ ਹੋਣ ਦੇ ਕਾਰਨ ਉਸਦਾ ਬਚਾਅ ਰਿਹਾ ।