ਚੋਰੀ ਦੀ ਬਿਜਲੀ ਨਾਲ ਸ਼ਹੀਦਾਂ ਦੀ ਯਾਦ ’ਚ ਡਰਾਮੇ ਦਾ ਮੰਚਨ, ਮਹਿਕਮੇ ਨੇ ਨਹੀਂ ਕੀਤੀ ਕੋਈ ਕਾਰਵਾਈ

03/26/2019 5:12:08 AM

ਖੰਨਾ (ਸੁਨੀਲ)-ਇਕ ਪਾਸੇ ਪੰਜਾਬ ਸਰਕਾਰ ਵਲੋਂ ਬਿਜਲੀ ਚੋਰੀ ਰੋਕਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਨਾਏ ਜਾ ਰਹੇ ਹਨ ਅਤੇ ਬਿਜਲੀ ਦੀ ਚੋਰੀ ਰੋਕਣ ਲਈ ਮਹਿਕਮੇ ਵਲੋਂ ਇਨਫੋਰਸਮੈਂਟ ਟੀਮਾਂ ਵੀ ਬਣਾਈਆਂ ਹੋਈਆਂ ਹਨ ਤਾਂ ਕਿ ਬਿਜਲੀ ਦੀ ਚੋਰੀ ਰੋਕੀ ਜਾ ਸਕੇ। ਹੈਰਾਨੀ ਦੀ ਗੱਲ ਹੈ ਕਿ ਜਦੋਂ ਸ਼ਰੇਆਮ ਬਿਜਲੀ ਚੋਰੀ ਦੀ ਸੂਚਨਾ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਮਿਲਦੀ ਹੈ ਤਾਂ ਆਖਰ ਉਹ ਕਿਉਂ ਇਸਨੂੰ ਲੈ ਕੇ ਕਾਰਵਾਈ ਨਹੀਂ ਕਰਦੇ। ਤਾਜ਼ਾ ਮਾਮਲਾ ਪਿੰਡ ਰਸੂਲਡ਼ਾ ਤੋਂ ਸਾਹਮਣੇ ਆਇਆ ਹੈ, ਇੱਥੇ ਬੀਤੀ ਰਾਤ ਸ਼ਹੀਦਾਂ ਦੀ ਯਾਦ ’ਚ ਡਰਾਮੇ ਦਾ ਮੰਚਨ ਚੋਰੀ ਦੀ ਬਿਜਲੀ ਨਾਲ ਕਰਵਾਇਆ ਜਾ ਰਿਹਾ ਸੀ। ਸ਼ਰੇਆਮ ਬਿਜਲੀ ਦੀ ਕੁੰਡੀ ਲਾ ਕੇ ਗਰਾਊਂਡ ਨੂੰ ਲਾਈਟਾਂ ਨਾਲ ਜਗਮਗਾਇਆ ਹੋਇਆ ਸੀ। ਸਟੇਜ ’ਤੇ ਡੀ. ਜੇ. ਵੀ ਕੁੰਡੀ ਨਾਲ ਹੀ ਚੱਲ ਰਿਹਾ ਸੀ। ਇਸਦੀ ਵੀਡੀਓ ਤੇ ਤਸਵੀਰਾਂ ਖੰਨਾ ਸਰਕਲ ਦੇ ਐੱਸ. ਈ. ਚਰਨਜੀਤ ਸਿੰਘ ਬਰਾਡ਼ ਤੱਕ ਪਹੁੰਚਾਈਆਂ ਗਈਆਂ, ਜਿਨ੍ਹਾਂ ਨੇ ਸਬ-ਅਰਬਨ ਡਵੀਜ਼ਨ ਦੇ ਐੱਸ. ਡੀ. ਓ. ਰਾਜਿੰਦਰ ਕੁਮਾਰ ਦੀ ਡਿਊਟੀ ਲਾਈ, ਜਿਵੇਂ ਹੀ ਐੱਸ. ਡੀ. ਓ. ਦੀ ਡਿਊਟੀ ਲੱਗੀ ਤਾਂਂ ਕਿਸੇ ਨੇ ਫੋਨ ਕਰ ਕੇ ਪ੍ਰਬੰਧਕਾਂ ਨੂੰ ਸੂਚਨਾ ਦੇ ਦਿੱਤੀ ਕਿ ਤੁਹਾਡੀ ਸ਼ਿਕਾਇਤ ਹੋ ਚੁੱਕੀ ਹੈ। ਜਲਦੀ ’ਚ ਕੁੰਡੀ ਉਤਾਰ ਕੇ ਜਨਰੇਟਰ ’ਤੇ ਸਭ ਕੁਝ ਚਲਾ ਦਿੱਤਾ ਗਿਆ। ਰਾਤ 10 ਵਜੇ ਦੇ ਕਰੀਬ ਐੱਸ. ਡੀ. ਓ. ਪੁੱਜੇ ਅਤੇ ਵੀਡੀਓ ਅਤੇ ਤਸਵੀਰਾਂ ਦੀ ਪਡ਼ਤਾਲ ਕੀਤੇ ਬਿਨਾਂ ਖਾਨਾਪੂਰਤੀ ਕਰ ਕੇ ਚਲੇ ਗਏ। ਇਸਨੂੰ ਲੈ ਕੇ ਅਗਲੇ ਦਿਨ ਵੀ ਕੋਈ ਜਵਾਬ ਤਲਬੀ ਅਤੇ ਕਾਰਵਾਈ ਨਹੀਂ ਕੀਤੀ ਗਈ, ਜਿਸਦੇ ਪਿੱਛੇ ਚਰਚਾ ਸੀ ਕਿ ਸਿਆਸੀ ਦਬਾਅ ’ਚ ਮਾਮਲਾ ਸ਼ਾਂਤ ਕਰ ਦਿੱਤਾ ਗਿਆ। ਕਿਵੇਂ ਖੋਲ੍ਹਿਆ ਮੀਟਰ ਬਾਕਸ ਵੀਡੀਓ ’ਚ ਪਾਵਰਕਾਮ ਦੀ ਇਹ ਲਾਪਰਵਾਹੀ ਵੀ ਸਾਹਮਣੇ ਆਈ ਹੈ ਕਿ ਬਿਜਲੀ ਚੋਰੀ ਰੋਕਣ ਲਈ ਜੋ ਮੀਟਰ ਘਰਾਂ ਤੋਂ ਬਾਹਰ ਲਾ ਦਿੱਤੇ ਗਏ ਹਨ, ਦੇ ਬਾਕਸ ਨੂੰ ਤਾਲਾ ਲਾ ਕੇ ਚਾਬੀ ਇਲਾਕੇ ਦੇ ਸਬੰਧਤ ਮੁਲਾਜ਼ਮ ਦੇ ਕੋਲ ਹੁੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਕੁੰਡੀ ਲਾਉਣ ਲਈ ਮੀਟਰ ਬਾਕਸ ਕਿਵੇਂ ਖੋਲ੍ਹਿਆ ਗਿਆ। ਇਸਦਾ ਤਾਲਾ ਕਿਸਨੇ ਖੋਲ੍ਹਿਆ ਜਾਂ ਤੋਡ਼ਿਆ। ਅਜਿਹੇ ’ਚ ਉਨ੍ਹਾਂ ਲੋਕਾਂ ਦੇ ਖਿਲਾਫ ਵੀ ਕਾਰਵਾਈ ਬਣਦੀ ਹੈ। ਜੇਕਰ ਮੁਲਾਜ਼ਮ ਨੇ ਚਾਬੀ ਦਿੱਤੀ ਹੈ ਤਾਂ ਮੁਲਾਜ਼ਮ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਕੀ ਕਹਿਣੈ ਪ੍ਰਬੰਧਕਾਂ ਦਾ ਇਸ ਸਬੰਧੀ ਜਦੋਂ ਡਰਾਮੇ ਦਾ ਮੰਚਨ ਕਰਵਾਉਣ ਵਾਲੇ ਪ੍ਰਬੰਧਕਾਂ ’ਚ ਸ਼ਾਮਲ ਯੂਥ ਕਾਂਗਰਸੀ ਨੇਤਾ ਹਰਕੀਰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਪ੍ਰਕਾਰ ਦੀ ਕੋਈ ਕੁੰਡੀ ਨਹੀਂ ਲਾਈ ਗਈ ਸੀ। ਸਾਰਾ ਪ੍ਰੋਗਰਾਮ ਜਨਰੇਟਰ ’ਤੇ ਕਰਵਾਇਆ ਜਾ ਰਿਹਾ ਸੀ, ਜਿਸ ਨੇ ਵੀ ਸ਼ਿਕਾਇਤ ਕੀਤੀ ਹੈ, ਉਹ ਝੂਠੀ ਕੀਤੀ ਹੈ। ਮੌਕੇ ’ਤੇ ਕੋਈ ਸਬੂਤ ਨਹੀਂ ਮਿਲਿਆ : ਐੱਸ. ਈ. ਇਸ ਸਬੰਧੀ ਪਾਵਰਕਾਮ ਸਰਕਲ ਖੰਨਾ ਦੇ ਐੱਸ. ਈ. ਚਰਨਜੀਤ ਸਿੰਘ ਬਰਾਡ਼ ਨੇ ਕਿਹਾ ਕਿ ਐੱਸ. ਡੀ. ਓ. ਨੂੰ ਮੌਕੇ ’ਤੇ ਕੋਈ ਸਬੂਤ ਨਹੀਂ ਮਿਲਿਆ ਕਿ ਜਿਸਦੇ ਨਾਲ ਸਾਬਤ ਹੋ ਸਕੇ ਕਿ ਬਿਜਲੀ ਚੋਰੀ ਕੀਤੀ ਗਈ ਹੈ, ਜੋ ਵੀਡੀਓ ਅਤੇ ਤਸਵੀਰਾਂ ਹਨ ਉਨ੍ਹਾਂ ਦੀ ਵੀ ਅਸੀ ਜਾਂਚ ਕਰ ਰਹੇ ਹਾਂ। ਕਿਸੇ ਨੇ ਕੁੰਡੀ ਨਹੀਂ ਲਾਈ ਸੀ : ਐੱਸ. ਡੀ. ਓ. ਦੇਰ ਰਾਤ ਚੈਕਿੰਗ ਕਰਨ ਪੁੱਜੇ ਐੱਸ. ਡੀ. ਓ. ਨੇ ਕਿਹਾ ਕਿ ਉਨ੍ਹਾਂ ਦੇ ਪਹੁੰਚਣ ਮੌਕੇ ਜਨਰੇਟਰ ਚੱਲ ਰਿਹਾ ਸੀ। ਕਿਸੇ ਨੇ ਕੁੰਡੀ ਨਹੀਂ ਲਾਈ ਸੀ ਅਤੇ ਨਾ ਹੀ ਉੱਥੇ ਬਿਜਲੀ ਚੋਰੀ ਦਾ ਕੋਈ ਸਬੂਤ ਮਿਲਿਆ। ਮੀਟਰ ਬਾਕਸ ਖੋਲ੍ਹਣ, ਵੀਡੀਓ ਅਤੇ ਤਸਵੀਰਾਂ ਦੇ ਸਵਾਲ ’ਤੇ ਐੱਸ. ਡੀ. ਓ. ਬੋਲੇ ਕਿ ਉਹ ਡਰਾਈਵਿੰਗ ਕਰ ਰਹੇ ਹਨ, ਬਾਅਦ ’ਚ ਗੱਲ ਕਰਨਗੇ। ਇਹ ਬਣਦੀ ਹੈ ਕਾਰਵਾਈ ਇਲੈਕਟ੍ਰੀਸਿਟੀ ਐਕਟ 2003 ਦੇ ਮੁਤਾਬਕ ਜੇਕਰ ਕੋਈ ਵਿਅਕਤੀ ਬਿਜਲੀ ਚੋਰੀ ਕਰਦਾ ਹੈ ਤਾਂ ਉਸਦੇ ਖਿਲਾਫ ਐਕਟ ਦੀ ਧਾਰਾ 135 ਅਤੇ 126 ਦੇ ਤਹਿਤ ਕਾਰਵਾਈ ਹੋ ਸਕਦੀ ਹੈ। ਧਾਰਾ 135 ’ਚ ਚੋਰੀ ਕਰਨ ਵਾਲਿਆਂ ਖਿਲਾਫ ਜੁਰਮਾਨੇ ਦੇ ਨਾਲ-ਨਾਲ ਐੱਫ. ਆਈ. ਆਰ. ਵੀ ਦਰਜ ਹੋ ਸਕਦੀ ਹੈ। ਧਾਰਾ 126 ਦੇ ਤਹਿਤ ਐੱਸ. ਡੀ. ਐੱਮ. ਦੇ ਕੋਲ ਪੈਨਾਲਟੀ ਤੇ ਹੋਰ ਪ੍ਰਕਾਰ ਦੀ ਸਜ਼ਾ ਦਾ ਅਧਿਕਾਰ ਹੁੰਦਾ ਹੈ।

Related News