''ਖਾਲਸਾ ਵਹੀਰ'' ਯਾਤਰਾ ਪਹੁੰਚੀ ਜਲੰਧਰ, ਸੰਗਤਾਂ ਦੇ ਹੜ੍ਹ ਨੇ ਕੀਤਾ ਨਿੱਘਾ ਸਵਾਗਤ, ਅੱਜ ਹੋਵੇਗਾ ਅੰਮ੍ਰਿਤ ਸੰਚਾਰ
12/12/2022 9:23:19 AM

ਜਲੰਧਰ (ਪਰੂਥੀ, ਅਰੋੜਾ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਤਕ ਜਾ ਰਹੀ ਖਾਲਸਾ ਵਹੀਰ ਐਤਵਾਰ ਜਲੰਧਰ ਪੁੱਜੀ, ਜਿੱਥੇ ਸ਼ਹਿਰ ਦੀਆਂ ਸਿੰਘ ਸਭਾਵਾਂ ਅਤੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਪਾਲਕੀ ਸਾਹਿਬ ਅਤੇ ਵਹੀਰ ਨਾਲ ਆਈ ਸੰਗਤ ਉੱਤੇ ਫੁੱਲਾਂ ਦੀ ਵਰਖਾ ਕਰਕੇ ਜੀ ਆਇਆਂ ਕਿਹਾ l ਬਿਧੀਪੁਰ ਨਜ਼ਦੀਕ ਸਿੱਖ ਤਾਲਮੇਲ ਕਮੇਟੀ ਅਤੇ ਆਗਾਜ਼ ਐੱਨ. ਜੀ. ਓ. ਦੇ ਕਾਰਕੁੰਨਾਂ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਦੇਖ-ਰੇਖ ਵਿਚ ਜਲੰਧਰ ਪੁੱਜੀ ਵਹੀਰ ਦਾ ਨਿੱਘਾ ਸਵਾਗਤ ਕਰਦੇ ਹੋਏ ਭਾਈ ਸਾਹਿਬ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਜਲੰਧਰ ਵਿਖੇ ਠਹਿਰਾਓ ਸਥਾਨਕ ਬਰਲਟਨ ਪਾਰਕ ਵਿਚ ਹੋਵੇਗਾ, ਜਿੱਥੇ ਸ਼ਾਮ ਤੋਂ ਲੈ ਕੇ ਰਾਤ ਤੱਕ ਦੀਵਾਨ ਸਜਾਏ ਗਏ, ਜਿੱਥੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕੀਤਾ। ਵੱਖ-ਵੱਖ ਗੁਰੂ ਘਰਾਂ ਤੋਂ ਦਾਲ-ਪ੍ਰਸ਼ਾਦਿਆਂ ਦੇ ਲੰਗਰ ਅਤੁੱਟ ਅਤੇ ਨਿਰੰਤਰ ਚੱਲਦੇ ਰਹੇ l ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸੋਮਵਾਰ ਅੰਮ੍ਰਿਤ ਸੰਚਾਰ ਹੋਵੇਗਾ ਅਤੇ 11 ਵਜੇ ਮਹੱਲਾ ਸਜਾਇਆ ਜਾਵੇਗਾ, ਜੋ ਕਿ ਬਰਲਟਨ ਪਾਰਕ ਤੋਂ ਪਟੇਲ ਚੌਕ, ਮਾਈ ਹੀਰਾਂ ਗੇਟ, ਅੱਡਾ ਹੁਸ਼ਿਆਰਪੁਰ, ਖਿੰਗਰਾਂ ਗੇਟ, ਭਗਤ ਸਿੰਘ ਚੌਕ, ਫਗਵਾੜਾ ਗੇਟ, ਮਿਲਾਪ ਚੌਕ, ਨਯਾ ਬਾਜ਼ਾਰ, ਸ਼ੇਖਾਂ ਬਾਜ਼ਾਰ, ਜੋਤੀ ਚੌਕ, ਬਸਤੀ ਅੱਡਾ ਅਤੇ ਸਬਜ਼ੀ ਮੰਡੀ ਤੋਂ ਹੁੰਦੇ ਹੋਏ ਵਾਪਸ ਬਰਲਟਨ ਪਾਰਕ ਵਿਖੇ ਸਮਾਪਤ ਹੋਵੇਗਾ l
ਇਹ ਵੀ ਪੜ੍ਹੋ : ਨੈਸ਼ਨਲ ਹਾਈਵੇਅ ਅਥਾਰਿਟੀ ਨੇ ਜਲੰਧਰ ’ਚ ਸ਼ੁਰੂ ਕੀਤਾ ਦਿੱਲੀ-ਜੰਮੂ-ਕਟੜਾ ਐਕਸਪ੍ਰੈੱਸ-ਵੇਅ ਦਾ ਕੰਮ
ਇਸ ਮੌਕੇ ਸਿੰਘ ਸਭਾਵਾਂ ਦੇ ਨੁਮਾਇੰਦੇ ਜਗਜੀਤ ਸਿੰਘ ਖਾਲਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਹਰਜਿੰਦਰ ਸਿੰਘ ਏਕਤਾ ਵਿਹਾਰ, ਗੁਰਿੰਦਰ ਸਿੰਘ ਮਝੈਲ ਅਤੇ ਗੁਰਮੀਤ ਸਿੰਘ ਬਿੱਟੂ, ਹਰਜੋਤ ਸਿੰਘ ਲੱਕੀ, ਕੰਵਲਜੀਤ ਸਿੰਘ ਟੋਨੀ, ਗੁਰਕਿਰਪਾਲ ਸਿੰਘ, ਕੁਲਵਿੰਦਰ ਸਿੰਘ ਭੋਗਪੁਰ, ਦਵਿੰਦਰ ਸਿੰਘ ਰਿਆਤ, ਮਨਜੀਤ ਸਿੰਘ ਕਰਤਾਰਪੁਰ, ਓਂਕਾਰ ਸਿੰਘ, ਕੁਲਜੀਤ ਸਿੰਘ ਚਾਵਲਾ, ਭਾਈ ਜਸਪਾਲ ਸਿੰਘ, ਜਤਿੰਦਰਪਾਲ ਸਿੰਘ ਮਝੈਲ, ਹਰਮਨਜੋਤ ਸਿੰਘ ਬਠਲਾ, ਬਲਜੀਤ ਸਿੰਘ ਸ਼ੰਟੀ, ਸਵਰਨ ਸਿੰਘ ਚੱਢਾ, ਪਲਵਿੰਦਰ ਸਿੰਘ ਬਾਬਾ, ਚਰਨਜੀਤ ਸਿੰਘ ਸੇਠੀ, ਹਰਜਿੰਦਰ ਸਿੰਘ ਪਰੂਥੀ, ਰਾਜਪਾਲ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਪਰਿਵਾਰ 'ਤੇ ਟੁੱਟਾ ਦੁੱਖ਼ਾਂ ਦਾ ਪਹਾੜ, ਨੌਸਰਬਾਜ਼ਾਂ ਵੱਲੋਂ ਸਰਬੀਆ ਭੇਜੇ ਦਸੂਹਾ ਦੇ ਨੌਜਵਾਨ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ