ਖਾਲਿਸਤਾਨੀ ਹਮਾਇਤੀਆਂ ਲਈ ਪਾਕਿਸਤਾਨ ਇਕ ਸੁਰੱਖਿਅਤ 'ਪਨਾਹਗਾਹ'
Tuesday, Feb 04, 2020 - 03:04 PM (IST)
ਚੰਡੀਗੜ੍ਹ : ਪਾਕਿਸਤਾਨ 'ਚ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਮੁਖੀ ਹਰਮੀਤ ਸਿੰਘ ਪੀ. ਐੱਚ. ਡੀ. ਦੀ ਮੌਤ ਤੋਂ ਬਾਅਦ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਅਲਰਟ 'ਤੇ ਹਨ। ਭਾਵੇਂ ਹੀ ਭਾਰਤੀ ਏਜੰਸੀਆਂ ਨੇ ਪੀ. ਐੱਚ. ਡੀ. ਦੀ ਮੌਤ ਤੋਂ ਬਾਅਦ ਥੋੜ੍ਹਾ ਸੁੱਖ ਦਾ ਸਾਹ ਲਿਆ ਹੈ ਪਰ ਅਜਿਹੀਆਂ ਖਬਰਾਂ ਆਉਣ ਤੋਂ ਬਾਅਦ ਕਿ ਪੀ. ਐੱਚ. ਡੀ. ਪੰਜਾਬ ਦੇ ਨੌਜਵਾਨਾਂ ਨੂੰ ਅੱਤਵਾਦੀ ਗਤਵਿਧੀਆਂ 'ਚ ਸ਼ਾਮਲ ਕਰਨ ਲਈ ਉਨ੍ਹਾਂ ਨੂੰ ਨਸ਼ੇ ਦਿੰਦਾ ਸੀ ਤੇ ਉਨ੍ਹਾਂ 'ਤੇ ਪੈਸਾ ਖਰਚਦਾ ਸੀ, ਏਜੰਸੀਆਂ ਪੂਰੀ ਤਰ੍ਹਾਂ ਚੌਕੰਨੀਆਂ ਹੋ ਗਈਆਂ ਹਨ।
ਅਜੇ ਵੀ ਬਹੁਤ ਸਾਰੇ ਖਾਲਿਸਤਾਨੀ ਹਮਾਇਤੀ ਅਜਿਹੇ ਹਨ, ਜਿਹੜੇ ਭਾਰਤ ਦੀ 'ਵਾਂਟੇਡ ਲਿਸਟ' 'ਚ ਸ਼ਾਮਲ ਹਨ ਅਤੇ ਪਾਕਿਸਤਾਨ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਹੋਈ ਹੈ। ਇਨ੍ਹਾਂ ਖਾਲਿਸਤਾਨੀ ਹਮਾਇਤੀਆਂ ਲਈ ਪਾਕਿਸਤਾਨ ਇਕ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ। ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਅੱਤਵਾਦੀਆਂ ਨੂੰ ਨਾ ਸਿਰਫ ਸਥਾਨਕ ਸ਼ਨਾਖਤੀ ਕਾਰਡ ਮੁੱਹਈਆ ਕਰਵਾਏ ਗਏ ਹਨ, ਸਗੋਂ ਆਈ. ਐੱਸ. ਆਈ. ਆਪਣੇ ਏਜੰਟਾਂ ਨਾਲ ਮਿਲ ਕੇ ਕੰਮ ਕਰਨ ਦੇ ਏਵਜ਼ 'ਚ ਇਨ੍ਹਾਂ ਅੱਤਵਾਦੀਆਂ ਨੂੰ ਵਧੀਆ ਜੀਵਨ ਸ਼ੈਲੀ ਦੇ ਰਿਹਾ ਹੈ। ਕਰਤਾਰਪੁਰ ਲਾਂਘੇ 'ਤੇ ਚਰਚਾ ਦੌਰਾਨ ਵੀ ਭਾਰਤ ਵਲੋਂ ਪਾਕਿਸਤਾਨ ਨੂੰ ਸੌਂਪੇ ਗਏ 23 ਪੰਨਿਆਂ ਦੀ ਫਾਈਲ ਮੁਤਾਬਕ ਕਰੀਬ 15 ਖਾਲਿਸਤਾਨੀ ਹਮਾਇਤੀ ਪਾਕਿਸਤਾਨ 'ਚ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਆਈ. ਐੱਸ. ਆਈ. ਵਲੋਂ ਪਨਾਹ ਮਿਲੀ ਹੋਈ ਹੈ।