ਪੰਜਾਬ ''ਚ ਕਿਸੇ ਕੀਮਤ ''ਤੇ ਖਾਲਿਸਤਾਨੀ ਤਾਕਤਾਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ
Sunday, Jul 23, 2017 - 12:55 AM (IST)

ਪਟਿਆਲਾ (ਰਾਜੇਸ਼) - ਸ਼੍ਰੀ ਹਿੰਦੂ ਤਖਤ ਦੇ ਧਰਮਾਧੀਸ਼, ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਤੇ ਸ਼੍ਰੀ ਕਾਮਾਖਿਆ ਦੇਵੀ ਗੋਹਾਟੀ ਆਸਾਮ ਦੇ ਪੀਠਾਧੀਸ਼ਵਰ ਜਗਦਗੁਰੂ ਪੰਚਾਨੰਦ ਗਿਰੀ ਨੇ ਕਿਹਾ ਕਿ ਪੰਜਾਬ ਵਿਚ ਫਿਰ ਖਾਲਿਸਤਾਨ ਨੂੰ ਸਿਰ ਨਹੀਂ ਚੁੱਕਣ ਦੇਵਾਂਗੇ। ਕਿਸੇ ਕੀਮਤ 'ਤੇ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿਆਂਗੇ, ਭਾਵੇਂ ਸਾਨੂੰ ਆਪਣੀ ਕੁਰਬਾਨੀ ਕਿਉਂ ਨਾ ਦੇਣੀ ਪਏ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦਗੁਰੂ ਪੰਚਾਨੰਦ ਗਿਰੀ ਨੇ ਕਿਹਾ ਕਿ ਕਾਫੀ ਸਮੇਂ ਤੋਂ ਪੰਜਾਬ ਵਿਚ ਹੋ ਰਹੀਆਂ ਅਪਰਾਧਿਕ ਘਟਨਾਵਾਂ ਸੂਬੇ ਲਈ ਚਿੰਤਾ ਦਾ ਵਿਸ਼ਾ ਹੈ। ਪੰਚਾਨੰਦ ਗਿਰੀ ਨੇ ਕਿਹਾ ਕਿ ਜਲੰਧਰ ਦੇ ਆਰ. ਐੈੱਸ. ਐੈੱਸ. ਪ੍ਰਚਾਰਕ ਜਗਦੀਸ਼ ਗਗਨੇਜਾ ਦੀ ਗੋਲੀ ਮਾਰ ਕੇ ਹੱਤਿਆ, ਖੰਨਾ ਵਿਚ ਦੁਰਗਾ ਗੁਪਤਾ ਦੀ ਹੱਤਿਆ, ਲੁਧਿਆਣਾ ਵਿਚ ਸ਼੍ਰੀ ਹਿੰਦੂ ਤਖਤ ਦੇ ਪ੍ਰਚਾਰਕ ਅਮਿਤ ਸ਼ਰਮਾ ਦੀ ਹੱਤਿਆ, ਸਿਰਸਾ ਡੇਰਾ ਸੱਚਾ ਸੌਦਾ ਦੀ ਕਨਟੀਨ ਚਲਾਉੁਣ ਵਾਲੇ ਪਿਓ-ਪੁੱਤਰ ਦੀ ਹੱਤਿਆ ਇਸ ਗੱਲ ਦਾ ਸਬੂਤ ਹੈ ਕਿ ਖਾਲਿਸਤਾਨੀ ਪੰਜਾਬ ਵਿਚ ਫਿਰ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਵਧਾ ਰਹੇ ਹਨ। ਉਹ ਆਮ ਜਨਤਾ ਦੇ ਦਿਲ-ਦਿਮਾਗ ਵਿਚ ਆਪਣਾ ਡਰ ਪਾ ਰਹੇ ਹਨ। ਉੁਨ੍ਹਾਂ ਕਿਹਾ ਕਿ ਅਜਿਹਾ ਸ਼੍ਰੀ ਹਿੰਦੂ ਤਖਤ ਕਦੇ ਬਰਦਾਸ਼ਤ ਨਹੀਂ ਕਰੇਗਾ। ਉੁਨ੍ਹਾਂ ਚਰਚ ਦੇ ਫਾਦਰ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਜਿੰਨੀਆਂ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਇਹ ਵਾਰਦਾਤਾਂ ਪੰਜਾਬ ਪ੍ਰਦੇਸ਼ ਵਿਚ ਦੰਗਾ ਕਰਵਾਉੁਣ ਅਤੇ ਆਪਸੀ ਮਾਹੌਲ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਵਿਚ ਹਿੰਦੂ, ਮੁਸਲਿਮ, ਸਿੱਖ ਤੇ ਇਸਾਈ ਧਰਮ ਦੇ ਲੋਕਾਂ ਦੇ ਆਪਸੀ ਦੰਗੇ ਹੋਣ। ਪੰਚਾਨੰਦ ਗਿਰੀ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ 13 ਸਾਲ ਅੱਤਵਾਦ ਦੀ ਅੱਗ ਨੂੰ ਝੱਲ ਚੁੱਕਾ ਹੈ। ਹੁਣ ਮੁੱਠੀਭਰ ਖਾਲਿਸਤਾਨੀਆਂ ਕਾਰਨ ਸ਼੍ਰੀ ਹਿੰਦੂ ਤਖਤ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਵੇਗਾ।
ਗਿਰੀ ਨੇ ਕਿਹਾ ਕਿ ਪਾਕਿਸਤਾਨ ਵੀ ਖਾਲਿਸਤਾਨ ਸਮਰਥਕ ਅੱਤਵਾਦੀਆਂ ਨੂੰ ਸ਼ਹਿ ਦੇ ਰਿਹਾ ਹੈ। ਖਾਲਿਸਤਾਨੀ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਵਿਚ ਟ੍ਰੇਨਿੰਗ ਲੈ ਰਹੇ ਹਨ। ਉੁਨ੍ਹਾਂ ਕਿਹਾ ਕਿ ਪੂਰਾ ਸੰਸਾਰ ਅੱਤਵਾਦ ਤੋਂ ਪੀੜਤ ਹੈ ਅਤੇ ਸਾਡੇ ਦੇਸ਼ ਦੇ ਅੰਦਰ ਇਕ ਤੋਂ ਬਾਅਦ ਇਕ ਹਮਲਾ ਪਾਕਿਸਤਾਨ ਵੱਲੋਂ ਕਰਵਾਇਆ ਜਾ ਰਿਹਾ ਹੈ। ਮੋਦੀ ਸਰਕਾਰ ਸਖਤ ਨਿੰਦਾ ਤੋਂ ਇਲਾਵਾ ਕੁੱਝ ਨਹੀਂ ਕਰ ਰਹੀ।
ਪੰਚਾਨੰਦ ਗਿਰੀ ਨੇ ਕਿਹਾ ਕਿ ਜੋ ਲੁਧਿਆਣਾ ਦੀ ਚਰਚ ਦੇ ਪਦਰੀ ਦਾ ਕਤਲ ਹੋਇਆ, ਉਸ 'ਤੇ ਅਫਸੋਸ ਹੈ। ਉੁਨ੍ਹਾਂ ਇਸ ਦੁੱਖ ਦੀ ਘੜੀ ਵਿਚ ਸ਼੍ਰੀ ਹਿੰਦੂ ਤਖਤ ਜਾਤ-ਪਾਤ ਨੂੰ ਦਰਕਿਨਾਰ ਕਰਦੇ ਹੋਏ ਇਸਾਈ ਸਮਾਜ ਦੇ ਨਾਲ ਹੈ। ਜੇਕਰ ਸਰਕਾਰ ਹੁਕਮ ਦੇਵੇ ਤਾਂ ਸ਼੍ਰੀ ਹਿੰਦੂ ਤਖਤ ਸਰਕਾਰ ਅਤੇ ਏਜੰਸੀਆਂ ਨਾਲ ਮਿਲ ਕੇ ਅਜਿਹੇ ਦੇਸ਼ਧ੍ਰੋਹੀਆਂ ਨੂੰ ਦੇਸ਼ ਵਿਚੋਂ ਬਾਹਰ ਕੱਢ ਸੁੱਟਣਗੇ।