ਖਾਲਿਸਤਾਨ ਬਣਾਉਣ ਦਾ ਮਤਲਬ ਹਿੰਦੂ-ਸਿੱਖਾਂ ਨੂੰ 47 ਵਾਂਗ ਉਜਾੜਨਾ ਹੈ : ਨਿਮਿਸ਼ਾ ਮਹਿਤਾ
Sunday, Jun 07, 2020 - 07:14 PM (IST)
ਹੁਸ਼ਿਆਰਪੁਰ : ਗਿਆਨੀ ਹਰਪ੍ਰੀਤ ਸਿੰਘ ਅਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਖਾਲਿਸਤਾਨ ਦੀ ਮੰਗ ਦੇ ਸਮਰਥਨ ਬਾਰੇ ਟਿੱਪਣੀ ਕਰਦਿਆਂ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਦੇ ਇਨ੍ਹਾਂ ਅਹੁਦੇਦਾਰਾਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਇਕ ਵਾਰ ਫਿਰ ਖਾਲਿਸਤਾਨ ਦੇ ਮੁੱਦੇ ਨੂੰ ਹਵਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਵਿਸ਼ਵ ਜਾਣਦਾ ਹੈ ਕਿ ਐੱਸ. ਜੀ. ਪੀ. ਸੀ. ਵਿਚ ਬਾਦਲ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਪੱਤਾ ਵੀ ਨਹੀਂ ਹਿਲਦਾ ਅਤੇ ਐੱਸ. ਜੀ. ਪੀ. ਸੀ. ਪ੍ਰਧਾਨ ਵਰਗੀਆਂ ਅਹਿਮ ਨਿਯੁਕਤੀਆਂ ਬਾਦਲ ਪਰਿਵਾਰ ਵਲੋਂ ਕੀਤੀਆਂ ਜਾਂਦੀਆਂ ਹਨ। ਅੱਜ ਜਦੋਂ ਪੰਜਾਬ ਦਾ ਮਾਹੌਲ ਬਿਲਕੁਲ ਸੁਖਾਵਾਂ ਅਤੇ ਹਿੰਦੂ-ਸਿੱਖ ਭਾਈਚਾਰਕ ਸਾਂਝ ਮਜ਼ਬੂਤ ਹੋ ਚੁੱਕੀ ਹੈ ਤਾਂ ਅਜਿਹੇ ਸਮੇਂ ਵਿਚ ਨੌਜਵਾਨਾਂ ਨੂੰ ਖਾਲਿਸਤਾਨ ਦੀ ਮੰਗ ਲਈ ਭੜਕਾਉਣਾ ਅਤੇ ਹੌਸਲਾ ਅਫਜ਼ਾਈ ਕਰਨਾ ਨੌਜਵਾਨਾਂ ਨੂੰ ਸਾਫ਼-ਸਾਫ਼ ਵੱਖਵਾਦ ਦੀ ਲੀਹ 'ਤੇ ਤੋਰਨਾ ਹੈ। ਕਾਂਗਰਸੀ ਆਗੂ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਸਾਲਾਂ ਵਿਚ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿਖੇ ਨੌਜਵਾਨਾਂ ਨੂੰ ਫੜ੍ਹੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਵਿਦੇਸ਼ੀ ਤਾਕਤਾਂ ਧਰਮ ਅਤੇ ਖਾਲਿਸਤਾਨ ਦੇ ਨਾਂ 'ਤੇ ਵਰਗਲਾ ਕੇ ਹਥਿਆਰ ਅਤੇ ਨਸ਼ਾ ਤਸਕਰੀ ਵੱਲ ਧੱਕ ਰਹੀਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਐੱਸ. ਜੀ. ਪੀ. ਸੀ. ਦੇ ਇਨ੍ਹਾਂ ਅਹੁਦੇਦਾਰਾਂ ਦੀਆਂ ਖਾਲਿਸਤਾਨ ਪੱਖੀ ਭੜਕਾਊ ਤਕਰੀਰਾਂ ਸਦਕਾ ਪੰਜਾਬ ਦੇ ਨੌਜਵਾਨ ਹਥਿਆਰ ਚੁਕਦੇ ਹਨ ਅਤੇ ਇਥੇ ਕਤਲੋਗਾਰਤ ਸ਼ੁਰੂ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਇਹ ਅਹੁਦੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਹੋਵੇਗਾ।
ਗਿਆਨੀ ਹਰਪ੍ਰੀਤ ਸਿੰਘ ਅਤੇ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਖਾਲਿਸਤਾਨ ਦੀ ਮੰਗ ਦੀ ਕੀਤੀ ਹਮਾਇਤ ਨੂੰ ਜਾਇਜ਼ ਅਤੇ ਹਰ ਸਿੱਖ ਦੀ ਮੰਗ 'ਤੇ ਸਵਾਲ ਖੜ੍ਹੇ ਕਰਦਿਆਂ ਨਿਮਿਸ਼ਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਲੌਂਗੋਵਾਲ ਖਾਲਿਸਤਾਨ ਦੀ ਮੰਗ ਕਰਕੇ ਕੀ ਦਿੱਲੀ, ਹਰਿਆਣਾ, ਜੰਮੂ ਕਸ਼ਮੀਰ, ਬਿਹਾਰ ਮਹਾਰਾਸ਼ਟਰਾ ਵਰਗੇ ਸੂਬਿਆਂ ਵਿਚ ਵਸੇ ਸਿੱਖਾਂ ਨੂੰ ਉਜਾੜਨਾ ਚਾਹੁੰਦੇ ਹਨ ਜਾਂ ਪੰਜਾਬ ਵਿਚ ਵਸੇ ਹਿੰਦੂਆਂ ਨੂੰ ਇਥੋਂ ਬਾਹਰ ਕੱਢਣਾ ਚਾਹੁੰਦੇ ਹਨ। ਨਿਮਿਸ਼ਾ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਬੈਠਾ ਕੋਈ ਵੀ ਸਿੱਖ ਆਪਣਾ ਘਰਬਾਰ ਅਤੇ ਕਾਰੋਬਾਰ ਛੱਡ ਕੇ ਉੱਜੜ ਕੇ ਇਥੇ ਵੱਸਣਾ ਪਸੰਦ ਨਹੀਂ ਕਰੇਗਾ ਤੇ ਇਸ ਗੱਲ ਦੀ ਪੁਸ਼ਟੀ ਉਹ ਸਰਵੇਖਣ ਰਾਹੀਂ ਵੀ ਕਰਵਾ ਸਕਦੇ ਹਨ। ਨਿਮਿਸ਼ਾ ਨੇ ਕਿਹਾ ਕਿ ਖਾਲਿਸਤਾਨ ਬਣਾਉਣ ਦਾ ਮਤਲਬ ਪੰਜਾਬ ਦੇ ਹਿੰਦੂਆਂ ਅਤੇ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਨੂੰ ਇਕ ਵਾਰ ਫਿਰ 1947 ਦੀ ਪਾਰਟੀਸ਼ਨ ਵਾਲੀ ਪੀੜ ਦੇਣਾ ਹੋਵੇਗਾ।
ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਕਰਨ ਵਾਲੇ ਕੀ ਸ੍ਰੀ ਪਟਨਾ ਸਾਹਿਬ, ਸ੍ਰੀ ਨਾਂਦੇੜ ਸਾਹਿਬ ਅਤੇ ਸ੍ਰੀ ਪਾਊਂਟਾ ਸਾਹਿਬ ਵਰਗੇ ਪਵਿੱਤਰ ਗੁਰੂ ਧਾਮਾ ਤੋਂ ਸਿੱਖਾਂ ਨੂੰ ਦੂਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਜੋਂ ਸਮੁੱਚੇ ਸਿੱਖ ਜਗਤ ਵਿਚ ਬਾਦਲ ਦਲ ਬਦਨਾਮ ਹੋ ਚੁੱਕਾ ਹੈ ਅਤੇ ਸੱਚੇ ਸਿੱਖਾਂ ਵਲੋਂ ਨਕਾਰਿਆ ਜਾ ਚੁੱਕਾ ਹੈ। ਜਿਸ ਦਾ ਸਬੂਤ 2017 ਦੀਆਂ ਵਿਧਾਨ ਸਭਾ ਚੋਣਾਂ ਹਨ। ਹੁਣ 2022 ਦੀਆਂ ਚੋਣਾਂ ਨੇੜੇ ਆਉਂਦੀਆਂ ਦੇਖ ਨੌਜਵਾਨਾਂ ਵਿਚ ਖਾਲਿਸਤਾਨ ਦਾ ਮਸਲਾ ਉਭਾਰ ਕੇ ਇਹ ਲੋਕ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਰਾਜਨੀਤਕ ਲਾਹਾ ਲੈਣਾ ਚਾਹੁੰਦੇ ਹਨ। ਨਿਮਿਸ਼ਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਮੈਂਬਰ ਅਤੇ ਅਹੁਦੇਦਾਰ ਬਣੇ ਹਿੰਦੂ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛਣ ਕਿ ਵੱਖਰਾ ਸਿੱਖ ਸੂਬਾ ਖਾਲਿਸਤਾਨ ਬਣਾ ਕੇ ਉਹ ਹਿੰਦੂਆਂ ਨੂੰ ਪੰਜਾਬ 'ਚੋਂ ਉਜਾੜ ਕੇ ਬਾਹਰ ਕਿਉਂ ਕੱਢਣਾ ਚਾਹੁੰਦੇ ਹਨ ਅਤੇ ਅੱਜ ਤਕ ਸੁਖਬੀਰ ਬਾਦਲ ਉਨ੍ਹਾਂ ਦੇ ਪਰਿਵਾਰ ਅਤੇ ਪਾਰਟੀ ਵਲੋਂ ਅੱਤਵਾਦ ਦੌਰਾਨ 35000 ਦੇ ਕਰੀਬ ਕਤਲ ਕੀਤੇ ਗਏ ਨਿਰਦੋਸ਼ ਹਿੰਦੂਆਂ ਦੀ ਮੌਤ 'ਤੇ ਅਫਸੋਸ ਤਕ ਕਿਉਂ ਨਹੀਂ ਕੀਤਾ ਗਿਆ।