ਖਹਿਰਾ ਨੇ ਰਾਣਾ ਗੁਰਜੀਤ ਦੀ ਕਪੂਰਥਲਾ ਤੋਂ ਚੋਣ ਲੜਨ ਦੀ ਵੰਗਾਰ ਕਬੂਲੀ

01/20/2018 8:26:09 AM

ਜਲੰਧਰ (ਚੋਪੜਾ) —ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਵੰਗਾਰ ਨੂੰ ਕਬੂਲਦਿਆਂ ਐਲਾਨ ਕੀਤਾ ਕਿ ਜੇਕਰ ਰਾਣਾ ਗੁਰਜੀਤ 'ਚ ਹਿੰਮਤ ਹੈ ਤਾਂ ਕਪੂਰਥਲਾ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ ਉਹ ਉਨ੍ਹਾਂ ਵਿਰੁੱਧ ਚੋਣ ਲੜਨ ਲਈ ਤਿਆਰ ਹੈ। ਖਹਿਰਾ ਨੇ ਕਿਹਾ ਕਿ ਹਾਰ-ਜਿੱਤ ਤਾਂ ਪ੍ਰਮਾਤਮਾ ਤੇ ਜਨਤਾ ਦੇ ਹੱਥ 'ਚ ਹੈ। ਹੁਣ ਰਾਣਾ ਗੁਰਜੀਤ ਮੈਦਾਨ ਛੱਡ ਕੇ ਨਾ ਭੱਜਣ ।
ਉਨ੍ਹਾਂ ਕਿਹਾ ਕਿ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਣ ਵਾਲੇ ਰਾਣਾ ਗੁਰਜੀਤ ਤੇ ਵਿਰੋਧੀ ਪਾਰਟੀਆਂ ਦੇ ਆਗੂ ਸੰਮਨ ਦੇ ਆਧਾਰ 'ਤੇ ਕਿਸ ਨੈਤਿਕਤਾ ਦੀ ਗੱਲ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਫਾਜ਼ਿਲਕਾ ਦੀ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਅਤੇ ਦੇਸ਼ ਦੀ ਸਰਵ ਉੱਚ ਅਦਾਲਤ ਮਾਣਯੋਗ ਸੁਪਰੀਮ ਕੋਰਟ ਨੇ ਕੇਸ ਦੀਆਂ ਸਾਰੀਆਂ ਪ੍ਰੋਸੀਡਿੰਗਜ਼ 'ਤੇ ਸਟੇਅ ਕਰ ਦਿੱਤਾ ਹੈ। ਮੈਨੂੰ ਤਾਂ ਅਦਾਲਤ ਵਿਚ ਜਾਣ ਦੀ ਕੋਈ ਲੋੜ ਨਹੀਂ ਪਈ।
ਖਹਿਰਾ ਨੇ ਕਿਹਾ ਕਿ ਨੈਤਿਕਤਾ ਦੀ ਗੱਲ ਕਰੀਏ ਤਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਫਰੀਦਕੋਟ ਦੀ ਅਦਾਲਤ ਵਿਚ ਧਾਰਾ 307 ਦਾ ਕੇਸ ਦਰਜ ਹੈ। ਉਹ ਜ਼ਮਾਨਤ 'ਤੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਭ੍ਰਿਸ਼ਟਾਚਾਰ ਦੇ 2 ਵੱਡੇ ਮਾਮਲੇ ਚੱਲ ਰਹੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੂੰ ਸੰਮਨ ਵੀ ਜਾਰੀ ਹੋਏ ਹਨ ਅਤੇ ਉਨ੍ਹਾਂ ਕੇਸਾਂ 'ਤੇ ਉਹ ਜ਼ਮਾਨਤ 'ਤੇ ਹਨ, ਜਦਕਿ ਸੋਨੀਆ ਗਾਂਧੀ, ਰਾਹੁਲ ਗਾਂਧੀ, ਵੀਰ ਭੱਦਰ ਸਿੰਘ, ਪੀ. ਚਿਦਾਂਬਰਮ, ਪ੍ਰੇਮ ਕੁਮਾਰ ਧੁੰਮਲ ਵਰਗੇ ਆਗੂ ਵੀ ਅਦਾਲਤ ਵਿਚ ਪੈਂਡਿੰਗ ਕੇਸਾਂ 'ਚ ਜ਼ਮਾਨਤ 'ਤੇ ਹਨ। ਮੈਨੂੰ ਤਾਂ ਸਿਰਫ ਸੰਮਨ ਜਾਰੀ ਹੋਏ ਹਨ, ਜਿਨ੍ਹਾਂ 'ਤੇ ਵੀ ਸੁਪਰੀਮ ਕੋਰਟ ਨੇ ਸਟੇਅ ਲਾ ਦਿੱਤਾ ਹੈ।ਖਹਿਰਾ ਨੇ ਆਪਣੇ ਵਿਰੋਧੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ। ਸਮਾਂ ਆਉਣ 'ਤੇ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਣ ਦੀ ਗੱਲ ਦਾ ਵੀ ਉਨ੍ਹਾਂ  ਨੂੰ ਜਵਾਬ ਮਿਲ ਜਾਵੇਗਾ।


Related News