ਖਹਿਰਾ ਖੁਦ ਪਹੁੰਚੇ ਵਿਧਾਨਸਭਾ ਪਰ ਨਹੀਂ ਮਿਲਿਆ ਨੋਟਿਸ

Thursday, Mar 07, 2019 - 11:17 PM (IST)

ਖਹਿਰਾ ਖੁਦ ਪਹੁੰਚੇ ਵਿਧਾਨਸਭਾ ਪਰ ਨਹੀਂ ਮਿਲਿਆ ਨੋਟਿਸ

ਚੰਡੀਗੜ੍ਹ (ਭੁੱਲਰ)- ਆਮ ਆਦਮੀ ਪਾਰਟੀ ਤੋਂ ਕੱਢੇ ਵਿਧਾਇਕ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅੱਜ ਖੁਦ ਵਿਧਾਨਸਭਾ ਪਹੁੰਚੇ, ਪਰ ਫਿਰ ਵੀ ਨੋਟਿਸ ਪ੍ਰਾਪਤ ਕਰਨ ਵਿਚ ਸਫ਼ਲ ਨਹੀਂ ਹੋ ਸਕੇ। ਜ਼ਿਕਰਯੋਗ ਹੈ ਕਿ ਆਪ ਨੇ ਖਹਿਰਾ ਵਲੌਂ ਨਵੀਂ ਪਾਰਟੀ ਬਣਾਉਣ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਿਧਾਇਕ ਪਦ ਤੋਂ ਅਯੋਗ ਕਰਾਰ ਦੇ ਕੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਸਪੀਕਰ ਨੂੰ ਲਿਖਤ ਵਿਚ ਬੇਨਤੀ ਕੀਤੀ ਹੈ। ਇਸ ਤੋਂ ਬਾਅਦ ਵਿਧਾਨਸਭਾ ਵਲੋਂ ਵੀ ਖਹਿਰਾ ਨੂੰ ਦੋ ਵਾਰ ਉਨ੍ਹਾਂ ਦਾ ਪੱਖ ਜਾਣਨ ਲਈ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਜਾ ਚੁੱਕੀ ਹੈ। ਪਰ ਖਹਿਰਾ ਕਹਿ ਰਹੇ ਹਨ ਕਿ ਅਜੇ ਤੱਕ ਉਨ੍ਹਾਂ ਨੂੰ ਅਜਿਹਾ ਕੋਈ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ। ਇਸ ਦੇ ਮੱਦੇਨਜ਼ਰ ਖਹਿਰਾ ਅੱਜ ਖੁਦ ਹੀ ਇਹ ਨੋਟਿਸ ਲੈਣ ਲਈ ਵਿਧਾਨਸਭਾ ਪਹੁੰਚ ਗਏ ਸਨ। ਇਸ ਸਮੇਂ ਉਥੇ ਸਪੀਕਰ ਦੇ ਮੌਜੂਦ ਨਾ ਹੋਣ ਕਾਰਨ ਉਹ ਨੋਟਿਸ ਨਹੀਂ ਲੈ ਸਕੇ। ਖਹਿਰਾ ਨੇ ਸਪੀਕਰ ਦੀ ਗੈਰਮੌਜੂਦਗੀ ਦੀ ਸਕੱਤਰ ਸ਼ਸ਼ੀ ਮਿਸ਼ਰਾ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਜੇਕਰ ਹੋ ਸਕਦਾ ਹੈ ਤਾਂ ਤੁਸੀਂ ਮੈਨੂੰ ਬਾਏ ਹੈਂਡ ਹੀ ਨੋਟਿਸ ਦੇ ਦੇਵੋ। ਸਕੱਤਰ ਨੇ ਅਜਿਹਾ ਕਰਨ ਤੋਂ ਅਸਮਰਥਤਾ ਜਤਾਉਂਦਿਆਂ ਕਿਹਾ ਕਿ ਉਹ ਇਸ ਲਈ ਅਧਿਕਾਰਤ ਨਹੀਂ ਹਨ ਤੇ ਤੁਹਾਡੀ ਗੱਲ ਸਪੀਕਰ ਸਾਹਿਬ ਦੇ ਸਾਹਮਣੇ ਰੱਖ ਦੇਣਗੇ। ਖਹਿਰਾ ਨੇ ਇਸ ਤੋਂ ਬਾਅਦ ਸਕੱਤਰ ਨੂੰ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਦੀ ਰਿਹਾਇਸ਼ ਦੇ ਪਤੇ 'ਤੇ ਹੀ ਇਹ ਨੋਟਿਸ ਭੇਜਿਹਾ ਜਾਵੇ ਤੇ ਉਨ੍ਹਾਂ ਨੂੰ ਫ਼ੋਨ ਜਾਂ ਫੈਕਸ ਰਾਹੀਂ ਸੂਚਿਤ ਕਰ ਦਿੱਤਾ ਜਾਵੇ ਤਾਂ ਕਿ ਉਹ ਨਿਰਧਾਰਿਤ ਸਮੇਂ ਵਿਚ ਕਾਨੂੰਨੀ ਤੌਰ 'ਤੇ ਆਪਣਾ ਪੱਖ ਰੱਖ ਸਕਣ।


author

Hardeep kumar

Content Editor

Related News