ਨਵੀਂ ਦਿੱਲੀ : ਖਹਿਰਾ ਅਤੇ ਆਪ ਹਾਈਕਮਾਂਡ ਦੀ ਮੀਟਿੰਗ ਰਹੀ ਬੇਸਿੱਟਾ

07/29/2018 11:37:23 PM

ਜਲੰਧਰ (ਰਮਨਦੀਪ ਸਿੰਘ ਸੋਢੀ) — ਪੰਜਾਬ 'ਚ ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਵੱਲੋਂ ਸੱਦੀ ਗਈ 2 ਅਗਸਤ ਦੀ ਕਨਵੈਸ਼ਨ ਨੂੰ ਰੱਦ ਕਰਵਾਉਣ ਲਈ ਆਪ ਹਾਈਕਮਾਂਡ ਵੱਲੋਂ ਦਿੱਲੀ ਵਿਖੇ ਹੋਈ ਖਹਿਰਾ ਸਮਰਥਕਾਂ ਨਾਲ ਮੀਟਿੰਗ ਬੇਸਿੱਟਾ ਰਹੀ ਹੈ। ਮੀਟਿੰਗ ਦੌਰਾਨ ਹਾਈਕਮਾਂਡ ਇਸ ਰੈਲੀ ਨੂੰ ਰੱਦ ਕਰਵਾਉਣ ਦੇ ਫੈਸਲੇ 'ਤੇ ਅੜੀ ਰਹੀ ਅਤੇ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁੱਦੇ ਤੋਂ ਹਟਾਉਣ ਤੋਂ ਸਾਫ ਇਨਕਾਰ ਕਰ ਦਿੱਤਾ।
ਹਾਈਕਮਾਂਡ ਦੇ ਇਸ ਫੈਸਲੇ ਤੋਂ ਬਾਅਦ ਸੁਖਪਾਲ ਖਹਿਰਾ ਸਮਰਥਕ ਤਲਖੀ ਨਾਲ ਮੀਟਿੰਗ 'ਚੋਂ ਬਾਹਰ ਆ ਗਏ ਅਤੇ ਉਨ੍ਹਾਂ ਨੇ 2 ਅਗਸਤ ਦੀ ਕਨਵੈਸ਼ਨ ਨੂੰ ਰੱਦ ਕਰਾਉਣ ਦੇ ਫੈਸਲੇ 'ਤੇ ਅਟਲ ਰਹਿਣ ਦੀ ਗੱਲ ਕਹੀ। ਜਗ ਬਾਣੀ ਨਾਲ ਗੱਲਬਾਤ ਦੌਰਾਨ ਮੀਟਿੰਗ 'ਚ ਮੌਜੂਦ ਖਰੜ੍ਹ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਵਿਧਾਇਕਾਂ ਪਾਸੋਂ 2 ਅਗਸਤ ਦੇ ਕਨਵੈਸ਼ਨ ਦਾ ਕਾਰਨ ਪੁੱਛਿਆ ਤਾਂ ਹਾਈਕਮਾਂਡ ਨੂੰ ਦੱਸਿਆ ਗਿਆ ਕਿ ਇਹ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਸੱਦੀ ਗਈ ਹੈ ਕਿਉਂਕਿ ਜਿਸ ਤਰੀਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਉਨ੍ਹਾਂ ਦੇ ਅਹੁੱਦੇ ਤੋਂ ਹਟਾਇਆ ਗਿਆ ਹੈ। ਉਹ ਤਰੀਕਾ ਪਾਰਟੀ ਵਰਕਰਾਂ ਨੂੰ ਨਾ-ਗਵਾਰ ਗੁਜਰਿਆ ਹੈ, ਇਸ ਦੇ ਜਵਾਬ 'ਚ ਮਨੀਸ਼ ਸਸੋਦੀਆ ਨੇ ਹਰਪਾਲ ਸਿੰਘ ਚੀਮਾ ਦੇ ਦਲਿਤ ਨੇਤਾ ਹੋਣ ਦਾ ਹਵਾਲਾ ਦਿੱਤਾ। ਮੀਟਿੰਗ 'ਚ ਸ਼ਾਮਲ ਵਿਧਾਇਕਾਂ ਨੇ ਪਾਰਟੀ ਹਾਈਕਮਾਂਡ ਨੂੰ ਤਰਕ ਦਿੱਤਾ ਕਿ ਜੇਕਰ ਪਾਰਟੀ ਨੇ ਪੰਜਾਬ 'ਚ ਦਲਿਤਾਂ ਨੂੰ ਸਨਮਾਨ ਦੇਣਾ ਹੈ ਤਾਂ ਪਾਰਟੀ ਦਾ ਪ੍ਰਧਾਨ ਦਲਿਤ ਕਿਉਂ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਪਾਰਟੀ ਦਾ ਮੌਜੂਦਾ ਸੂਬਾ ਪ੍ਰਧਾਨ ਅਸਤੀਫਾ ਦੇ ਚੁੱਕਿਆ ਹੈ ਅਤੇ ਉਹ ਪਾਰਟੀ ਦੇ ਮਾਮਲਿਆਂ ਲਈ ਸਰਗਰਮ ਨਹੀਂ ਹੈ।
ਇਸ ਤੋਂ ਇਲਾਵਾ ਵਿਧਾਨ ਸਭਾ 'ਚ ਪਾਰਟੀ ਦਾ ਉਪ ਨੇਤਾ ਵੀ ਦਲਿਤ ਚਹਿਰਾ ਹੋ ਸਕਦਾ ਹੈ। ਵਿਧਾਇਕਾਂ ਵੱਲੋਂ ਦਿੱਤੇ ਗਏ ਇਸ ਤਰ੍ਹਾਂ ਦੇ ਤਰਕ 'ਤੇ ਮਨੀਸ਼ ਸਸੋਦੀਆ ਕੋਲ ਕੋਈ ਤਸੱਲੀਬਖਸ ਜਵਾਬ ਨਹੀਂ ਸੀ, ਉਨ੍ਹਾਂ ਹਰਪਾਲ ਚੀਮਾ ਨੂੰ ਸੌਂਪੇ ਗਏ ਅਹੁੱਦੇ ਤੋਂ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸਸੋਦੀਆ ਦੇ ਇਸ ਜਵਾਬ 'ਚ ਖਹਿਰਾ ਸਮਰਥਕਾਂ ਨੇ ਹਾਈਕਮਾਂਡ ਨੂੰ 2 ਤਰੀਕ ਨੂੰ ਆਪਣੀ ਰੈਲੀ 'ਤੇ ਅਟਲ ਰਹਿਣ ਲਈ ਗੱਲ ਕਹੀ ਅਤੇ ਮੀਟਿੰਗ ਤੋਂ ਬਾਹਰ ਆ ਗਏ। ਮੀਟਿੰਗ ਤੋਂ ਬਾਹਰ ਆਉਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਨਾਲ ਗਏ ਵਿਧਾਇਕਾਂ ਨੂੰ ਚੀਮਾ ਦੇ ਨਾਂ 'ਤੇ ਕੋਈ ਇਤਰਾਜ਼ ਨਹੀਂ ਹੈ ਜਦਕਿ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਅਹੁੱਦੇ ਤੋਂ ਹਟਾਇਆ ਗਿਆ ਉਸ ਤਰੀਕੇ 'ਤੇ ਇਤਰਾਜ਼ ਹੈ। ਵਿਧਾਇਕਾਂ ਨੇ ਆਪਣੀ ਗੱਲ ਹਾਈਕਮਾਂਡ ਅੱਗੇ ਰੱਖ ਦਿੱਤੀ ਹੈ ਅਤੇ ਹੁਣ 2 ਅਗਸਤ ਨੂੰ ਪਾਰਟੀ ਦੇ ਵਰਕਰ ਅਤੇ ਵਿਧਾਇਕ ਰੈਲੀ ਦੌਰਾਨ ਅਗਲੇ ਸਿਆਸੀ ਕਦਮ ਬਾਰੇ ਕੋਈ ਫੈਸਲਾ ਕਰਨਗੇ।


Related News