ਔਰਤਾਂ ਦੀਆਂ ਸਲਵਾਰਾਂ ਚੋਰੀ ਕਰਨ ਦੇ ਮਾਮਲੇ ''ਚ ਆਇਆ ਨਵਾਂ ਮੋੜ

07/01/2019 10:51:10 AM

ਖਡੂਰ ਸਾਹਿਬ (ਗਿੱਲ) : 30 ਜੂਨ ਨੂੰ 'ਜਗ ਬਾਣੀ' ਵੱਲੋਂ ਹਲਕਾ ਬਾਬਾ ਬਕਾਲਾ ਦੇ ਪਿੰਡ ਰਾਮਪੁਰ ਭੂਤਵਿੰਡ ਵਿਖੇ ਇਕ ਅਨੋਖੀ ਚੋਰੀ ਔਰਤਾਂ ਦੀਆਂ ਸਲਵਾਰਾਂ ਚੋਰੀ ਹੋਣ ਸਬੰਧੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ। ਅੱਜ ਇਸ ਮਾਮਲੇ ਵਿਚ ਇਕ ਹੋਰ ਨਵਾਂ ਮੋੜ ਆ ਗਿਆ। ਜਦੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਸੁਖਦੇਵ ਸਿੰਘ ਪਨੂੰ, ਪ੍ਰਭਜੀਤ ਸਿੰਘ ਸਾਬਕਾ ਪੰਚ, ਹਰਜਿੰਦਰ ਕੌਰ, ਜਿੰਦਰ ਕੌਰ, ਸਵਰਨ ਸਿੰਘ, ਸੁਖਰਾਜ ਸਿੰਘ ਆਦਿ ਨੇ ਦੱਸਿਆ ਕਿ ਇਹ ਘਟਨਾਵਾਂ ਪਿਛਲੇ ਇਕ ਮਹੀਨੇ ਤੋਂ ਪਿੰਡ ਵਿਚ ਵਾਪਰ ਰਹੀਆਂ ਸਨ, ਪਰ ਕੋਈ ਸ਼ਰਮ ਦਾ ਮਾਰਾ ਨਹੀਂ ਸੀ ਬੋਲ ਰਿਹਾ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਕਮਰਿਆਂ ਅਤੇ ਅਲਮਾਰੀਆਂ ਵਿਚੋਂ ਵੀ ਸਲਵਾਰਾਂ ਚੋਰੀ ਹੋ ਰਹੀਆਂ ਸਨ। ਅੱਜ ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਝ ਲੋਕ ਇਸਨੂੰ ਜਾਦੂ-ਟੂਣੇ ਦਾ ਨਾਮ ਦੇ ਰਹੇ ਹਨ, ਪਰ ਉਨ੍ਹਾਂ ਵੱਲੋਂ ਹੁਣ ਇਸ ਘਟਨਾ ਦੀ ਪੁਲਸ ਨੂੰ ਵੀ ਦਰਖਾਸਤ ਦਿੱਤੀ ਜਾਵੇਗੀ ਅਤੇ ਇਸ ਸ਼ਰਮਨਾਕ ਹਰਕਤ ਕਰਨ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਇਹ ਸਲਵਾਰਾਂ ਚੋਰੀ ਦਾ ਮਾਮਲਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਕੀ ਸੀ ਸਲਵਾਰਾਂ ਚੋਰੀ ਦਾ ਮਾਮਲਾ
ਬੀਤੇ ਕੱਲ ਪਿੰਡ ਦੀ ਇਕ ਖਾਲੀ ਪਈ ਜਗ੍ਹਾ ਵਿਚੋਂ ਸਲਵਾਰਾਂ ਦਾ ਢੇਰ ਲੱਗਾ ਮਿਲਿਆ, ਜਿਨਾਂ ਉਪਰ ਖੂਨ ਦੇ ਦਾਗ ਅਤੇ ਕੋਲ ਇਕ ਕਾਲੇ ਤੇਲ ਦੀ 2 ਲੀਟਰ ਦੀ ਬੋਤਲ ਮੌਜੂਦ ਸੀ, ਜਿਸਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਨਹਿਰ ਵਿਚ ਜਲ ਪ੍ਰਵਾਹ ਕਰ ਦਿੱਤਾ ਗਿਆ ਅਤੇ ਬੀਤੀ ਰਾਤ ਕਿਸੇ ਦੇ ਘਰ ਜੋ ਬੰਦ ਪਿਆ ਸੀ, ਉਸਦੀ ਛੱਤ ਉਪਰ ਦੋ ਵਿਅਕਤੀ ਦੇਖੇ ਗਏ, ਜਦੋਂ ਕੁਝ ਪਿੰਡ ਵਾਸੀ ਉਸ ਘਰ ਵਿਚ ਪਹੁੰਚੇ ਤਾਂ ਉਥੇ ਕੋਈ ਵਿਅਕਤੀ ਤਾਂ ਨਹੀਂ ਮਿਲਿਆ, ਪਰ ਉਸ ਘਰ ਜੋ ਇਕ ਕਾਲੇ ਤੇਲ ਦੀ ਬੋਤਲ ਅਤੇ ਇਕ ਧਰੇਕ ਦੇ ਦਰਖਤ ਦਾ ਡੰਡਾ ਮਿਲਿਆ, ਜਿਸ ਨਾਲ ਉਹ ਖਿੜਕੀ ਵਿਚੋਂ ਦੀ ਸਲਵਾਰਾਂ ਕੱਢ ਰਹੇ ਸਨ ਅਤੇ 3 ਚਾਰ ਸਲਵਾਰਾਂ ਮੰਜੇ ਉਪਰ ਪਈਆਂ ਹੋਈਆਂ ਸਨ।

ਕੀ ਕਹਿਣਾ ਹੈ ਪੁਲਸ ਦਾ
ਇਸ ਸਬੰਧੀ ਜਦੋਂ ਥਾਣਾ ਵੈਰੋਵਾਲ ਦਾ ਐੱਸ. ਐੱਚ. ਓ. ਸਮਿੰਦਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਫਿਲਹਾਲ ਅਜੇ ਤਕ ਇਸ ਸਬੰਧੀ ਕਿਸੇ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ, ਜੇਕਰ ਇਸ ਸਬੰਧੀ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਪੁਲਸ ਵੱਲੋਂ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News