ਸਰਕਾਰ ਤੇ ਪੁਲਸ ਦੀ ਨਾਕਾਮੀ ਤੋਂ ਬਾਅਦ ਲੋਕ ਨਸ਼ਾ ਸਮੱਗਲਰਾਂ ਦੇ ਨਾਂ ਲਿਖ ਕੇ ਪੋਸਟਰ ਚਿਪਕਾਉਣ ਲੱਗੇ

06/21/2019 11:10:05 AM

ਖਡੂਰ ਸਾਹਿਬ (ਗਿੱਲ) : ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਨਸ਼ੇ ਦਾ ਲੱਕ ਤੋੜਨ ਦੀ ਸਹੁੰ ਖਾਧੀ ਸੀ ਪਰ ਹਲਕਾ ਬਾਬਾ ਬਕਾਲਾ ਦੇ ਪਿੰਡਾਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਨਸ਼ੇ ਦੀ ਜ਼ੋਰਾਂ 'ਤੇ ਹੋ ਰਹੀ ਵਿਕਰੀ ਦਾ ਮੁੱਦਾ ਤੂਲ ਫੜਦਾ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਪਿੰਡ ਖੱਖ, ਜਾਤੀਉਮਰਾ, ਮੁਗਲਾਣੀ ਆਦਿ ਪਿੰਡਾਂ ਵਿਚ ਨਸ਼ੇ ਦੀ ਓਵਰਡੋਜ਼ ਨਾਲ ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ, ਜਿਸ ਸਬੰਧੀ 'ਜਗ ਬਾਣੀ' ਵੱਲੋਂ ਵੀ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ ਪਰ ਮੌਜੂਦਾ ਸਰਕਾਰ ਦੇ ਕੁਝ ਨੁਮਾਇੰਦੇ ਅਤੇ ਪਿੰਡ ਦੇ ਮੋਹਤਬਰ ਨਸ਼ੇ ਦੀ ਵਿਕਰੀ ਤੋਂ ਇਨਕਾਰ ਕਰ ਰਹੇ ਸਨ ਪਰ ਹੁਣ ਹਲਕੇ ਅਧੀਨ ਆਉਂਦੇ ਪਿੰਡ ਵੜਿੰਗ ਸੂਬਾ ਸਿੰਘ ਵਿਚ ਬੀਤੀ ਰਾਤ ਵੇਲੇ ਪਿੰਡ ਦੇ ਹੀ ਲੋਕਾਂ ਵੱਲੋਂ ਪਿੰਡ ਵਿਚ ਥਾਂ-ਥਾਂ ਪੋਸਟਰ ਲਾ ਦਿੱਤੇ ਗਏ ਹਨ, ਜਿਨ੍ਹਾਂ ਵਿਚ ਮੈਂਬਰ ਪੰਚਾਇਤ, ਸੰਮਤੀ ਮੈਂਬਰ ਅਤੇ ਹੋਰ ਮੋਹਤਬਰਾਂ ਦੇ ਵੀ ਨਾਂ ਲਿਖੇ ਸਨ, ਜਿਨ੍ਹਾਂ ਨੂੰ ਚਿੱਟੇ ਦੇ ਵਪਾਰੀਆਂ ਦੇ ਨਾਲ ਸਬੰਧਤ ਦੱਸਿਆ ਗਿਆ ਹੈ। ਇਹ ਮੋਹਤਬਰ ਵਿਅਕਤੀ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਜੋ ਕਾਂਗਰਸ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। 

ਪਿੰਡ ਵਾਸੀਆਂ ਦੇ ਇਸ ਕਦਮ ਨੂੰ ਲੈ ਕੇ ਜਿਥੇ ਪੂਰੇ ਇਲਾਕੇ ਵਿਚ ਚਰਚਾ ਚੱਲ ਰਹੀ ਹੈ ਉਥੇ ਲੋਕ ਇਸ ਕਦਮ ਦੀ ਸ਼ਲਾਘਾ ਵੀ ਕਰ ਰਹੇ ਹਨ, ਜਦੋਂ 'ਜਗ ਬਾਣੀ' ਵੱਲੋਂ ਇਨ੍ਹਾਂ ਲਾਏ ਪੋਸਟਰਾਂ ਬਾਰੇ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਇਹ ਬਿਲਕੁੱਲ ਸਚਾਈ ਹੈ ਤੇ ਸਾਡੇ ਪਿੰਡ ਵਿਚ ਇਹੀ ਲੋਕ ਨਸ਼ਾ ਵੇਚ ਰਹੇ ਹਨ ਅਤੇ ਜੇਕਰ ਪੁਲਸ ਇਨ੍ਹਾਂ ਨੂੰ ਫੜਦੀ ਹੈ ਤਾਂ ਸਿਆਸੀ ਲੋਕ ਫੋਨ ਕਰ ਕੇ ਇਨ੍ਹਾਂ ਨੂੰ ਛੁਡਾ ਲੈਂਦੇ ਹਨ। ਪਿੰਡ ਵਾਸੀਆਂ ਦੀਆਂ ਇਨ੍ਹਾਂ ਦਲੀਲਾਂ ਨੂੰ ਸੁਣ ਕੇ ਲੱਗਦਾ ਹੈ ਕਿ ਪੁਲਸ ਦੇ ਨਾਲ-ਨਾਲ ਕਾਂਗਰਸ ਵਿਚ ਵੀ ਕੁਝ ਕਾਲੀਆਂ ਭੇਡਾਂ ਮੌਜੂਦ ਹਨ ਜੋ ਨਸ਼ੇ ਨੂੰ ਖਤਮ ਕਰਨ ਲਈ ਕੈਪਟਨ ਸਰਕਾਰ ਦਾ ਸਾਥ ਨਹੀਂ ਦੇ ਰਹੀਆਂ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਯਾਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ ਪੋਸਟਰ ਲੱਗੇ ਜ਼ਰੂਰ ਹਨ ਪਰ ਉਨ੍ਹਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਉਹ ਅੱਜ ਤੱਕ ਕਦੇ ਕਿਸੇ ਨਸ਼ੇ ਵਾਲੇ ਦੇ ਮਗਰ ਉਸ ਨੂੰ ਛੁਡਾਉਣ ਲਈ ਥਾਣੇ ਗਏ ਹਨ। ਉਹ ਖੁਦ ਚਾਹੁੰਦੇ ਹਨ ਕਿ ਨਸ਼ੇ ਵਾਲਿਆਂ ਖਿਲਾਫ ਪੁਲਸ ਸਖਤ ਤੋਂ ਸਖਤ ਕਾਰਵਾਈ ਕਰੇ।

ਇਸ ਸਬੰਧੀ ਐੱਸ. ਐੱਸ. ਪੀ. ਤਰਨਤਾਰਨ ਕੁਲਦੀਪ ਸਿੰਘ ਚਾਹਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਇਸ ਮਾਮਲੇ ਸਬੰਧੀ ਸਬੰਧਤ ਡੀ. ਐੱਸ. ਪੀ. ਅਤੇ ਥਾਣਾ ਮੁਖੀ ਕੋਲੋਂ ਇਸ ਦੀ ਰਿਪੋਰਟ ਲੈਣਗੇ ਅਤੇ ਨਸ਼ੇ ਦੇ ਸਮੱਗਲਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਿੱਧੇ ਵੀ ਉਨ੍ਹਾਂ ਦੇ ਦਫਤਰ ਆ ਕੇ ਨਸ਼ਾ ਸਮੱਗਲਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ। ਜਾਣਕਾਰੀ ਦੇਣ ਵਾਲੇ ਹਰ ਵਿਅਕਤੀ ਦਾ ਪਤਾ ਬਿਲਕੁੱਲ ਗੁਪਤ ਰੱਖਿਆ ਜਾਵੇਗਾ।

ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਸਾਬਕਾ ਭਾਰਤੀ ਕਬੱਡੀ ਟੀਮ ਦੇ ਕਪਤਾਨ ਬਚਿੱਤਰ ਸਿੰਘ ਢਿੱਲੋਂ ਨੇ ਕਿਹਾ ਕਿ ਬੀਤੇ ਦਿਨੀਂ ਬਠਿੰਡਾ ਵਿਖੇ ਅਤੇ ਹੋਰ ਕਈ ਥਾਈਂ ਨਸ਼ੇ ਕਾਰਣ ਹੋ ਰਹੀਆਂ ਮੌਤਾਂ ਸਾਬਤ ਕਰ ਰਹੀਆਂ ਹਨ ਕਿ ਕੈਪਟਨ ਸਰਕਾਰ ਨਸ਼ਿਆਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਇਸ ਲਈ ਸਰਕਾਰ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਨਸ਼ੇ ਦੇ ਮੁੱਦੇ 'ਤੇ ਉਹ ਬਿਲਕੁੱਲ ਗੰਭੀਰ ਨਹੀਂ ਹੈ ਤੇ ਆਏ ਦਿਨ ਪੰਜਾਬ ਦੀ ਜਵਾਨੀ ਨਸ਼ੇ ਦੀ ਭੇਟ ਚੜ੍ਹਦੀ ਜਾ ਰਹੀ ਹੈ ਪਰ ਸਰਕਾਰ ਦੇ ਆਗੂਆਂ ਨੂੰ ਬਿਲਕੁਲ ਇਸ ਦੀ ਪਰਵਾਹ ਨਹੀਂ। ਇਨ੍ਹਾਂ ਲਾਏ ਪੋਸਟਰਾਂ ਪਿੱਛੇ ਸਚਾਈ ਜੋ ਵੀ ਹੋਵੇ ਪਰ ਇਨ੍ਹਾਂ ਪੋਸਟਰਾਂ ਕਰ ਕੇ ਇਕ ਵਾਰ ਫਿਰ ਪੁਲਸ ਅਤੇ ਹਲਕੇ ਦੇ ਆਗੂਆਂ 'ਤੇ ਉਂਗਲਾਂ ਜ਼ਰੂਰ ਉੱਠ ਰਹੀਆਂ ਹਨ।


Baljeet Kaur

Content Editor

Related News