ਇਹ ਹੈ ਇਕ ਅਜਿਹਾ ਸਕੂਲ ਜੋ ਮੀਂਹ ਪੈਂਦਿਆਂ ਹੀ ਬਣ ਜਾਂਦੈ ਸਵਿਮਿੰਗ ਪੂਲ
Saturday, Jul 13, 2019 - 02:42 PM (IST)

ਖਡੂਰ ਸਾਹਿਬ (ਗਿੱਲ) : ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਭਾਵੇਂ ਹੀ ਸਰਕਾਰਾਂ ਵੱਲੋਂ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ ਹਕੀਕਤ ਕੁੱਝ ਹੋਰ ਹੀ ਹੈ। ਦਰਅਸਲ ਹਲਕਾ ਬਾਬਾ ਬਕਾਲਾ ਦੇ ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਹੋਠੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ ਅੰਦਰ ਮੀਂਹ ਦਾ ਪਾਣੀ ਭਰ ਗਿਆ ਹੈ। ਸਕੂਲ ਦੀ ਇਮਾਰਤ ਪੁਰਾਣੀ ਹੋਣ ਕਰਕੇ ਇਸ ਦੀ ਹਾਲਤ ਵੀ ਤਰਸਯੋਗ ਹੈ ਪਰ ਇਸ ਵੱਲ ਸਰਕਾਰ ਅਤੇ ਸਬੰਧਤ ਮਹਿਕਮੇ ਦਾ ਧਿਆਨ ਬਿਲਕੁੱਲ ਨਹੀਂ ਜਾਂਦਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਗਲੀ ਅਤੇ ਨਿਕਾਸੀ ਨਾਲੇ ਨਾਲੋਂ ਕਾਫੀ ਨੀਵੀਂ ਹੋਣ ਕਰਕੇ ਨਿਕਾਸੀ ਨਾਲੇ ਦਾ ਗੰਦਾ ਪਾਣੀ ਸਕੂਲ ਅੰਦਰ ਭਰ ਜਾਂਦਾ ਹੈ, ਜਿਸ ਕਾਰਨ ਸਕੂਲ ਦੇ ਵਿਦਿਆਰਥੀਆਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਵੀ ਖਤਰਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਅੰਦਰ ਬਣੇ ਪਖਾਨਿਆਂ ਦੀ ਹਾਲਤ ਵੀ ਬਹੁਤ ਤਰਸਯੋਗ ਹੈ। ਇਸ ਸਬੰਧੀ ਅਵਾਜ਼-ਏ- ਪੰਜਾਬ ਜਥੇਬੰਦੀ ਦੇ ਪ੍ਰਧਾਨ ਜੋਬਨਜੀਤ ਸਿੰਘ ਹੋਠੀਆਂ ਨੇ ਕਿਹਾ ਉਨ੍ਹਾਂ ਵੱਲੋਂ ਕਈਂ ਵਾਰ ਇਹ ਮਸਲਾ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਪਰ ਕਿਸੇ ਵਲੋਂ ਵੀ ਸਕੂਲ ਦੀ ਇਮਾਰਤ ਵਿਚ ਕੋਈ ਸੁਧਾਰ ਨਹੀਂ ਕੀਤਾ ਗਿਆ।