ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਵਿਖੇ ਕੱਢਿਆ ਰੋਡ ਸ਼ੋਅ
Tuesday, Jun 21, 2022 - 04:05 PM (IST)
ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) : ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਚੋਣ ਪ੍ਰਚਾਰ ਦੇ ਅੰਤਿਮ ਦਿਨ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਬਰਨਾਲਾ ਸ਼ਹਿਰ ਵਿਚ ਅਮਨ ਸ਼ਾਂਤੀ ਯਾਤਰਾ ਦੇ ਰੂਪ ਵਿਚ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਸ਼ਹਿਰ ਦੇ ਜੌੜੇ ਪੰਪ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸਮਾਪਤ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਦੇ ਰੋਡ ਸ਼ੋਅ ਨੇ ਵਿਰੋਧੀ ਪਾਰਟੀਆਂ ਨੂੰ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਇਹ ਚੋਣ ਵੱਡੀ ਲੀਡ ਨਾਲ ਜਿੱਤ ਰਹੀ ਹੈ। ਲੋਕਾਂ ਵਿਚ ਭਾਜਪਾ ਦੀ ਜਿੱਤ ਲਈ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਸੰਗਰੂਰ ਹਲਕੇ ਨੂੰ ਆਪਣਾ ਗੜ੍ਹ ਮੰਨਦੀ ਸੀ, ਉਹ ਗੜ੍ਹ ਹੁਣ ਪੱਟਿਆ ਗਿਆ ਹੈ। ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ, ਉਹ ਹੁਣ ਸੰਗਰੂਰ-ਬਰਨਾਲਾ ਵਾਲਿਆਂ ਨੇ ਇਸ ਚੋਣ ਵਿੱਚ ਦੱਬ ਦਿੱਤਾ ਹੈ। ਢਿੱਲੋਂ ਨੇ 'ਆਪ' 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜ਼ਿਮਨੀ ਚੋਣ ਵਿਚ ਪਾਰਟੀ ਦੀ ਹਾਰ ਨੂੰ ਦੇਖਦੇ ਹੋਏ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ,ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ, ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਸਾਰੇ ਮੰਤਰੀਆਂ ਅਤੇ 92 ਵਿਧਾਇਕਾਂ ਨੂੰ ਜ਼ੋਰ ਲਗਾਉਣਾ ਪੈ ਰਿਹਾ ਹੈ। ਇਹ ਉਹੀ ਪਾਰਟੀ ਹੈ ਜਿਹੜੀ ਚੋਣਾਂ ਤੋਂ ਪਹਿਲਾਂ ਕਹਿੰਦੀ ਸੀ ਕਿ ਕੰਮ ਦੇ ਆਧਾਰ ਤੇ ਵੋਟਾਂ ਮੰਗਾਂਗੇ ਪਰ ਸਰਕਾਰ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਨੇ ਹੀ ਲੋਕਾਂ ਦੀ ਬਸ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ- 'ਆਪ’ ਅਕਾਲੀ ਦਲ ਅਤੇ ਕਾਂਗਰਸ ਵਾਂਗ ਪਰਿਵਾਰਵਾਦ ਨੂੰ ਉਤਸ਼ਾਹਿਤ ਨਹੀਂ ਕਰਦੀ : CM ਮਾਨ
ਭਾਜਪਾ ਉਮੀਦਵਾਰ ਨੇ ਕਿਹਾ ਕਿ ਸੰਗਰੂਰ ਹਲਕੇ ਦੇ ਲੋਕ ਇਸ ਜ਼ਿਮਨੀ ਚੋਣ ਵਿਚ 'ਆਪ' ਦੀ ਫ਼ੇਲ੍ਹ ਹੋਈ ਸਰਕਾਰ ਤੋਂ ਛੁਟਕਾਰਾ ਚਾਹੁੰਦੇ ਹਨ ਅਤੇ ਇਹ ਛੁਟਕਾਰਾ ਭਾਜਪਾ ਦੇ ਰੂਪ ਵਿੱਚ ਆਵੇਗਾ। ਉਨ੍ਹਾਂ ਕਿਹਾ ਕਿ 'ਆਪ' ਦੇ ਤਿੰਨ ਮਹੀਨਿਆਂ ਵਿਚ ਕਾਨੂੰਨ ਵਿਵਸਥਾ ਏਨੀ ਵਿਗੜ ਚੁੱਕੀ ਹੈ ਕਿ ਹਰ ਵਿਅਕਤੀ ਦਿਨ ਵੇਲੇ ਵੀ ਘਰ ਤੋਂ ਨਿਕਲਣ ਵੇਲੇ ਡਰਦਾ ਹੈ ਕਿਉਂਕਿ ਪੰਜਾਬ ਵਿਚ ਦਿਨ ਦਿਹਾੜੇ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਕਰਕੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਲੋਕ ਬੀਜੇਪੀ ਦੀ ਸਰਕਾਰ ਦੀ ਮੰਗ ਕਰਨ ਲੱਗੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦਾ ਪੰਜਾਬ ਵਿਚ ਕੋਈ ਵਜੂਦ ਹੀ ਨਹੀਂ ਰਿਹਾ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਦੇ ਰੋਡ ਸ਼ੋਅ ਨੂੰ ਲੈ ਕੇ ਹਲਕੇ ਦੇ ਲੋਕਾਂ ਅਤੇ ਨੌਜਵਾਨਾਂ 'ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ
ਇਸ ਮੌਕੇ ਭਾਜਪਾ ਆਗੂ ਧੀਰਜ ਕੁਮਾਰ ਦੱਧਾਹੂਰ, ਚੇਅਰਮੈਨ ਅਸ਼ੋਕ ਕੁਮਾਰ, ਦਰਸ਼ਨ ਸਿੰਘ ਨੈਣੇਵਾਲੀਆ, ਕਰਨਇੰਦਰ ਸਿੰਘ ਢਿੱਲੋਂ, ਯਾਦਵਿੰਦਰ ਸੰਟੀ,ਰਜਿੰਦਰ ਉਪਲ, ਗੁਰਮੀਤ ਸਿੰਘ ਹੰਡਿਆਇਆ, ਸੁਖਵੰਤ ਸਿੰਘ ਧਨੌਲਾ, ਨੀਰਜ ਜਿੰਦਲ, ਧਰਮ ਸਿੰਘ ਫ਼ੌਜੀ, ਗੁਰਦਰਸ਼ਨ ਸਿੰਘ ਬਰਾੜ, ਚੇਅਰਮੈਨ ਜੀਵਨ ਧਨੌਲਾ, ਸਤੀਸ਼ ਜੱਜ, ਹਰਬਖਸੀਸ ਗੋਨੀ, ਅਸ਼ਵਨੀ ਆਸ਼ੂ ਹੰਡਿਆਇਆ, ਗੁਰਜੰਟ ਕਰਮਗੜ੍ਹ, ਨਰਿੰਦਰ ਨੀਟਾ, ਰਘਵੀਰ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ, ਵਰਕਰ ਅਤੇ ਪਿੰਡਾਂ ਦੇ ਅਹੁਦੇਦਾਰ ਹਾਜ਼ਰ ਸਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।