CM ਮਾਨ ਦੇ ''ਸਪੇਨ'' ਵਾਲੇ ਬਿਆਨ ''ਤੇ ਭੜਕੇ ਭਾਜਪਾ ਉਮੀਦਵਾਰ ਕੇਵਲ ਢਿੱਲੋਂ, ਪੁੱਛਿਆ ਵੱਡਾ ਸਵਾਲ
Friday, Jun 17, 2022 - 09:52 PM (IST)
ਬਰਨਾਲਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ 'ਆਪ' ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕਰਦਿਆਂ ਦਿੱਤੇ ਇਕ ਬਿਆਨ 'ਤੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਮੁੱਖ ਮੰਤਰੀ ਮਾਨ ਨੇ ਚੋਣ ਪ੍ਰਚਾਰ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਬਾਰੇ ਇਕ ਵਿਵਾਦਿਤ ਬਿਆਨ ਦਿੱਤਾ ਜਿਸ ਮਗਰੋਂ ਇਹ ਮਾਮਲਾ ਤੂਲ ਫੜਨ ਲੱਗਾ। ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ ਸਮੱਗਲਰ ਸਪੇਨ 'ਚ ਹੀ ਘਰ ਖ਼ਰੀਦਦੇ ਹਨ। ਢਿੱਲੋਂ ਦੇ ਵੀ ਸਪੇਨ ਵਿੱਚ 2 ਘਰ ਹਨ। ਕੇਵਲ ਢਿੱਲੋਂ ਸੰਗਰੂਰ 'ਚ ਏਅਰਪੋਰਟ ਬਣਾਉਣ ਦੀ ਗੱਲ ਕਰ ਰਹੇ ਹਨ ਪਰ ਸਾਡੇ ਕੋਲ ਬੱਸ 'ਚ ਚੜ੍ਹਨ ਦੇ ਵੀ ਪੈਸੇ ਨਹੀਂ ਹਨ। ਜਿਸ ਏਅਰਪੋਰਟ ਨੂੰ ਬਣਾਉਣ ਦੀ ਉਹ ਗੱਲ ਕਰ ਰਹੇ ਹਨ ਉਹ ਵੀ ਢਿੱਲੋਂ ਦੇ ਹੀ ਕੰਮ ਆਵੇਗਾ। ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਢਿੱਲੋਂ ਨੇ ਚੋਣ ਕਮਿਸ਼ਨ ਨੂੰ ਜੋ ਹਲਫ਼ਨਾਮਾ ਦਿੱਤਾ ਹੈ ਉਸ 'ਚ ਦਿੱਲੀ-ਚੰਡੀਗੜ੍ਹ ਤੋਂ ਇਲਾਵਾ ਉਨ੍ਹਾਂ ਨੇ ਸਪੇਨ 'ਚ 2 ਘਰ ਹੋਣ ਦਾ ਵੀ ਜ਼ਿਕਰ ਕੀਤਾ ਹੈ।
ਇਹ ਵੀ ਪੜ੍ਹੋ- ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ
ਮੁੱਖ ਮੰਤਰੀ ਮਾਨ ਦੇ ਇਸ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕੇਵਲ ਢਿੱਲੋਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਮਾਨ ਏਅਰਪੋਰਟ ਦੀ ਗੱਲ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਰ ਮਹੀਨੇ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਦੇ ਹਜ਼ਾਰਾਂ ਲੋਕ ਦਿੱਲੀ ਹਵਾਈ ਅੱਡੇ 'ਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਪੇਨ ਦਾ ਨਾਮ ਲੈ ਕੇ ਜੋ ਮਾਨ ਨੇ ਟਿੱਪਣੀ ਕੀਤੀ ਹੈ ਉਹ ਠੀਕ ਨਹੀਂ। ਪੰਜਾਬ ਦੇ ਹਜ਼ਾਰਾਂ ਨੌਜਵਾਨ ਰੁਜ਼ਗਾਰ ਲਈ ਸਪੇਨ ਜਾਂਦੇ ਹਨ। ਢਿੱਲੋਂ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਸਪੇਨ 'ਚ ਰਹਿਣ ਵਾਲਾ ਹਰ ਵਿਅਕਤੀ ਤਸਕਰ ਹੈ? ਉਨ੍ਹਾਂ ਉਮੀਦ ਪ੍ਰਗਟਾਈ ਕਿ ਮੁੱਖ ਮੰਤਰੀ ਮੇਰੀ ਇਸ ਗੱਲ ਦਾ ਜਵਾਬ ਜ਼ਰੂਰ ਦੇਣਗੇ।
ਇਹ ਵੀ ਪੜ੍ਹੋ-ਇਹ ਵੀ ਪੜ੍ਹੋ- ਜਾਣੋ ਪੰਜਾਬ ਦੇ ਕਿਸ ਸ਼ਹਿਰ ਤੋਂ ਕਿਹੜੇ ਸਮੇਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ ਸਰਕਾਰੀ ਬੱਸਾਂ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।