ਨਿਹੰਗ ਸਿੰਘ ਦੇ ਬਾਣੇ ’ਚ ਆਏ ਹਰਿਆਣਾ ਦੇ ਵਿਅਕਤੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚਲਾਈ ਗੋਲ਼ੀ
Saturday, Oct 09, 2021 - 10:37 PM (IST)
 
            
            ਸ੍ਰੀ ਆਨੰਦਪੁਰ ਸਾਹਿਬ (ਜ.ਬ.) : ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਇਕ ਅਜੀਬੋ ਗਰੀਬ ਘਟਨਾ ਦੇ ਤਹਿਤ ਨਿਹੰਗ ਸਿੰਘ ਦੇ ਬਾਣੇ ਵਿਚ ਆਏ ਹਰਿਆਣਾ ਦੇ ਪਾਣੀਪਤ ਨਾਲ ਸਬੰਧਤ ਇਕ ਵਿਅਕਤੀ ਨੇ ਮੱਥਾ ਟੇਕਣ ਉਪਰੰਤ ਬਾਹਰ ਆ ਕੇ ਆਪਣੇ ਲਾਇਸੰਸੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤਾ। ਜਿਸ ਤੋਂ ਬਾਅਦ ਉੱਥੇ ਮੌਜੂਦ ਸੰਗਤ ਨੂੰ ਭਾਜੜਾਂ ਪੈ ਗਈਆਂ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਤੁਰੰਤ ਉਸਨੂੰ ਕਾਬੂ ਕਰ ਲਿਆ। ਇਸ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੁਖ ਸਿੰਘ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਕੁਲਦੀਪ ਸਿੰਘ ਪੁੱਤਰ ਕਰਤਾਰ ਸਿੰਘ ਨਿਵਾਸੀ ਮਕਾਨ ਨੰਬਰ 606, ਹੁੱਡਾ ਕਲੌਨੀ, ਪਾਣੀਪਤ ਹਰਿਆਣਾ ਦਾ ਵਸਨੀਕ ਹੈ।
ਇਹ ਵੀ ਪੜ੍ਹੋ : ਚੰਨੀ ਦੇ ਇੰਜੀਨੀਅਰ ਮੁੰਡੇ ਦਾ ਹੋਵੇਗਾ ਇੰਜੀਨੀਅਰ ਕੁੜੀ ਨਾਲ ਵਿਆਹ, ਵੇਖੋ ਕਦੋਂ ਚੜ੍ਹੇਗੀ ਜੰਞ ਤੇ ਕਦੋਂ ਹੋਵੇਗੀ ਰਿਸੈਪਸ਼ਨ
ਮੁੱਢਲੀ ਜਾਂਚ ਦੌਰਾਨ ਇਹ ਪਤਾ ਲੱਗਿਆ ਹੈ ਕਿ ਕੁਲਦੀਪ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਹੋਇਆ ਸੀ। ਜਦੋਂ ਉਹ ਤਖ਼ਤ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਪਰਿਕਰਮਾਂ ਵਿਚ ਆਇਆ ਤਾਂ ਉਸਨੇ ਆਪਣੀ ਲਾਇਸੰਸੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤਾ। ਹਾਲਾਂਕਿ ਮੁੱਢਲੀ ਜਾਂਚ ਦੌਰਾਨ ਪਾਇਆ ਗਿਆ ਕਿ ਗੋਲ਼ੀ ਚਲਾਉਣ ਪਿੱਛੇ ਉਸਦੀ ਕੋਈ ਗ਼ਲਤ ਮਨਛਾ ਨਹੀਂ ਸੀ ਅਤੇ ਉਸਨੇ ਕਿਹਾ ਹੈ ਕਿ ਗੁਰੂ ਨੂੰ ਸਲਾਮੀ ਦੇਣ ਲਈ ਉਸਨੇ ਗੋਲੀ ਚਲਾਈ ਹੈ ਪਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੋ ਕਿ ਧਾਰਮਿਕ ਅਸਥਾਨ ਹੈ, ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਦੀ ਇਸ ਕੋਝੀ ਕੌਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਗਲੇ ਹਫ਼ਤੇ ਕਾਂਗਰਸ ’ਚ ਵੱਡਾ ਧਮਾਕਾ ਹੋਣ ਦੇ ਆਸਾਰ, ਕੈਪਟਨ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਉਕਤ ਵਿਅਕਤੀ ਨੂੰ ਤੁਰੰਤ ਕਾਬੂ ਕਰਕੇ ਸਥਾਨਕ ਪੁਲਸ ਨੇ ਧਾਰਾ 336, 25/27-54-59 ਅਸਲਾ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਉੱਧਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਇਸ ਬਾਰੇ ਦੱਸਿਆ ਹੈ ਕਿ ਉਕਤ ਘਟਨਾ ਬੁਹਤ ਹੀ ਮੰਦਭਾਗੀ ਹੈ ਪਰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਤੁਰੰਤ ਉਕਤ ਵਿਅਕਤੀ ਨੂੰ ਕਾਬੂ ਕਰਕੇ ਸਥਾਨਕ ਪੁਲਸ ਦੇ ਹਵਾਲੇ ਕਰਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਕਰਵਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਫਿਰ ਵਿਵਾਦਾਂ ’ਚ ਘਿਰੇ ਨਵਜੋਤ ਸਿੰਘ ਸਿੱਧੂ, ਤੈਸ਼ ’ਚ ਆ ਕੇ ਆਖ ਗਏ ਵਿਵਾਦਤ ਗੱਲਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            