ਪੰਜਾਬ ’ਚ ਸੱਤਾ ਦੇ ਘਮਸਾਨ ਵਿਚਾਲੇ ਕੇਜਰੀਵਾਲ ਝੂਠੇ ਐਲਾਨਾਂ ਨਾਲ ਲੋਕਾਂ ਨੂੰ ਮੂਰਖ ਬਣਾਉਣ ਪਹੁੰਚੇ : ਅਸ਼ਵਨੀ ਸ਼ਰਮਾ
Friday, Oct 01, 2021 - 01:33 AM (IST)
ਚੰਡੀਗੜ੍ਹ(ਰਮਨਜੀਤ)- ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਹਾਲ ਹੀ ਵਿਚ ਪੰਜਾਬ ਵੱਲ ਧਿਆਨ ਸੱਤਾਧਾਰੀ ਕਾਂਗਰਸ ਪਾਰਟੀ ’ਚ ਉਥਲ-ਪੁਥਲ ’ਚ ਪੈਦਾ ਹੋਇਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਪੰਜਾਬ ਵਿਚ ਉਨ੍ਹਾਂ ਦੀ ਫੁੱਟ ਪਾਉਣ ਵਾਲੀ ਅਤੇ ਵਿਘਨ ਪਾਉਣ ਵਾਲੀ ਰਾਜਨੀਤੀ ਲਈ ਜਗ੍ਹਾ ਖੁੱਲ੍ਹ ਜਾਵੇਗੀ। ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਕਾਂਗਰਸ ਵਿਚ ਮਚੇ ਘਮਸਾਨ ਵਿਚਕਾਰ ਸੂਬੇ ਦੇ ਲੋਕਾਂ ਨੂੰ ਮੂਰਖ ਬਣਾਉਣ ਅਤੇ ਉਨ੍ਹਾਂ ਦੀ ਸੰਵੇਦਨਾਵਾਂ ਦਾ ਫਾਇਦਾ ਚੁੱਕਣ ਲਈ ਉਨ੍ਹਾਂ ’ਤੇ ਝੂਠੇ ਵਾਅਦਿਆਂ ਦਾ ਮੀਂਹ ਵਰ੍ਹਾ ਰਹੇ ਹਨ। ਇੰਨੀ ਦੇਰ ਤੋਂ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਦੀ ਯਾਦ ਨਹੀਂ ਆਈ।
ਇਹ ਵੀ ਪੜ੍ਹੋ- ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਕਾਰਨ ਪੰਜਾਬ ਹਰ ਖੇਤਰ ’ਚ ਪਛੜ ਰਿਹੈ : ਚੁੱਘ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਵਲੋਂ ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਬਣੀ ਨਵੀਂ ਕਾਂਗਰਸ ਸਰਕਾਰ ਨੂੰ ਲਾਗੂ ਕਰਨ ਲਈ ਜੋ 5 ਨੁਕਾਤੀ ਪ੍ਰੋਗਰਾਮ ਦਿੱਤਾ ਗਿਆ ਹੈ, ਭਾਰਤੀ ਜਨਤਾ ਪਾਰਟੀ ਵਲੋਂ ਇਹ ਨੁਕਤੇ ਕਈ ਵਾਰ ਕਾਂਗਰਸ ਸਰਕਾਰ ਸਾਹਮਣੇ ਉਜਾਗਰ ਕੀਤੇ ਜਾ ਚੁੱਕੇ ਹਨ। ਕੇਜਰੀਵਾਲ ਦਾ ਕੰਮ ਦੂਸਰਿਆਂ ਦੇ ਕੀਤੇ ਕੰਮ ਨੂੰ ਕਾਪੀ-ਪੇਸਟ ਕਰਨਾ ਅਤੇ ਉਸਦਾ ਕ੍ਰੈਡਿਟ ਲੈਣਾ ਹੈ। ਆਮ ਆਦਮੀ ਪਾਰਟੀ ਕੋਲ ਮੁੱਖ ਮੰਤਰੀ ਦੇ ਰੂਪ ਵਿਚ ਭਰੋਸੇਯੋਗ ਚਿਹਰਾ ਨਹੀਂ ਹੈ। ਕੇਜਰੀਵਾਲ ਪੰਜਾਬੀ ਸੋਚ ਅਤੇ ਪੰਜਾਬੀਅਤ ਨੂੰ ਨਹੀਂ ਸਮਝਦੇ।