ਕੇਜਰੀਵਾਲ ਵੱਲੋਂ ਆਂਗਣਵਾੜੀ ਤੇ ਆਸ਼ਾ ਵਰਕਰਾਂ ਨਾਲ ਮੁਲਾਕਾਤ, ਕਿਹਾ-‘ਆਪ’ ਸਰਕਾਰ ਬਣਨ ’ਤੇ ਮੰਗਾਂ ਕਰਾਂਗੇ ਪੂਰੀਆਂ

Saturday, Dec 25, 2021 - 07:33 PM (IST)

ਕੇਜਰੀਵਾਲ ਵੱਲੋਂ ਆਂਗਣਵਾੜੀ ਤੇ ਆਸ਼ਾ ਵਰਕਰਾਂ ਨਾਲ ਮੁਲਾਕਾਤ, ਕਿਹਾ-‘ਆਪ’ ਸਰਕਾਰ ਬਣਨ ’ਤੇ ਮੰਗਾਂ ਕਰਾਂਗੇ ਪੂਰੀਆਂ

ਸ੍ਰੀ ਅੰਮ੍ਰਿਤਸਰ/ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਅੰਮ੍ਰਿਤਸਰ ਵਿਖੇ ਪਾਰਟੀ ਵੱਲੋਂ ਕਰਵਾਏ 'ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨਾਲ ਕੇਜਰੀਵਾਲ ਦੀ ਗੱਲਬਾਤ' ਪ੍ਰੋਗਰਾਮ ਦੌਰਾਨ ਸੂਬੇ ਦੀਆਂ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਮੁੱਦਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਅੰਮ੍ਰਿਤਸਰ ਉੱਤਰੀ ਤੋਂ ਉਮੀਦਵਾਰ ਕੁੰਵਰ ਵਿਜੈ ਪ੍ਰਤਾਪ ਸਿੰਘ, ਮਹਿਲਾ ਵਿੰਗ ਦੀ ਪ੍ਰਧਾਨ ਸੁਖਬੀਰ ਕੌਰ ਅਤੇ ਹੋਰ ਆਗੂ ਮੰਚ 'ਤੇ ਬਿਰਾਜਮਾਨ ਸਨ। ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ 'ਆਪ' ਇਕੱਲੀ ਪਾਰਟੀ ਹੈ, ਜਿਹੜੀ ਆਮ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਵਾਸਤੇ ਉਨ੍ਹਾਂ ਕੋਲ ਜਾਂਦੀ ਹੈ ਤਾਂ ਜੋ ਸਰਕਾਰ ਬਣਾ ਕੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ਮੋਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਖਾਰਿਜ

ਉਨ੍ਹਾਂ ਵਾਅਦਾ ਕੀਤਾ ਕਿ ਦਿੱਲੀ ਦੀ ਤਰ੍ਹਾਂ ਪੰਜਾਬ ’ਚੋਂ ਵੀ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਆਂਗਣਵਾੜੀ ਤੇ ਆਸ਼ਾ ਵਰਕਰਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ, ''ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ 'ਆਪ' ਵੱਲੋਂ ਤੀਜੀ ਗਾਰੰਟੀ ਦੇਣ ਕਾਰਨ ਰਵਾਇਤੀ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ (ਕੇਜਰੀਵਾਲ) ਦੀ ਆਲੋਚਨਾ ਕੀਤੀ ਜਾ ਰਹੀ ਹੈ। ਔਰਤਾਂ ਦੀ ਆਰਥਿਕ ਮਦਦ ਅਸੀਂ ਹੀ ਕਰ ਸਕਦੇ ਹਾਂ ਕਿਉਂਕਿ ਅਸੀਂ ਦਿੱਲੀ ’ਚ ਅਜਿਹਾ ਕੀਤਾ ਹੈ। ਦਿੱਲੀ ’ਚੋਂ ਭ੍ਰਿਸ਼ਟਾਚਾਰ ਖ਼ਤਮ ਕਰਕੇ ਔਰਤਾਂ ਨੂੰ ਮੁਫ਼ਤ ਪਾਣੀ, ਬਿਜਲੀ, ਚੰਗੇ ਸਕੂਲ ਅਤੇ ਹਸਪਤਾਲ ਅਤੇ ਬੱਸ ਸੇਵਾ ਪ੍ਰਦਾਨ ਕੀਤੀ ਗਈ ਹੈ।'' ਉਨ੍ਹਾਂ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੂੰ ਇੱਕਜੁੱਟ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰ੍ਹਾਂ ਪੰਜਾਬ ਦੀਆਂ ਔਰਤਾਂ ਨੂੰ ਮੁਫ਼ਤ ਸਹੂਲਤਾਂ ਦੇ ਨਾਲ-ਨਾਲ ਆਰਥਿਕ ਮਦਦ ਵੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਝਬਾਲ ਨੇੜੇ ਅਕਾਲੀ ਸਰਪੰਚ ਨੂੰ ਅਣਪਛਾਤੇ ਨੌਜਵਾਨਾਂ ਨੇ ਮਾਰੀਆਂ ਗੋਲੀਆਂ

ਇਸ ਸਮੇਂ ਬੀਬਾ ਰਾਜਬੀਰ ਕੌਰ ਨੇ ਆਸ਼ਾ ਵਰਕਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਅਰਵਿੰਦ ਕੇਜਰੀਵਾਲ ਨੂੰ ਜਾਣਕਾਰੀ ਦਿੱਤੀ, ਜਦਕਿ ਆਂਗਣਵਾੜੀ ਆਗੂ ਪਰਮਜੀਤ ਕੌਰ ਨੇ ਆਂਗਣਵਾੜੀ ਵਰਕਰਾਂ ਦੀ ਸਖ਼ਤ ਮਿਹਨਤ ਅਤੇ ਮਿਲਦੀ ਬਹੁਤ ਘੱਟ ਤਨਖ਼ਾਹ, ਟੀਕਾਕਰਨ ਨਾ ਹੋਣ ਅਤੇ ਕੋਰੋਨਾ ਮਹਾਮਾਰੀ ਦੌਰਾਨ ਮਰਨ ਵਾਲੀਆਂ ਵਰਕਰਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਨਾ ਦੇਣ ਬਾਰੇ ਜਾਣਕਾਰੀ ਦਿੱਤੀ। 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ''ਹੋਰਨਾਂ ਪਾਰਟੀਆਂ ਵਾਂਗ ਅਸੀਂ ਆਰਾਮਦਾਇਕ ਕਮਰਿਆਂ ’ਚ ਬੈਠ ਕੇ ਚੋਣ ਮਨੋਰਥ ਪੱਤਰ ਨਹੀਂ ਬਣਾਉਂਦੇ, ਸਗੋਂ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਮੁੱਦਿਆਂ ਨੂੰ ਜਾਣਨ ਲਈ ਉਨ੍ਹਾਂ ਕੋਲ ਜਾਂਦੇ ਹਾਂ। ਸਰਕਾਰ ਬਣਨ 'ਤੇ ਆਪਾਂ ਮਿਲ ਕੇ ਸੱਤਾ ਦੀ ਵਰਤੋਂ ਲੋਕਾਂ ਨਾਲ ਸਾਂਝੇ ਕੀਤੇ ਮਾਮਲਿਆਂ ਨੂੰ ਹੱਲ ਕਰਾਂਗੇ।'' ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਧਰਮ ਅਤੇ ਜਾਤ ਆਧਾਰਿਤ ਨਫ਼ਰਤ ਦੀ ਰਾਜਨੀਤੀ ਕਰਦੀਆਂ ਹਨ ਪਰ 'ਆਪ' ਲੋਕਾਂ ਦੇ ਵਿਕਾਸ ਦੀ ਰਾਜਨੀਤੀ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਰਾਜਨੀਤੀ ’ਚ ਵਿਸ਼ਵਾਸ ਨਹੀਂ ਕਰਦੇ ਪਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਲਈ ਕੰਮ ਕਰਕੇ ਅਜਿਹੀ ਧਾਰਨਾ ਨੂੰ ਬਦਲਿਆ ਹੈ। ਮਾਨ ਨੇ ਸਰਕਾਰ ਵੱਲੋਂ ਆਂਗਣਵਾੜੀ ਅਤੇ ਆਸ਼ਾ ਵਰਕਰਾਂ 'ਤੇ ਪੰਜਾਬ ਭਰ’ਚ ਕੀਤੇ ਜਾ ਰਹੇ ਲਾਠੀਚਾਰਜ ਕਰਨ ਦੀ ਸਖ਼ਤ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਉਹ (ਮਾਨ) ਆਪਣੀ ਆਵਾਜ਼ ਅਤੇ ਚਿਹਰੇ ਦੀ ਵਰਤੋਂ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਕਰਦੇ ਰਹਿਣਗੇ।

ਇਹ ਵੀ ਪੜ੍ਹੋ : ਲੁਧਿਆਣਾ ਧਮਾਕਾ ਮਾਮਲਾ : ਰਣਜੀਤ ਚੀਤਾ ਤੇ ਸੁਖਵਿੰਦਰ ਅਦਾਲਤ ’ਚ ਪੇਸ਼, 7 ਦਿਨ ਦੇ ਰਿਮਾਂਡ ’ਤੇ ਭੇਜਿਆ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News