ਕੇਜਰੀਵਾਲ ਵੱਲ ਜੁੱਤਾ ਸੁੱਟਣ ਦੀ ਸੀ ਪੂਰੀ ਤਿਆਰੀ!

03/02/2016 1:30:52 PM

ਜਗਰਾਓਂ (ਜਸਬੀਰ ਸ਼ੇਤਰਾ)– ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਲੁਧਿਆਣਾ ਨਾਲ ਸਬੰਧਤ ਇਕ ਵਿਅਕਤੀ ਵੱਲੋਂ ਜੁੱਤਾ ਸੁੱਟਣ ਦੀ ਵੀ ਤਿਆਰੀ ਸੀ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਖ਼ਬਰ ਅਨੁਸਾਰ ਇਹ ਵਿਅਕਤੀ ਪੂਰੀ ਤਿਆਰੀ ਨਾਲ ਸਮਾਗਮ ਵਾਲੀ ਥਾਂ ''ਤੇ ਪਹੁੰਚ ਗਿਆ ਸੀ ਪਰ ਇੰਟੈਲੀਜੈਂਸੀ ਨੂੰ ਇਸ ਦੀ ਅਗਾਊਂ ਸੂਚਨਾ ਮਿਲ ਜਾਣ ਕਰਕੇ ਯੋਜਨਾ ਸਫ਼ਲ ਨਹੀਂ ਹੋ ਸਕੀ। ਵਿਸਲਿੰਗਵੁੱਡਜ਼ ਰਿਜ਼ਾਰਟਸ ਵਿਚ ਸਨਅਤਕਾਰਾਂ ਨਾਲ ਮੀਟਿੰਗ ਉਪਰੰਤ ਕੇਜਰੀਵਾਲ ''ਤੇ ਹੋਏ ਹਮਲੇ ਦੀ ਘਟਨਾ ਤਾਂ ਸਾਰਿਆਂ ਦੇ ਸਾਹਮਣੇ ਆ ਗਈ ਸੀ ਪਰ ਇਸ ਘਟਨਾ ਤੋਂ ਪਹਿਲਾਂ ਰਿਜ਼ਾਰਟਸ ਦੇ ਅੰਦਰ ਇਕ ਹੋਰ ਘਟਨਾ ਵਾਪਰਨੀ ਸੀ, ਜਿਸ ਨੂੰ ਅਸਫ਼ਲ ਬਣਾ ਦਿੱਤਾ ਗਿਆ।

ਭਰੋਸੇਯੋਗ ਵਸੀਲਿਆਂ ਤੋਂ ਹਾਸਲ ਜਾਣਕਾਰੀ ਅਨੁਸਾਰ ਇੰਟੈਲੀਜੈਂਸੀ ਵਿਭਾਗ ਨੂੰ ਇਹ ਸੂਚਨਾ ਮਿਲੀ ਸੀ ਕਿ ਲੁਧਿਆਣਾ ਨਾਲ ਸਬੰਧਤ ਇਕ ਵਿਅਕਤੀ ਇਸ ਰਿਜ਼ਾਰਟਸ ''ਚ ਸਨਅਤਕਾਰਾਂ ਦੇ ਨਾਲ ਹੀ ਸ਼ਮੂਲੀਅਤ ਕਰਕੇ ਉਸ ਸਮੇਂ ਕੇਜਰੀਵਾਲ ਵੱਲ ਜੁੱਤਾ ਸੁੱਟ ਸਕਦਾ ਹੈ, ਜਦੋਂ ਉਹ ਸਟੇਜ ਤੋਂ ਬੋਲ ਰਹੇ ਹੋਣਗੇ।

ਸੂਹੀਆ ਤੰਤਰ ਨੇ ਤੇਜ਼ੀ ਨਾਲ ਕੰਮ ਕਰਦੇ ਹੋਏ ਇਸ ਵਿਅਕਤੀ ਦੀ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਸ਼ਨਾਖਤ ਕਰ ਲਈ। ਇੰਟੈਲੀਜੈਂਸੀ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਅਧਿਕਾਰੀਆਂ ਨੂੰ ਵੀ ਇਸ ਬਾਰੇ ਸੂਚਨਾ ਦੇ ਦਿੱਤੀ ਸੀ। ਪੁਲਸ ਸੂਤਰਾਂ ਅਨੁਸਾਰ ਇਸ ਵਿਅਕਤੀ ਦੀ ਤਸਵੀਰ ਤੇ ਮੋਬਾਇਲ ਨੰਬਰ ਸਮੇਤ ਹੋਰ ਜਾਣਕਾਰੀ ਤੇ ਪਤਾ ਪੁਲਸ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ। ਸੂਤਰ ਦੱਸਦੇ ਹਨ ਕਿ ਦੇਰ ਰਾਤ ਇਹ ਜਾਣਕਾਰੀ ਪਹੁੰਚ ਜਾਣ ਤੋਂ ਬਾਅਦ ਪੁਲਸ ਪੂਰੀ ਤਰ੍ਹਾਂ ਚੌਕਸ ਹੋ ਗਈ ਸੀ। ਵੇਰਵਿਆਂ ਅਨੁਸਾਰ ਸਵੇਰੇ ਅੱਠ ਵਜੇ ਦੇ ਕਰੀਬ ਇਸ ਵਿਅਕਤੀ ਦੇ ਮੋਬਾਇਲ ਫੋਨ ਦੀ ਲੋਕੇਸ਼ਨ ਦਾ ਜਦੋਂ ਪਤਾ ਲਾਇਆ ਗਿਆ ਤਾਂ ਇਹ ਬੱਦੋਵਾਲ ਨੇੜੇ ਮਿਲੀ। ਇਸ ''ਤੇ ਸ਼ੱਕ ਪੈਦਾ ਹੋ ਗਿਆ ਕਿ ਇਹ ਵਿਅਕਤੀ ਰਿਜ਼ਾਰਟਸ ਦੇ ਅੰਦਰ ਜਾਂ ਨੇੜੇ ਤੇੜੇ ਪਹੁੰਚ ਚੁੱਕਾ ਹੈ।

ਇਸ ''ਤੇ ਪੁਲਸ ਨੇ ਗੁਪਤ ਤਰੀਕੇ ਨਾਲ ਆਪਣੀ ਸਰਚ ਮੁਹਿੰਮ ਆਰੰਭ ਦਿੱਤੀ। ਪੁਲਸ ਨਾਲ ਹੀ ਜੁੜੇ ਸੂਤਰ ਦੱਸਦੇ ਹਨ ਕਿ ਮਰਦਾਂ ਵਾਲੇ ਬਾਥਰੂਮ ''ਚੋਂ ਇਸ ਵਿਅਕਤੀ ਨੂੰ ਦਬੋਚ ਲਿਆ ਗਿਆ, ਜੋ ਪੂਰੀ ਤਰ੍ਹਾਂ ਸੂਟ-ਬੂਟ ਪਾ ਕੇ ਪਹੁੰਚਿਆ ਹੋਇਆ ਸੀ। ਜਾਣਕਾਰੀ ਅਨੁਸਾਰ ਉਹ ਰਿਜ਼ਾਰਟਸ ''ਚ ਕੇਜਰੀਵਾਲ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਇਸ ਤਰ੍ਹਾਂ ਕੇਜਰੀਵਾਲ ਵੱਲ ਸੰਬੋਧਨ ਦੌਰਾਨ ਜੁੱਤਾ ਸੁੱਟਣ ਦੇ ਮਨਸੂਬੇ ਅਸਫ਼ਲ ਹੋ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਸ ਜ਼ਿਲੇ ਨਾਲ ਸਬੰਧਤ ਇਕ ਥਾਣਾ ਮੁਖੀ ਨੇ ਇਸ ਵਿਅਕਤੀ ਨੂੰ ਕਾਬੂ ਕਰਕੇ ਇਲਾਕੇ ਦੇ ਥਾਣਾ ਮੁਖੀ ਹਵਾਲੇ ਕੀਤਾ ਤੇ ਸ਼ਾਮ ਸਮੇਂ ਉਸ ਨੂੰ ਛੱਡ ਦਿੱਤਾ ਗਿਆ।

ਇਸ ਸਬੰਧ ਵਿਚ ਜਦੋਂ ਪੁਲਸ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਰਵਚਰਨ ਸਿੰਘ ਬਰਾੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਜਾਣਕਾਰੀ ਨੂੰ ਨਾ ਤਾਂ ਪੂਰੀ ਤਰ੍ਹਾਂ ਨਾਲ ਨਕਾਰਿਆ ਤੇ ਨਾ ਹੀ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਫਿਲਹਾਲ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਤੋਂ ਇਸ ਬਾਰੇ ਜਾਣਕਾਰੀ ਹਾਸਲ ਕਰਨਗੇ।


Anuradha Sharma

News Editor

Related News