ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਪਰ ਟਰਮੀਨਲ ਦਾ ਕੰਮ ਅਜੇ ਵੀ ਅਧੂਰਾ

12/03/2019 6:51:25 PM

ਡੇਰਾ ਬਾਬਾ ਨਾਨਕ : ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਡੇਰਾ ਬਾਬ ਨਾਨਕ 'ਚ ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਵਲੋਂ ਕਰਵਾਏ ਜਾ ਰਹੇ ਪੈਸੇਂਜਰ ਟਰਮੀਨਲ ਦਾ ਨਿਰਮਾਣ ਅਜੇ ਵੀ ਅਧੂਰਾ ਹੈ। ਅੰਦਰੂਨੀ ਕੰਮ ਨੂੰ ਮੁਕੰਮਲ ਕਰਨ ਲਈ 850 ਕਾਰੀਗਰ, ਸੁਪਰਵਾਈਜ਼ਰ ਤੇ ਇੰਜੀਨੀਅਰ ਲੱਗੇ ਹੋਏ ਹਨ। ਆਉਣ ਵਾਲੇ ਦਿਨਾਂ ਵਿਚ ਕੰਮ ਪੂਰਾ ਹੋਣ 'ਤੇ ਪੈਸੇਂਜਰ ਟਰਮਨੀਲ ਦੀ ਇਮਾਰਤ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਹੋਵੇਗੀ। 

ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਵਲੋਂ 31 ਅਕਤੂਬਰ ਤਕ ਪੈਸੇਂਜਰ ਟਰਮਨੀਲ ਦਾ ਨਿਰਮਾਣ ਕਾਰਜ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ 9 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੈਸੇਂਜਰ ਟਰਮਨੀਲ ਦਾ ਉਦਘਾਟਨ ਕਰਨ ਦੇ ਬਾਵਜੂਦ ਅਜੇ ਤਕ ਟਰਮਨੀਲ ਦਾ ਅੰਦਰੂਨੀ ਕੰਮ ਜਾਰੀ ਹੈ। ਲੈਂਡ ਪੋਰਟ ਅਥਾਰਿਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਟਰਮਨੀਲ ਦੀ ਛੱਤ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇਗੀ। ਉਨ੍ਹਾਂ ਦੱਸਿਆ ਕਿ 15 ਜਨਵਰੀ ਤਕ ਟਰਮਨੀਲ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੈਂਡ ਪੋਰਟ ਅਥਾਰਿਟੀ ਵਲੋਂ ਨਿਰਮਾਣ ਕੀਤੇ ਜਾ ਰਹੇ ਦਰਸ਼ਨੀ ਸਥਾਨ ਦਾ ਡਿਜ਼ਾਈਨ ਵੀ ਤਿਆਰ ਕਰ ਲਿਆ ਗਿਆ ਹੈ। 

ਸ਼ਰਧਾਲੂ ਹੋ ਰਹੇ ਪ੍ਰੇਸ਼ਾਨ
ਡੇਰਾ ਬਾਬਾ ਨਾਨਕ ਪਹੁੰਚੇ ਸ਼ਰਧਾਲੂ ਬਚਿੱਤਰ ਸਿੰਘ, ਕੰਵਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ, ਮਨਪਰੀਤ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਟਰਮਨੀਲ ਦਾ ਅੰਦਰੂਨੀ ਨਿਰਮਾਣ ਕਾਰਜ ਅਧੂਰਾ ਹੋਣ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਾਰ ਪਾਰਕਿੰਗ ਤੋਂ ਇਲਾਵਾ ਪੈਸੇਂਜਰ ਇਮਾਰਤ ਦੇ ਅਧੂਰੇ ਨਿਰਮਾਣ ਕਾਰਣ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 1700 ਦੇ ਕਰੀਬ ਸ਼ਰਧਾਲੂਆਂ ਲਈ ਪਾਰਕਿੰਗ ਨਾ ਹੋਣ ਕਾਰਨ ਸੜਕ ਕਿਨਾਰੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ ਅਤੇ ਕਾਊਂਟਰਾਂ ਦੀ ਵੀ ਕਮੀ ਹੈ।


Gurminder Singh

Content Editor

Related News