ਟੈਂਟ ਸਿਟੀ ਬਣਾਉਣ ਲਈ ਕਿਰਾਏ ''ਤੇ ਲਈ ਜ਼ਮੀਨ ਨਹੀਂ ਹੋਈ ਖਾਲੀ, ਕਿਸਾਨ ਚਿੰਤਤ

11/29/2019 1:59:22 AM

ਡੇਰਾ ਬਾਬਾ ਨਾਨਕ,(ਵਤਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਡੇਰਾ ਬਾਬਾ ਨਾਨਕ ਲੋਕ ਉਤਸਵ ਅਤੇ 9 ਨਵੰਬਰ ਤੋਂ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਪਹੁੰਚਣ ਵਾਲੀਆਂ ਸੰਗਤਾਂ ਦੀ ਰਿਹਾਇਸ਼, ਲੰਗਰ, ਪਾਰਕਿੰਗ, ਸੁਰੱਖਿਆ ਆਦਿ ਲਈ 43 ਏਕੜ 'ਚ ਤਿਆਰ ਕੀਤੀ ਗਈ ਟੈਂਟ ਸਿਟੀ ਨਾ ਤਾਂ ਸਮਾਗਮਾਂ ਦੌਰਾਨ ਸੰਗਤ ਦੇ ਕਿਸੇ ਕੰਮ ਆਈ ਅਤੇ ਨਾ ਹੀ ਹੁਣ ਉਸ ਜ਼ਮੀਨ ਦੇ ਮਾਲਕ ਕਿਸਾਨਾਂ ਦੇ ਕੰਮ ਆ ਰਹੀ ਹੈ, ਜਿਸ ਕਾਰਣ ਪੰਜਾਬ ਸਰਕਾਰ ਵੱਲੋਂ ਇਸ ਟੈਂਟ ਸਿਟੀ ਲਈ ਖਰਚੇ ਕਰੋੜਾਂ ਰੁਪਏ ਬੇਕਾਰ ਗਏ। ਉੱਥੇ ਹੀ ਹੁਣ ਟੈਂਟ ਸਿਟੀ ਦੇ ਪ੍ਰਬੰਧਕਾਂ ਵੱਲੋਂ ਟੈਂਟ ਸਿਟੀ ਵਾਲੀ ਜ਼ਮੀਨ ਖਾਲੀ ਨਾ ਕੀਤੇ ਜਾਣ ਕਾਰਣ ਕਿਸਾਨਾਂ ਦੀ ਕਣਕ ਦੀ ਬੀਜਾਈ ਪਛੜ ਰਹੀ ਹੈ ਅਤੇ ਪਿਛਲੇ 3 ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਣ ਇਸ ਜ਼ਮੀਨ 'ਤੇ ਪਾਣੀ ਖੜ੍ਹਾ ਹੋ ਜਾਣ ਕਾਰਣ ਟੈਂਟ ਸਿਟੀ ਨੂੰ ਸਮੇਟਣ ਦਾ ਕੰਮ ਅੱਗੇ ਪੈ ਜਾਵੇਗਾ, ਜਿਸ ਕਾਰਣ ਕਿਸਾਨਾਂ ਦੀ ਆਂ ਚਿੰਤਾਵਾਂ ਦਾ ਵਧਣਾ ਸੁਭਾਵਿਕ ਹੈ।

ਇਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਲੋਕ ਉਤਸਵ ਲਈ ਪਿੰਡ ਮਾਨ ਦੇ ਨਜ਼ਦੀਕ ਅਤੇ ਕਰਤਾਰਪੁਰ ਸਾਹਿਬ ਮਾਰਗ ਦੇ ਮੁੱਖ ਦੁਆਰ ਸਾਹਮਣੇ 43 ਏਕੜ 'ਚ ਟੈਂਟ ਸਿਟੀ ਦਾ ਨਿਰਮਾਣ ਕੀਤਾ ਗਿਆ ਸੀ ਅਤੇ 9 ਨਵੰਬਰ ਤੋਂ 12 ਨਵੰਬਰ ਤੱਕ ਜ਼ਮੀਨ 'ਤੇ ਟੈਂਟ ਸਿਟੀ ਦਾ ਇਸਤੇਮਾਲ ਕੀਤਾ ਜਾਣਾ ਸੀ, ਜਿਸ 'ਚ ਸੰਗਤਾਂ ਲਈ ਰਿਹਾਇਸ਼, ਲੰਗਰ, ਸੁਰੱਖਿਆ ਕੇਂਦਰ ਆਦਿ ਦੇ ਨਿਰਮਾਣ ਹੋਣੇ ਸਨ ਅਤੇ ਇਸ ਟੈਂਟ ਸਿਟੀ 'ਚ ਵੀ. ਆਈ. ਪੀ. ਲੋਕਾਂ ਲਈ ਵੀ. ਆਈ. ਪੀ. ਟੈਂਟ ਵੀ ਬਣਾਏ ਗਏ ਸਨ ਪਰ ਸਮਾਗਮ ਤੋਂ 2 ਦਿਨ ਪਹਿਲਾਂ ਯਾਨੀ 7 ਨਵੰਬਰ ਨੂੰ ਆਈ ਭਾਰੀ ਬਾਰਸ਼ ਨੇ ਪੰਜਾਬ ਸਰਕਾਰ ਦੇ ਸਾਰੇ ਪ੍ਰਬੰਧਾਂ 'ਤੇ ਪਾਣੀ ਫੇਰ ਦਿੱਤਾ ਅਤੇ ਸਮੁੱਚੀ ਟੈਂਟ ਸਿਟੀ ਅਤੇ ਇਸ ਦੇ ਸਾਹਮਣੇ ਡੇਰਾ ਬਾਬਾ ਨਾਨਕ ਲੋਕ ਉਤਸਵ ਲਈ ਬਣਾਏ ਗਏ ਪੰਡਾਲ ਇਸ ਬਾਰਸ਼ ਕਾਰਣ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਏ। ਡੇਰਾ ਬਾਬਾ ਨਾਨਕ ਲੋਕ ਉਤਸਵ ਦੇ ਪ੍ਰਬੰਧਕਾਂ ਵੱਲੋਂ ਭਾਰੀ ਮਿਹਨਤ ਦੇ ਬਾਅਦ ਕੁਝ ਪੰਡਾਲ ਤਾਂ ਲੋਕ ਉਤਸਵ ਲਈ ਤਿਆਰ ਕਰ ਲਏ ਗਏ ਪਰ ਕਰੋੜਾਂ ਰੁਪਏ ਖਰਚ ਕੇ ਬਣਾਈ ਗਈ ਟੈਂਟ ਸਿਟੀ ਦੇ ਪ੍ਰਬੰਧਾਂ 'ਚ ਕੋਈ ਸੁਧਾਰ ਨਹੀਂ ਆਇਆ ਅਤੇ ਇੱਥੇ ਸੰਗਤ ਦਾ ਇਕ ਦਿਨ ਵੀ ਠਹਿਰਾਅ ਨਾ ਹੋ ਸਕਿਆ।

ਇਸ ਸਬੰਧੀ ਕਿਸਾਨ ਸ਼ਮਸ਼ੇਰ ਸਿੰਘ, ਗੁਰਚਰਨ ਸਿੰਘ, ਰਛਪਾਲ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਕ੍ਰਮਵਾਰ 18 ਅਤੇ 19 ਏਕੜ ਜ਼ਮੀਨ ਟੈਂਟ ਸਿਟੀ ਬਣਾਉਣ ਲਈ ਕਿਰਾਏ 'ਤੇ ਲਈ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਹ ਜ਼ਮੀਨ 9 ਤੋਂ 12 ਨਵੰਬਰ ਤੱਕ ਸਮਾਗਮਾਂ ਲਈ ਵਰਤੀ ਜਾਣੀ ਹੈ ਅਤੇ ਟੈਂਟ ਸਿਟੀ ਦੇ ਪ੍ਰਬੰਧਕ 21 ਨਵੰਬਰ ਤੱਕ ਟੈਂਟ ਸਿਟੀ ਦੀ ਜ਼ਮੀਨ ਨੂੰ ਹਰ ਹਾਲ 'ਚ ਖਾਲੀ ਕਰ ਦੇਣਗੇ ਤਾਂ ਕਿ ਕਿਸਾਨ ਆਪਣੀ ਜ਼ਮੀਨ 'ਤੇ ਕਣਕ ਦੀ ਬੀਜਾਈ ਕਰ ਸਕਣ ਪਰ 12 ਨਵੰਬਰ ਤੋਂ ਬਾਅਦ ਹਰ ਰੋਜ਼ ਉਹ ਟੈਂਟ ਸਿਟੀ ਪਹੁੰਚ ਕੇ ਪ੍ਰਬੰਧਕਾਂ ਨੂੰ ਬੇਨਤੀਆਂ ਕਰਦੇ ਰਹੇ ਕਿ ਉਹ ਟੈਂਟ ਸਿਟੀ ਤੋਂ ਜ਼ਮੀਨ ਨੂੰ ਖਾਲੀ ਕਰ ਦੇਣ ਪਰ ਟੈਂਟ ਸਿਟੀ ਦੇ ਪ੍ਰਬੰਧਕਾਂ ਵੱਲੋਂ ਅੱਜ ਤੱਕ ਇਸ ਜ਼ਮੀਨ ਨੂੰ ਖਾਲੀ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਟੈਂਟ ਸਿਟੀ ਦੇ ਪ੍ਰਬੰਧਕ ਲੇਬਰ ਦੀ ਘਾਟ ਹੋਣ ਕਾਰਣ ਟੈਂਟ ਸਿਟੀ ਨੂੰ ਸਮੇਟਣ ਦੀਆਂ ਗੱਲਾਂ ਕਰਦੇ ਰਹੇ ਅਤੇ ਹੁਣ ਬੀਤੇ 3 ਦਿਨਾਂ ਤੋਂ ਬਾਰਸ਼ ਕਾਰਣ ਟੈਂਟ ਸਿਟੀ ਵਾਲੀ ਜ਼ਮੀਨ 'ਤੇ ਪਾਣੀ ਭਰ ਗਿਆ ਹੈ ਅਤੇ ਟੈਂਟ ਸਿਟੀ ਦਾ ਸਾਮਾਨ ਪਾਣੀ 'ਚ ਤੈਰ ਰਿਹਾ ਹੈ ਅਤੇ ਇਸ ਨਾਲ ਟੈਂਟ ਸਿਟੀ ਨੂੰ ਸਮੇਟਣ ਦਾ ਕੰਮ ਹੋਰ ਲਮਕ ਜਾਣਾ ਹੈ। ਉਨ੍ਹਾਂ ਕਿਹਾ ਕਿ ਕਦੋਂ ਟੈਂਟ ਸਿਟੀ ਦੇ ਪ੍ਰਬੰਧਕ ਜ਼ਮੀਨ ਨੂੰ ਖਾਲੀ ਕਰਨਗੇ ਅਤੇ ਕਦੋਂ ਕਿਸਾਨ ਟੈਂਟ ਸਿਟੀ ਲਈ ਕੀਤੇ ਪ੍ਰਬੰਧਾਂ ਦੌਰਾਨ ਡੂੰਘੇ ਟੋਏ ਪੁੱਟਣ ਅਤੇ ਦਲਦਲ ਹੋਈ ਜ਼ਮੀਨ ਨੂੰ ਕਣਕ ਦੀ ਬੀਜਾਈ ਲਈ ਵਾਹੀਯੋਗ ਬਣਾਉੁਣਗੇ ਅਤੇ ਕਦੋਂ ਉਹ ਕਣਕ ਦੀ ਬੀਜਾਈ ਕਰਨਗੇ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟੈਂਟ ਸਿਟੀ ਦੇ ਸਮੇਟਣ 'ਚ ਦੇਰੀ ਅਤੇ ਇਨ੍ਹਾਂ ਪ੍ਰਬੰਧਾਂ ਲਈ ਖਰਾਬ ਹੋਈ ਜ਼ਮੀਨ ਦਾ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਉਹ ਸਬੰਧਤ ਅਧਿਕਾਰੀਆਂ ਦੇ ਦਫਤਰ ਘੇਰ ਕੇ ਇਨਸਾਫ ਮੰਗਣਗੇ।


Related News