ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨੀਂਹ ਪੱਥਰ ਸਮਾਗਮ ਲਈ ਕੇਂਦਰ ਦੇ ਪ੍ਰਬੰਧਾਂ ਤੋਂ ਤ੍ਰਿਪਤ ਬਾਜਵਾ ਨਾਖੁਸ਼
Monday, Nov 26, 2018 - 09:30 AM (IST)

ਚੰਡੀਗੜ੍ਹ/ਬਟਾਲਾ (ਅਸ਼ਵਨੀ, ਬੇਰੀ)—ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨੀਂਹ ਪੱਥਰ ਲਈ ਕੀਤੇ ਜਾ ਰਹੇ ਸਮਾਗਮ ਲਈ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ 'ਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਹੈ, ਜਿਸ 'ਚ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਇਲਾਕੇ ਦੇ ਮੰਤਰੀਆਂ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕਰ ਦਿੱਤਾ ਗਿਆ ਹੈ। ਇਸ ਸਮਾਗਮ ਵਿਚ ਸੋਮਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਨੀਂਹ ਪੱਥਰ ਰੱਖਣ ਆ ਰਹੇ ਹਨ।
ਬਾਜਵਾ ਨੇ ਅੱਜ ਇਥੋਂ ਜਾਰੀ ਪ੍ਰੈੱਸ ਬਿਆਨ 'ਚ ਕਿਹਾ ਹੈ ਕਿ ਇਸ ਸਮਾਗਮ ਵਿਚ ਬੋਲਣ ਵਾਲੇ ਬੁਲਾਰਿਆਂ ਤੇ ਸਟੇਜ 'ਤੇ ਬੈਠਣ ਵਾਲੇ ਆਗੂਆਂ ਦੇ ਨਾਵਾਂ ਦਾ ਫੈਸਲਾ ਦਿੱਲੀ ਵਿਚ ਬੈਠ ਕੇ ਕੀਤਾ ਗਿਆ ਹੈ। ਸਥਾਨਕ ਧਾਰਮਿਕ ਆਗੂਆਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਮਾਗਮ 'ਚ ਧੰਨਵਾਦ ਕਰਨ ਦੀ ਦਿੱਤੀ ਗਈ ਜ਼ਿੰਮੇਵਾਰੀ 'ਤੇ ਸਖ਼ਤ ਇਤਰਾਜ਼ ਕੀਤਾ ਹੈ। ਸੰਤ ਸਮਾਜ ਅਤੇ ਪੰਜਾਬ ਕਾਂਗਰਸ ਦਾ ਮੰਨਣਾ ਹੈ ਕਿ ਇਹ ਜ਼ਿੰਮੇਵਾਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਇਲਾਕੇ ਦੇ ਪਾਰਲੀਮੈਂਟ ਮੈਂਬਰ ਸੁਨੀਲ ਜਾਖੜ ਨੂੰ ਦਿੱਤੀ ਜਾਣੀ ਚਾਹੀਦੀ ਸੀ। ਬਾਜਵਾ ਨੇ ਇਹ ਵੀ ਦੱਸਿਆ ਕਿ ਸੰਤ ਸਮਾਜ ਨੇ ਫੈਸਲਾ ਕੀਤਾ ਹੈ ਕਿ ਉਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸਟੇਜ ਸਾਂਝੀ ਨਹੀਂ ਕਰਨਗੇ ਅਤੇ ਜੇ ਉਹ ਇਸ ਸਮਾਗਮ ਵਿਚ ਆਏ ਤਾਂ ਉਹ ਸਮਾਗਮ ਦਾ ਬਾਈਕਾਟ ਕਰਨਗੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਾਰੀਡੋਰ ਬਣਾਉਣ ਦਾ ਲਾਹਾ ਲੈਣ ਦੀ ਦੌੜ ਵਿਚ ਨੀਂਹ ਪੱਥਰ ਸਮਾਗਮ ਬਿਨਾਂ ਕਿਸੇ ਤਿਆਰੀ ਤੋਂ ਪਾਕਿਸਤਾਨ ਸਰਕਾਰ ਦੇ ਨੀਂਹ ਪੱਥਰ ਸਮਾਗਮ ਤੋਂ ਦੋ ਦਿਨ ਪਹਿਲਾਂ ਰੱਖ ਲਿਆ ਹੈ, ਜਿਸ ਕਰ ਕੇ ਹਫੜਾ-ਦਫੜੀ ਵਾਲੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਇਲਾਕੇ ਦੇ ਮੰਤਰੀਆਂ ਨੂੰ ਸਮਾਗਮ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।