ਕਰਤਾਰਪੁਰ ਪਾਵਰਕਾਮ ਦਾ ਸ਼ਿਕਾਇਤ ਕੇਂਦਰ ਰਾਤ ਨੂੰ ਬਣ ਜਾਂਦੈ ਅਹਾਤਾ!
Friday, Jun 22, 2018 - 07:09 AM (IST)

ਕਰਤਾਰਪੁਰ, (ਸਾਹਨੀ)- ਕਰਤਾਰਪੁਰ 'ਚ ਇਕ ਜਾਗਰੂਕ ਖਪਤਕਾਰ ਵਲੋਂ ਪਾਵਰਕਾਮ ਦੇ ਕੁਝ ਲਾਈਨਮੈਨਾਂ ਤੇ ਕਰਮਚਾਰੀਆਂ ਦੀ ਇਕ ਅਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ, ਜਿਸ 'ਚ ਉਨ੍ਹਾਂ ਕਰਤਾਰਪੁਰ ਫਰਨੀਚਰ ਬਾਜ਼ਾਰ ਦੇ ਪਾਵਰਕਾਮ ਦੇ ਸ਼ਿਕਾਇਤ ਕੇਂਦਰ ਨੂੰ ਅਹਾਤਾ ਬਣਾਇਆ ਹੋਇਆ ਦਿਸ ਰਿਹਾ ਸੀ। ਇਕ ਪਾਸੇ ਜਿਥੇ ਲੋਕ ਭਿਆਨਕ ਗਰਮੀ ਵਿਚ ਬਿਜਲੀ ਕੱਟ ਤੋਂ ਪਰੇਸ਼ਾਨ ਹੁੰਦੇ ਹਨ, ਉਥੇ ਅਜਿਹੇ ਕਰਮਚਾਰੀ ਕੁਝ ਦੋਸਤਾਂ ਨਾਲ ਬੈਠ ਕੇ ਸ਼ਰਾਬ ਦਾ ਆਨੰਦ ਲੈਂਦਿਆਂ ਸ਼ਿਕਾਇਤ ਕੇਂਦਰ ਨੂੰ ਅਹਾਤਾ ਬਣਾ ਦਿੰਦੇ ਹਨ।
ਲੋਕਾਂ ਦੀ ਸ਼ਿਕਾਇਤ ਹੈ ਕਿ ਪਾਵਰਕਾਮ ਵੱਡੇ-ਵੇਡੇ ਦਾਅਵੇ ਕਰ ਦਿੰਦਾ ਹੈ ਤੇ ਬਿਜਲੀ ਬਿੱਲ ਲੇਟ ਹੋ ਜਾਵੇ ਤਾਂ ਖਪਤਕਾਰ ਦਾ ਕੁਨੈਕਸ਼ਨ ਤੱਕ ਕੱਟ ਦਿੱਤਾ ਜਾਂਦਾ ਹੈ ਪਰ ਜੇਕਰ ਬਿਜਲੀ ਵਿਚ ਫਾਲਟ ਪੈ ਜਾਵੇ ਤਾਂ ਭਾਵੇਂ ਜਿੰਨੇ ਮਰਜ਼ੀ ਘੰਟੇ ਜਾਂ ਦਿਨ ਹੋ ਜਾਣ, ਕੋਈ ਮੁਆਵਜ਼ਾ ਖਪਤਕਾਰ ਨੂੰ ਨਹੀਂ ਮਿਲਦਾ।
ਇਸ ਸਬੰਧੀ ਪਾਵਰਕਾਰ ਦੇ ਐਕਸੀਅਨ ਦਵਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਹੀ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਅਜਿਹੇ ਕਰਮਚਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਨੂੰ ਅਮਲੀਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਉੱਚ ਅਧਿਕਾਰੀ ਦੇ ਵੀ ਨੋਟਿਸ ਵਿਚ ਲਿਆ ਦਿੱਤਾ ਗਿਆ ਹੈ।