ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ ਜਲਦ ਹੋਵੇਗਾ ਸ਼ੁਰੂ

Thursday, Dec 13, 2018 - 12:22 PM (IST)

ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ ਜਲਦ ਹੋਵੇਗਾ ਸ਼ੁਰੂ

ਡੇਰਾ ਬਾਬਾ ਨਾਨਕ (ਕੰਵਲਜੀਤ)— ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਦੇ ਨਿਰਮਾਣ ਦਾ ਜਾਇਜ਼ਾ ਲੈਣ ਲਈ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਐੱਨ. ਐੱਸ. ਕਲਸੀ ਐਡੀਸ਼ਨਲ ਚੀਫ ਸੈਕਟਰੀ ਪੰਜਾਬ ਸਰਕਾਰ ਤੋਂ ਇਲਾਵਾ ਬੀ. ਐੱਸ.ਐੱਫ. ਦੇ ਅਧਿਕਾਰੀਆਂ ਨੇ ਡੇਰਾ ਬਾਬਾ ਨਾਨਕ ਨਾਲ ਲਗਦੀ ਸਰਹੱਦ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਤੱਕ ਜਾਣ ਵਾਲੇ ਰਸਤੇ ਦਾ ਜਾਇਜ਼ਾ ਲਿਆ ਤੇ ਨਾਲ ਹੀ ਵੱਖ-ਵੱਖ ਥਾਵਾਂ 'ਤੇ ਰਸਤੇ ਦੀ ਪੈਮਾਇਸ਼ ਵੀ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਅਗਲੇ ਸਾਲ ਤੱਕ ਮੁਕਾ ਲਿਆ ਜਾਵੇਗਾ ਤੇ ਸੰਗਤਾਂ ਇਸ ਲਾਂਘੇ ਰਾਹੀਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਨਾਉਣਗੀਆਂ। ਰੰਧਾਵਾ ਨੇ ਦੱਸਿਆ ਕਿ ਕਰਤਾਰਪੁਰ ਤੱਕ ਜਾਣ ਲਈ ਪੁਰਾਣਾ ਰਸਤਾ ਹੀ ਬਹਾਲ ਰੱਖਿਆ ਜਾਵੇਗਾ, ਜਿਸ ਲਈ ਕੇਂਦਰੀ ਟੀਮ ਨੂੰ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਕ ਹਫਤੇ ਅੰਦਰ ਸਾਰੀ ਰਿਪੋਰਟ ਤਿਆਰ ਕਰਕੇ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤੀ ਜਾਵੇਗੀ ਤੇ ਜਲਦੀ ਹੀ ਲਾਂਘੇ ਦੇ ਨਿਰਮਾਣ ਦਾ ਕੰਮ ਸ਼ਰੂ ਕਰ ਦਿੱਤਾ ਜਾਵੇਗਾ। ਰੰਧਾਵਾ ਨੇ ਕਿਹਾ ਕਿ ਜਲਦੀ ਹੀ ਜਗ੍ਹਾ ਐਕਵਾਇਰ ਕਰਕੇ ਚਾਰ-ਮਾਰਗੀ ਸੜਕਾਂ, ਕਸਟਮ ਦਫਤਰ, ਸੁਰੱਖਿਆ ਚੌਕੀਆ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ।

ਇਸ ਮੌਕੇ ਬਾਬਾ ਸੁਖਦੀਪ ਸਿੰਘ ਬੇਦੀ ਚੇਅਰਮੈਨ ਚੈਰੀਟੇਬਲ ਹਸਪਤਾਲ, ਬ੍ਰਿਗੇਡੀਅਰ ਕੇ. ਐੱਸ. ਬਰਾਰ, ਆਈ. ਜੀ. ਪੀ. ਐੱਸ. ਪਰਮਾਰ, ਵਿਪੁਲ ਉਜਵਲ ਡੀ. ਸੀ. ਗੁਰਦਾਸਪੁਰ, ਰਜੇਸ਼ ਸ਼ਰਮਾ ਡੀ.ਆਈ.ਜੀ. ਉਪਿੰਦਰਜੀਤ ਸਿੰਘ ਘੁੰਮਣ ਐੱਸ.ਐੱਸ.ਪੀ. ਬਟਾਲਾ,  ਸਹਾਇਕ ਕਮਾਂਡੈਂਟ ਨੀਰਜ ਕੁਮਾਰ, ਅਰਵਿੰਦ ਕੁਮਾਰ ਜੁਆਇੰਟ ਕਮਿਸ਼ਨਰ ਕਸਟਮ, ਡੀ.ਐੱਸ.ਪੀ. ਹਰਿੰਦਰ ਸਿੰਘ ਸੰਜੀਵ ਕਾਲੜਾ, ਵਿਸ਼ਾਲ ਗੁਪਤਾ, ਮੁਨੀਸ਼ ਰਸਤੋਗੀ, ਜਸਪਾਲ ਸਿੰਘ ਪ੍ਰੋਜੈਕਟ  ਤੇ ਐਕਸੀਅਨ ਹਰਜੋਤ ਸਿੰਘ ਆਦਿ ਵੀ ਹਾਜ਼ਰ ਸਨ।


author

cherry

Content Editor

Related News