5 ਦਿਨਾਂ ''ਚ ਸਿਰਫ 1733 ਸ਼ਰਧਾਲੂ ਹੀ ਕਰ ਸਕੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
Thursday, Nov 14, 2019 - 08:33 AM (IST)
ਡੇਰਾ ਬਾਬਾ ਨਾਨਕ (ਵਤਨ) : ਪਾਕਿਸਤਾਨ 'ਚ ਸਥਿਤ ਅਤੇ ਕਸਬੇ ਦੇ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਥੋੜੀ ਦੂਰ ਪੈਂਦੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਬੁੱਧਵਾਰ ਨੂੰ 270 ਸ਼ਰਧਾਲੂ ਪਾਕਿਸਤਾਨ ਗਏ ਅਤੇ ਉਨ੍ਹਾਂ ਉਥੇ ਗੁਰੂਘਰ ਦੇ ਦਰਸ਼ਨ-ਦੀਦਾਰ ਕੀਤੇ। ਬੀਤੇ 5 ਦਿਨਾਂ 'ਚ ਸਿਰਫ 1733 ਸ਼ਰਧਾਲੂ ਹੀ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਹਨ ਜਦਕਿ ਦੋਹਾਂ ਸਰਕਾਰਾਂ ਵੱਲੋਂ ਹਰ ਰੋਜ਼ 5 ਹਜ਼ਾਰ ਯਾਤਰੀਆਂ ਦੇ ਜਾਣ ਦੀ ਗੱਲ ਕਹੀ ਗਈ ਸੀ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਰਿਹਾ ਕਿ ਦੋਹਾਂ ਦੇਸ਼ਾਂ ਦੇ ਪ੍ਰਬੰਧਾਂ 'ਚ ਅਜਿਹੀਆਂ ਕਿਹੜੀਆਂ ਖਾਮੀਆਂ ਹਨ ਕਿ ਹਰ ਰੋਜ਼ 5 ਹਜ਼ਾਰ ਸ਼ਰਧਾਲੂ ਜਾਣ ਦੀ ਬਜਾਏ ਸਿਰਫ ਸੈਂਕੜਿਆਂ ਦੀ ਗਿਣਤੀ ਦੇ ਦਰਸ਼ਨ ਦੀਦਾਰ ਕਰਨ 'ਚ ਸਫਲ ਹੋ ਰਹੀ ਹੈ।
ਉਂਝ ਤਾਂ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਵੱਡੀ ਗਿਣਤੀ 'ਚ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਆਈਆਂ ਅਤੇ ਕਰਤਾਰਪੁਰ ਸਾਹਿਬ ਲਈ ਸ਼ਰਤਾਂ ਸੁਣ ਕੇ ਧੁੱਸੀ ਬੰਨ੍ਹ ਤੋਂ ਹੀ ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਦੀਦਾਰ ਕਰ ਕੇ ਗਈਆਂ। ਸੰਗਤਾਂ ਹੁਣ ਇਹ ਅਰਦਾਸ ਕਰ ਰਹੀਆਂ ਹਨ ਕਿ ਦੋਵੇਂ ਦੇਸ਼ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰ ਕੇ ਹੋਰ ਕਿਸੇ ਦਸਤਾਵੇਜ਼ ਦੀ ਸ਼ਰਤ ਰੱਖਣ ਤਾਂ ਜੋ ਆਮ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ। ਸੰਗਤਾਂ ਦਾ ਕਹਿਣਾ ਹੈ ਕਿ ਪਾਸਪੋਰਟ ਸਮੇਤ ਕਾਫੀ ਸ਼ਰਤਾਂ ਬਾਰੇ ਤਾਂ ਅਜੇ ਆਮ ਸੰਗਤ ਨੂੰ ਪਤਾ ਹੀ ਨਹੀਂ ਹੈ ਅਤੇ ਇਹ ਸ਼ਰਤਾਂ ਵੀ ਕਾਫੀ ਗੁੰਝਲਦਾਰ ਹਨ ਤੇ ਦੋਹਾਂ ਸਰਕਾਰਾਂ ਵੱਲੋਂ ਐਨੇ ਪੈਸੇ ਖਰਚੇ ਗਏ ਹਨ ਤੇ ਜੇਕਰ ਸੰਗਤਾਂ ਨੂੰ ਦਰਸ਼ਨਾਂ ਦਾ ਮੌਕਾ ਹੀ ਨਾ ਮਿਲਿਆ ਤਾਂ ਫਿਰ ਅਜਿਹੇ ਪ੍ਰਬੰਧ ਕਰਨ ਦਾ ਕੀ ਫਾਇਦਾ। ਸੰਗਤਾਂ ਨੇ ਇਹ ਵੀ ਮੰਗ ਕੀਤੀ ਕਿ ਕਰਤਾਰਪੁਰ ਮਾਰਗ 'ਤੇ ਪੀਣ ਵਾਲੇ ਪਾਣੀ ਅਤੇ ਸੰਗਤਾਂ ਲਈ ਲੰਗਰ ਦੇ ਵੀ ਪ੍ਰਬੰਧ ਕੀਤੇ ਜਾਣ ਤਾਂ ਕਿ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਅਤੇ ਇਸ ਦੇ ਨਾਲ-ਨਾਲ ਕਰਤਾਰਪੁਰ ਮਾਰਗ 'ਤੇ ਸਰਕਾਰ ਕਰਤਾਰਪੁਰ ਸਾਹਿਬ ਦੇ ਮੁੱਖ ਮਾਰਗ ਤੋਂ ਸਪੈਸ਼ਲ ਬੱਸਾਂ ਚਲਾਵੇ ਤਾਂ ਜੋ ਜਿਹੜੀ ਸੰਗਤ ਤੁਰ ਕੇ ਦਰਸ਼ਨ ਸਥੱਲ ਤੱਕ ਨਹੀਂ ਪਹੁੰਚ ਸਕਦੀ, ਉਸ ਨੂੰ ਇਸ ਦੀ ਸਹੂਲਤ ਮਿਲ ਸਕੇ।