ਕਰਤਾਰਪੁਰ ਲਾਂਘਾ : ਸਰਹੱਦ 'ਤੇ ਤਣਾਅ ਵਿਚਕਾਰ ਪਹਿਲੀ ਵਾਰ ਮਿਲਣਗੇ ਭਾਰਤ-ਪਾਕਿਸਤਾਨ

Thursday, Mar 14, 2019 - 10:09 AM (IST)

ਕਰਤਾਰਪੁਰ ਲਾਂਘਾ : ਸਰਹੱਦ 'ਤੇ ਤਣਾਅ ਵਿਚਕਾਰ ਪਹਿਲੀ ਵਾਰ ਮਿਲਣਗੇ ਭਾਰਤ-ਪਾਕਿਸਤਾਨ

ਚੰਡੀਗੜ੍ਹ/ਪਾਕਿਸਤਾਨ : ਪਿਛਲੇ ਇਕ ਮਹੀਨੇ ਤੋਂ ਸਰਹੱਦ ਦੇ ਆਰ-ਪਾਰ ਜਾਰੀ ਤਣਾਅ ਦੌਰਾਨ ਵੀਰਵਾਰ ਨੂੰ ਭਾਰਤ ਅਤੇ ਪਾਕਿਸਤਾਨ ਕਰਤਾਰਪੁਰ ਲਾਂਘੇ ਨੂੰ ਲੈ ਕੇ ਗੱਲਬਾਤ ਲਈ ਆਹਮੋ-ਸਾਹਮਣੇ ਹੋਣਗੇ। ਭਾਰਤ ਅਤੇ ਪਾਕਿਸਤਾਨ ਕਰਤਾਰਪੁਰ ਲਾਂਘਾ ਬਣਾਉਣ ਲਈ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ ਲਈ ਪਹਿਲੀ ਵਾਰ ਮਿਲਣਗੇ। ਇਹ ਲਾਂਘਾ ਪਾਕਿਸਤਾਨੀ ਸ਼ਹਿਰ ਕਰਤਾਰਪੁਰ 'ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਨਾਲ ਜੋੜੇਗਾ। ਇਸ ਪ੍ਰਾਜੈਕਟ 'ਤੇ ਦੋਹਾਂ ਦੇਸ਼ਾਂ ਵਲੋਂ ਸਹਿਮਤੀ ਜਤਾਉਣ ਦੇ ਤਿੰਨ ਮਹੀਨਿਆਂ ਬਾਅਦ ਇਹ ਬੈਠਕ ਹੋ ਰਹੀ ਹੈ।
ਅਧਿਕਾਰਕ ਸੂਤਰਾਂ ਮੁਤਾਬਕ ਇਹ ਬੈਠਕ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤ ਵਲੋਂ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਲਾਂਘੇ ਰਾਹੀਂ ਸ਼ਰਧਾਲੂਆਂ ਨੂੰ ਬਿਨਾ ਵੀਜ਼ਾ ਦੇ ਯਾਤਰਾ ਕਰਨ 'ਤੇ ਅਹਿਮ ਸਮਝੌਤਾ ਕੀਤਾ ਜਾਵੇਗਾ। ਦੋਹਾਂ ਦੇਸ਼ਾਂ ਦੇ ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰ ਅਟਾਰੀ 'ਚ ਲਾਂਘੇ ਦੀ ਰੂਪ-ਰੇਖਾ ਤੈਅ ਕਰਨਗੇ। 
ਜ਼ਿਕਰਯੋਗ ਹੈ ਕਿ ਭਾਰਤ ਵਲੋਂ ਪਾਕਿਸਤਾਨ 'ਚ ਦਾਖਲ ਹੋ ਕੇ ਜੈਸ਼-ਏ-ਮੁਹੰਮਦ ਦੇ ਟ੍ਰੇਨਿੰਗ ਕੈਂਪਾਂ 'ਤੇ ਹਵਾਈ ਹਮਲੇ ਕਰਨ ਅਤੇ ਉਸ ਤੋਂ ਬਾਅਦ ਪਾਕਿਸਤਾਨ ਦੀ ਜਵਾਬੀ ਕਾਰਵਾਈ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਵਧੇ ਤਣਾਅ ਦੌਰਾਨ ਇਹ ਬੈਠਕ ਹੋ ਰਹੀ ਹੈ। ਸੂਤਰਾਂ ਮੁਤਾਬਕ ਭਾਰਤ, ਪਾਕਿਸਤਾਨ ਨੂੰ ਅਪੀਲ ਕਰ ਸਕਦਾ ਹੈ ਕਿ ਉਹ ਭਾਰਤੀ ਤੀਰਥ ਯਾਤਰੀਆਂ ਨੂੰ ਗੁਰਦੁਆਰੇ ਤੱਕ ਬਿਨਾਂ ਪਾਸਪੋਰਟ ਅਤੇ ਵੀਜ਼ਾ ਦੇ ਜਾਣ ਦੀ ਇਜਾਜ਼ਤ ਦੇਵੇ। ਪਿਛਲੇ ਸਾਲ ਨਵੰਬਰ 'ਚ ਭਾਰਤ ਅਤੇ ਪਾਕਿਸਤਾਨ ਕਰਤਾਰਪੁਰ 'ਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲੇ 'ਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਨ ਲਈ ਲਾਂਘਾ ਬਣਾਉਣ 'ਤੇ ਸਹਿਮਤ ਹੋਏ ਸਨ। ਕਰਤਾਰਪੁਰ 'ਚ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਬਿਤਾਇਆ ਸੀ।


author

Babita

Content Editor

Related News