ਮੌਸਮ ’ਚ ਆਏ ਅਚਾਨਕ ਬਦਲਾਅ ਨਾਲ ਮੌਸਮ ਹੋਇਆ ਸੁਹਾਵਣਾ, ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ
Sunday, Apr 18, 2021 - 01:32 PM (IST)
ਕਪੂਰਥਲਾ (ਮਹਾਜਨ)-ਬੀਤੇ ਦਿਨਾਂ ਤੋਂ ਮੌਸਮ ’ਚ ਆ ਰਹੇ ਅਚਾਨਕ ਬਦਲਾਅ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਇਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਕਾਫ਼ੀ ਵੱਧ ਗਈਆਂ ਹਨ। ਸਵੇਰ ਤੋਂ ਆਸਮਾਨ ’ਚ ਛਾਏ ਬੱਦਲਾਂ ਤੇ ਚੱਲ ਰਹੀਆਂ ਹਵਾਵਾਂ ਨੇ ਮੌਸਮ ਕਾਫ਼ੀ ਸੁਹਾਵਣਾ ਬਣਾ ਦਿੱਤਾ। ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਤਾਪਮਾਨ ’ਚ ਕਾਫ਼ੀ ਗਿਰਾਵਟ ਲਿਆ ਦਿੱਤੀ। ਓਧਰ ਕਣਕ ਦਾ ਸੀਜ਼ਨ ਹੋਣ ਕਾਰਣ ਖੇਤਾਂ ’ਚ ਲਹਿਰਾ ਰਹੀ ਫਸਲ ਤੇਜ਼ ਹਵਾਵਾਂ ਦੇ ਕਾਰਨ ਜ਼ਮੀਨ ’ਤੇ ਵਿਛ ਗਈ, ਉੱਥੇ ਹੀ ਹੋ ਰਹੀ ਬੂੰਦਾਬਾਂਦੀ ਨਾਲ ਕਣਕ ’ਚ ਨਮੀ ਦੀ ਮਾਤਰਾ ਵਧਣ ਦਾ ਖ਼ਦਸ਼ਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾ ਵੱਲੋਂ ਫਸਲ ਕੱਟ ਕੇ ਮੰਡੀਆਂ ’ਚ ਲਿਆਂਦੀ ਗਈ ਹੈ, ਉਨ੍ਹਾਂ ਨੂੰ ਵੀ ਇਸ ਮੌਸਮ ਦੇ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ
ਜ਼ਿਕਰਯੋਗ ਹੈ ਕਿ ਮੌਸਮ ਮਹਿਕਮੇ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ ਕਿ 21 ਅਪ੍ਰੈਲ ਤੱਕ ਮੌਸਮ ’ਚ ਬਦਲਾਅ ਹੋਣ ਦੇ ਨਾਲ-ਨਾਲ ਤੇਜ਼ ਹਨੇਰੀ ਤੇ ਬਾਰਿਸ਼ ਹੋਣ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਘੱਟੋ ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਰਿਹਾ। ਵਿਭਾਗ ਅਨੁਸਾਰ ਅਗਲੇ ਸ਼ੁਕਰਵਾਰ ਤੱਕ ਆਸਮਾਨ ’ਚ ਬੱਦਲ ਛਾਏ ਰਹਿਣ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਤੇਜ਼ ਹਨੇਰੀ ਨਾਲ ਬਿਜਲੀ ਸਪਲਾਈ ਹੋਈ ਪ੍ਰਭਾਵਿਤ
ਦੁਪਹਿਰ ਨੂੰ ਚੱਲੀ ਤੇਜ਼ ਹਨੇਰੀ ਦੇ ਕਾਰਨ ਪੂਰੇ ਸ਼ਹਿਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਹਵਾ ਦੀ ਗਤੀ ਕਰੀਬ 30 ਕਿ. ਮੀ. ਪ੍ਰਤੀ ਘੰਟਾ ਹੋਣ ਨਾਲ ਕਈ ਖੇਤਰਾਂ ’ਚ ਬਿਜਲੀ ਸਪਲਾਈ ਬੰਦ ਰਹੀ। ਉੱਥੇ ਹੀ ਹਨ੍ਹੇਰੀ ਦੇ ਕਾਰਨ ਆਸਮਾਨ ’ਚ ਧੂੜ ਹੋਣ ਦੇ ਨਾਲ ਦੋ ਪਹੀਆ ਵਾਹਨ ਚਾਲਕਾਂ ਤੇ ਪੈਦਲ ਆਉਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਇਸ ਨਾਲ ਖੇਤਾਂ ’ਚ ਚੱਲ ਰਿਹਾ ਕਣਕ ਦੀ ਕਟਾਈ ਦਾ ਕੰਮ ਵੀ ਕਾਫੀ ਪ੍ਰਭਾਵਿਤ ਹੋਇਆ।
ਇਹ ਵੀ ਪੜ੍ਹੋ : ਸੋਢਲ ਫਾਟਕ ’ਤੇ ਵਾਪਰਿਆ ਦਰਦਨਾਕ ਹਾਦਸਾ, ਜਵਾਨ ਪੁੱਤ ਦੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਮੰਡੀਆਂ ’ਚ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ : ਡੀ. ਸੀ.
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦੱਸਿਆ ਕਿ ਕਣਕ ਦੇ ਸੀਜ਼ਨ ਦੌਰਾਨ ਪਏ ਬੇ-ਮੌਸਮੀ ਮੀਂਹ ਦੌਰਾਨ ਮੰਡੀਆਂ ਵਿਚ ਆਈ ਕਣਕ ਨੂੰ ਬਚਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਤੇ ਮੰਡੀ ਬੋਰਡ ਵੱਲੋਂ ਕੀਤੇ ਅਗਾਊਂ ਪ੍ਰਬੰਧਾਂ ਤਹਿਤ ਲੋੜ ਅਨੁਸਾਰ ਤਰਪਾਲਾਂ ਮੁਹੱਈਆ ਹੋਣਾ ਯਕੀਨੀ ਬਣਾਇਆ ਗਿਆ। ਜ਼ਿਲ੍ਹੇ ’ਚ ਕੁੱਲ 42 ਪੱਕੀਆਂ ਤੇ ਬਾਕੀ ਆਰਜ਼ੀ ਮੰਡੀਆਂ ’ਚ ਕਣਕ ਦੀ ਆਮਦ ਤੋਂ ਪਹਿਲਾਂ ਹੀ ਜ਼ਿਲਾ ਮੰਡੀ ਅਫਸਰ ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜ਼ਰਾਂ ਨੂੰ ਆੜ੍ਹਤੀ ਐਸੋਸੀਏਸ਼ਨਾਂ ਨਾਲ ਰਾਬਤਾ ਕਾਇਮ ਕਰਕੇ ਬੇ-ਮੌਸਮੀ ਮੀਂਹ ਤੋਂ ਕਣਕ ਨੂੰ ਬਚਾਉਣ ਲਈ ਹਰੇਕ ਮੰਡੀ ਵਿਚ ਤਰਪਾਲਾਂ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : NRI ਪਤੀ ਦੀ ਕਰਤੂਤ ਨੇ ਉਡਾਏ ਪਤਨੀ ਦੇ ਹੋਸ਼, ਇੰਝ ਖੁੱਲ੍ਹਿਆ ਗਰਲਫਰੈਂਡ ਦਾ ਭੇਤ
ਜ਼ਰੂਰਤ ਪੈਣ ’ਤੇ ਕਣਕ ਦੀਆਂ ਢੇਰੀਆਂ ਨੂੰ ਤੁਰੰਤ ਢੱਕ ਦਿੱਤਾ ਗਿਆ : ਜ਼ਿਲ੍ਹਾ ਮੰਡੀ ਅਫਸਰ
ਜ਼ਿਲ੍ਹਾ ਮੰਡੀ ਅਫ਼ਸਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਵੇਰ ਤੋਂ ਹੀ ਤੇਜ਼ ਹਵਾਵਾਂ ਚੱਲਣ ਕਾਰਨ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਸਮੂਹ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਕਣਕ ਦੀਆਂ ਢੇਰੀਆਂ ਨੂੰ ਜ਼ਰੂਰਤ ਪੈਣ ’ਤੇ ਤੁਰੰਤ ਢੱਕੇ ਜਾਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਤਾਂ ਜੋ ਕਿਸਾਨਾਂ ਦੀ ਫਸਲ ਨੂੰ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਵਲੋਂ ਆਡ਼੍ਹਤੀਆਂ ਤੇ ਕਿਸਾਨਾਂ ਦੇ ਸਹਿਯੋਗ ਨਾਲ ਕਣਕ ਦੇ ਢੇਰਾਂ ਅਤੇ ਕਣਕ ਦੇ ਭਰੇ ਹੋਏ ਬੋਰਿਆਂ ਨੂੰ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਢਕਿਆ ਗਿਆ।