ਸ਼ਾਤਰਾਨਾ ਅੰਦਾਜ਼, ਵਟਸਐਪ ’ਤੇ ਲਾਈ ਪੁਲਸ ਦੇ ਉੱਚ ਅਧਿਕਾਰੀਆਂ ਦੀ ਤਸਵੀਰ, ਪਹੇਲੀ ਬਣਿਆ ਨੰਬਰ
Friday, Jun 10, 2022 - 04:44 PM (IST)
 
            
            ਕਪੂਰਥਲਾ (ਭੂਸ਼ਣ/ਮਹਾਜਨ)- ਆਪਣੇ ਵਟਸਐਪ 'ਤੇ ਪੁਲਸ ਦੇ ਉੱਚ ਅਧਿਕਾਰੀਆਂ ਦੀ ਤਸਵੀਰ ਲਗਾ ਕੇ ਅਣਪਛਾਤਾ ਵਿਅਕਤੀ ਕਪੂਰਥਲਾ ਦੀ ਪੁਲਸ ਨੂੰ ਆਪਣੇ ਇਸ਼ਾਰਿਆਂ 'ਤੇ ਨਚਾ ਰਿਹਾ ਹੈ। ਉਕਤ ਵਿਅਕਤੀ ਫੇਕ ਆਈ. ਡੀ. ਬਣਾ ਕੇ ਪੁਲਸ ਕਰਮਚਾਰੀਆਂ ਨੂੰ ਆਦੇਸ਼ ਵੀ ਦੇ ਰਿਹਾ ਹੈ ਅਤੇ ਪੁੱਛ ਰਿਹਾ ਹੈ ਕਿ ਕੰਮ ਕਿਵੇਂ ਹੋ ਰਿਹਾ ਹੈ। ਆਪਣੇ ਵਟਸਐਪ ਨੰਬਰ ’ਤੇ ਐੱਸ. ਐੱਸ. ਪੀ. ਕਪੂਰਥਲਾ ਅਤੇ ਪਟਿਆਲਾ ਰੇਂਜ ਦੇ ਆਈ. ਜੀ. ਦੀ ਤਸਵੀਰ ਲਗਾ ਕੇ ਪੁਲਸ ਅਧਿਕਾਰੀਆਂ ਨਾਲ ਚੈਟ ਕਰਨ ਵਾਲੇ ਇਕ ਅਣਪਛਾਤੇ ਮੁਲਜ਼ਮ ਦੇ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ।
ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਰਜੀਤ ਸਿੰਘ ਪੱਤੜ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਮੋਬਾਇਲ ਨੰਬਰ ’ਤੇ ਇਕ ਵਟਸਐਪ ਨੰਬਰ 87300-01096 ਰਾਹੀਂ ਮੈਸੇਜ ਆਇਆ ਸੀ। ਜਿਸ ’ਤੇ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਦੀ ਵਰਦੀ ਵਾਲੀ ਫੋਟੋ ਲੱਗੀ ਹੋਈ ਸੀ ਪਰ ਐੱਸ. ਐੱਸ. ਪੀ. ਕਪੂਰਥਲਾ ਦਾ ਨੰਬਰ ਨਾ ਹੋਣ ਕਾਰਨ ਜਦੋਂ ਉਨ੍ਹਾਂ ਇਸ ਆਈ. ਡੀ. ਦੀ ਜਾਂਚ ਕਰਵਾਈ ਤਾਂ ਖ਼ੁਲਾਸਾ ਹੋਇਆ ਕਿ ਉਹ ਫੇਕ ਆਈ. ਡੀ. ਬਣੀ ਹੋਈ ਹੈ। ਜਾਂਚ ਕਰਨ 'ਤੇ ਪਹਿਲਾਂ ਉਕਤ ਵਟਸਐਪ ਨੰਬਰ ਦਿੱਲੀ ਅਤੇ ਬਾਅਦ ਵਿਚ ਸ਼ਿਲਾਂਗ ਵਿਚ ਟਰੇਸ ਹੋਇਆ।
ਇਹ ਵੀ ਪੜ੍ਹੋ: ਰੋਜ਼ੀ-ਰੋਟੀ ਦੀ ਭਾਲ ਲਈ ਪੁਰਤਗਾਲ ਗਏ ਦਸੂਹਾ ਦੇ ਵਿਅਕਤੀ ਦਾ ਕਤਲ, ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਥਾਣਾ ਇੰਚਾਰਜ ਦੇ ਮੁਤਾਬਕ ਜਦੋਂ ਉਨ੍ਹਾਂ ਸਬੰਧਤ ਨੰਬਰ ’ਤੇ ਫੋਨ ਕਾਲ ਕੀਤੀ ਤਾਂ ਫੋਨ ਨਹੀਂ ਚੁੱਕਿਆ ਗਿਆ ਪਰ ਉਸ ਦੇ ਬਾਵਜੂਦ ਵੀ ਕਈ ਵਾਰ ਵਟਸਐਪ ਚੈਟ ਕੀਤੀ ਗਈ। ਉਸ ਦੇ ਬਾਅਦ ਉਕਤ ਮੁਲਜ਼ਮ ਨੇ ਜਦੋਂ ਆਈ. ਡੀ. ’ਤੇ ਆਈ. ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਦੀ ਤਸਵੀਰ ’ਤੇ ਨਾਮ ਲੱਗਾ ਦਿੱਤਾ ਹੈ। ਐੱਸ. ਐੱਚ. ਓ. ਸਿਟੀ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਅਣਪਛਾਤੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵੀਰਵਾਰ ਸਵੇਰ ਤੋਂ ਹੀ ਕਪੂਰਥਲਾ ਪੁਲਸ ਲਈ 87300-01096 ਇਹ ਨੰਬਰ ਪਹੇਲੀ ਬਣਿਆ ਸੀ। ਐੱਸ.ਐੱਚ.ਓ. ਥਾਣਾ ਸਿਟੀ ਸੁਰਜੀਤ ਸਿੰਘ ਅਤੇ ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਇਸ ਨੰਬਰ ਨੂੰ ਟਰੇਸ ਕਰਨ ਵਿਚ ਸਾਰਾ ਦਿਨ ਲੱਗੇ ਰਹੇ। ਦੇਰ ਸ਼ਾਮ ਨੂੰ ਇਹ ਨੰਬਰ ਦਿੱਲੀ ਅਤੇ ਬਾਅਦ ਵਿਚ ਸ਼ਿਲਾਂਗ ਵਿਚ ਟਰੇਸ ਹੋਇਆ ਪਰ ਇਸ ਨੰਬਰ ਨੂੰ ਕੌਣ ਟਰੇਸ ਕਰ ਰਿਹਾ ਹੈ, ਪੁਲਸ ਪਤਾ ਨਹੀਂ ਲਗਾ ਸਕੀ। ਉਥੇ ਹੀ ਦੂਜੇ ਪਾਸੇ ਵਿਅਕਤੀ ਵੱਲੋਂ ਵਟਸਐਪ ਉਤੇ ਦੁਪਹਿਰ ਬਾਅਦ ਆਈ. ਪੀ. ਐੱਸ. ਮੋਨਿਕਾ ਭਾਰਦਵਾਜ ਦੀ ਤਸਵੀਰ ਲਗਾ ਦਿੱਤੀ ਗਈ। ਮੋਨਿਕਾ ਭਾਰਦਵਾਜ ਦਿੱਲੀ ਵਿਚ ਹੈੱਡ ਆਫ਼ ਕ੍ਰਾਈਮ ਬਰਾਂਚ ਵਿਚ ਤਾਇਨਾਤ ਹੈ। ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਮੁਤਾਬਕ ਦੋਸ਼ੀ ਨੇ ਥਾਣ ਸਿਟੀ ਐੱਸ. ਐੱਚ. ਓ. ਅਤੇ ਹੋਰ ਪੁਲਸ ਅਧਿਕਾਰੀਆਂ ਨੂੰ ਵਟਸਐਪ ਮੈਸੇਜ ਭੇਜ ਕੇ ਖ਼ੁਦ ਨੂੰ ਐੱਸ. ਐੱਸ. ਪੀ. ਦੱਸ ਕੇ ਥਾਣੇ ਵਿਚ ਬੈਠੇ ਹੋਣ ਦਾ ਪੁੱਛਿਆ ਅਤੇ ਕੰਮ ਕਿਵੇਂ ਚੱਲ ਰਿਹਾ ਹੈ ਪੁੱਛਣ ਦੇ ਨਾਲ-ਨਾਲ ਚੈਟਿੰਗ ਵੀ ਕੀਤੀ। ਇਸ ਦੇ ਬਾਅਦ ਆਪਣੇ ਕੁਝ ਨਿੱਜੀ ਕੰਮ ਕਰਨ ਨੂੰ ਵੀ ਕਿਹਾ।
ਇਹ ਵੀ ਪੜ੍ਹੋ: ਕਾਂਗਰਸ ਨੇ ਨੋਟਿਸ ਦੇ ਕੇ ਮੇਰੇ ਸਵੈ-ਮਾਣ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ: ਸੁਨੀਲ ਜਾਖੜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            