ਪੀ. ਜੀ. ਮਾਲਕਾਂ ’ਤੇ ਕਪੂਰਥਲਾ ਪੁਲਸ ਦਾ ਸ਼ਿੰਕਜਾ, ਹੁਕਮਾਂ ਦੀ ਉਲੰਘਣਾ ਕਰਨ ’ਤੇ 4 ਖ਼ਿਲਾਫ਼ ਕੇਸ ਦਰਜ
Monday, Sep 19, 2022 - 02:56 PM (IST)
ਫਗਵਾੜਾ (ਜਲੋਟਾ)- ਫਗਵਾੜਾ ਦੇ ਪਿੰਡ ਮਹੇੜੂ ਦੇ ਲਾਗੇ ਲਾਅ ਗੇਟ ਇਲਾਕੇ ’ਚ ਪੁਲਸ ਨੇ ਡੀ. ਸੀ. ਕਪੂਰਥਲਾ ਦੇ ਹੁਕਮਾਂ ਦੀ ਅਣਦੇਖੀ ਕਰ ਰਹੇ 4 ਪੀ. ਜੀ. ਸੈਂਟਰਾਂ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ 18 ਸਤੰਬਰ ਨੂੰ ਫਗਵਾੜਾ-ਕਪੂਰਥਲਾ ਬਾਣੀ ’ਚ ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ’ਚ ਸਾਫ਼ ਤੌਰ ’ਤੇ ਲਿਖਿਆ ਗਿਆ ਸੀ ਕਿ ਇਸ ਇਲਾਕੇ ’ਚ ਬੀਤੇ ਲੰਮੇ ਸਮੇਂ ਤੋਂ ਨਾਜਾਇਜ਼ ਨਸ਼ੇ ਦਾ ਕਾਲਾ ਕਾਰੋਬਾਰ, ਦੇਹ ਵਪਾਰ ਸਮੇਤ ਹੋਰ ਕਈ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਖ਼ਬਰ ’ਚ ਇਹ ਗੱਲ ਵੀ ਸਾਫ਼ ਤੌਰ ’ਤੇ ਲਿਖੀ ਗਈ ਸੀ ਕਿ ਇਸ ਇਲਾਕੇ ’ਚ ਇਕ ਹੋਟਲ ਕੰਮ-ਪੀ. ਜੀ. ’ਚ ਭੋਲੀਆਂ-ਭਾਲੀਆਂ ਮਾਸੂਮ ਲੜਕੀਆਂ ਨੂੰ ਡਰਾ-ਧਮਕਾ ਕੇ ਦੇਹ ਵਪਾਰ ਦੇ ਕਾਲੇ ਕਾਰੋਬਾਰ ’ਚ ਧੱਕਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਮਾਮਲੇ ਸਬੰਧੀ ਫਗਵਾੜਾ ਦੇ ਐੱਸ. ਪੀ. ਮੁਖਤਿਆਰ ਰਾਏ ਨੇ ‘ਜਗ ਬਾਣੀ’ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਸਾਫ਼ ਸ਼ਬਦਾਂ ’ਚ ਕਿਹਾ ਸੀ ਕਿ ਪੁਲਸ ਫਗਵਾੜਾ ਦੇ ਕਿਸੇ ਵੀ ਇਲਾਕੇ ’ਚ ਗ਼ੈਰ-ਕਾਨੂੰਨੀ ਕਾਰਜ ਕਰਨ ਵਾਲਿਆਂ ਨੂੰ ਨਹੀਂ ਬਖਸ਼ੇਗੀ। ਜਾਣਕਾਰੀ ਮੁਤਾਬਕ ਫਗਵਾੜਾ ਪੁਲਸ ਵੱਲੋਂ ਥਾਣਾ ਸਤਨਾਮਪੁਰਾ ਵਿਖੇ ਐਲਫਾ ਪੀ. ਜੀ. ਔਨਰ, ਫਾਰਐਵਰ ਲਿਵਿੰਗ ਸ਼ਿਵਾਲਿਕ ਪੀ. ਜੀ. ਔਨਰ, ਅਸ਼ਾਪ ਰੂਮਜ਼ ਪੀ. ਜੀ. ਔਨਰ, ਐੱਸ. ਫੌਰ ਅਪਾਰਟਮੈਂਟ ਪੀ. ਜੀ. ਔਨਰ ਦੇ ਖ਼ਿਲਾਫ਼ ਧਾਰਾ 188 ਦੇ ਤਹਿਤ ਕੇਸ ਦਰਜ ਕੀਤੇ ਹਨ, ਜਿਨ੍ਹਾਂ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਇਨ੍ਹਾਂ ਪੀ. ਜੀ. ਸੈਂਟਰਾਂ ’ਚ ਮਾਲਕਾਂ ਵੱਲੋਂ ਨਾ ਤਾਂ ਸੀ. ਸੀ. ਟੀ. ਵੀ. ਕੈਮਰੇ ਆਦਿ ਲਗਾਏ ਗਏ ਹਨ ਅਤੇ ਨਾ ਹੀ ਇੱਥੇ ਰਹਿ ਰਹੇ ਵਿਦਿਆਰਥੀਆਂ ਦੀਆਂ ਆਈ. ਡੀ. ਨਜ਼ਦੀਕੀ ਪੁਲਸ ਥਾਣੇ ’ਚ ਜਮ੍ਹਾ ਕਰਵਾਈ ਹੈ। ਇੰਝ ਕਰਕੇ ਇਨ੍ਹਾਂ ਪੀ. ਜੀ. ਸੈਂਟਰਾਂ ਦੇ ਮਾਲਕਾਂ ਵੱਲੋਂ ਡੀ. ਸੀ. ਕਪੂਰਥਲਾ ਦੇ ਹੁਕਮਾਂ ਦੀ ਸਿੱਧੇ ਤੌਰ ’ਤੇ ਉਲੰਘਣਾ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਫਗਵਾੜਾ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ
ਅਜੇ ਵੀ ਗ਼ੈਰ-ਕਾਨੂੰਨੀ ਕਾਰਜ ਜਾਰੀ
ਹਾਲਾਂਕਿ ਹਕੀਕਤ ਇਹ ਵੀ ਹੈ ਕਿ ਇਸ ਇਲਾਕੇ ’ਚ ਹਾਲੇ ਵੀ ਵੱਡੇ ਪੱਧਰ ’ਤੇ ਸ਼ਾਤਰ ਲੋਕਾਂ ਵੱਲੋਂ ਆਪਣੇ ਅਸਰ ਰਸੂਖ ਦੀ ਵਰਤੋਂ ਕਰਦੇ ਹੋਏ ਖੁੱਲ੍ਹੇ ਪੱਧਰ ਦੇ ਗੈਰ-ਕਾਨੂੰਨੀ ਹਰਕਤਾਂ ਨੂੰ ਪੂਰੀ ਤਰ੍ਹਾਂ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਕੁਝ ਲੋਕਾਂ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਇਲਾਕੇ ’ਚ ਗ਼ੈਰ-ਕਾਨੂੰਨੀ ਕਾਰਜ ਕਰਨ ਵਾਲੇ ਲੋਕਾਂ ਦੀ ਪਹੁੰਚ ਉਪਰ ਤੱਕ ਹੈ ਅਤੇ ਇਨ੍ਹਾਂ ਵੱਲੋਂ ਬੀਤੇ ਲੰਮੇ ਸਮੇਂ ਤੋਂ ਇਸ ਇਲਾਕੇ ’ਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਹਰ ਪੱਖੋਂ ਸੈਟਿੰਗ ਕਰ ਕੇ ਚਲਾਇਆ ਜਾ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਫਗਵਾੜਾ ਪੁਲਸ ਇਨ੍ਹਾਂ ਸ਼ਾਤਿਰ ਲੋਕਾਂ ਦੀ ਇਨ੍ਹਾਂ ਸੈਟਿੰਗਸ ਨੂੰ ਕਿਵੇਂ ਤੋੜਦੀ ਹੈ ਅਤੇ ਇਸ ਇਲਾਕੇ ਨੂੰ ਗ਼ੈਰ-ਕਾਨੂੰਨੀ ਕਾਰਜਾਂ ਤੋਂ ਕਦੋਂ ਮੁਕਤ ਕਰਦੀ ਹੈ।
ਕਈ ਪੀ. ਜੀ. ਸੈਂਟਰਾਂ ਦਾ ਨਹੀਂ ਹੈ ਕੋਈ ਸਰਕਾਰੀ ਰਿਕਾਰਡ
ਹੁਣ ਵੱਡੀ ਗੱਲ ਇਹ ਵੀ ਹੈ ਕਿ ਫਗਵਾੜਾ ’ਚ ਰਿਹਾਇਸ਼ੀ ਇਲਾਕਿਆਂ ’ਚ ਵੱਡੀ ਗਿਣਤੀ ’ਚ ਗੈਰ-ਕਾਨੂੰਨੀ ਪੀ. ਜੀ. ਹਨ, ਜਿਨ੍ਹਾਂ ਦਾ ਕੋਈ ਸਰਕਾਰੀ ਰਿਕਾਰਡ ਹੀ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਫਗਵਾੜਾ ਪੁਲਸ ਨੂੰ ਇਸ ਵੱਲ ਪਹਿਲ ਦੇ ਆਧਾਰ ਦੇ ਧਿਆਨ ਦੇਣਾ ਚਾਹੀਦਾ ਹੈ। ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੀ. ਜੀ. ’ਚ ਕੋਈ ਸ਼ਰਾਰਤੀ ਅਨਸਰ ਜਾਂ ਆਸਮਾਜਿਕ ਵਿਅਕਤੀ ਮਾਹੌਲ ਖਰਾਬ ਕਰਨ ਲਈ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਫਗਵਾੜਾ ’ਚ ਵੱਡੀ ਗਿਣਤੀ ’ਚ ਅਜਿਹੇ ਪੀ. ਜੀ. ਸੈਂਟਰ ਹਨ, ਜਿੱਥੇ ਨਾ ਤਾਂ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ ਅਤੇ ਨਾ ਹੀ ਇਨ੍ਹਾਂ ਦੇ ਮਾਲਕਾਂ ਵੱਲੋਂ ਪੁਲਸ ਥਾਣਿਆਂ ’ਚ ਪੀ. ਜੀ. ’ਚ ਰਹਿ ਰਹੇ ਵਿਦਿਆਰਥੀਆਂ ਦਾ ਕੋਈ ਰਿਕਾਰਡ ਜਮ੍ਹਾ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਮਾਡਲ ਟਾਊਨ ਵਿਖੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਅਣਸੁਖਾਵੀ ਘਟਨਾ ਵਾਪਰਨ ’ਤੇ ਵਿਦਿਆਰਥੀਆਂ ਦੀ ਸੁਰੱਖਿਆ ਦਾ ਜ਼ਿੰਮੇਵਾਰ ਕੌਣ ਹੋਵੇਗਾ?
ਸ਼ਹਿਰ ਦੀ ਹਦੂਦ ਅੰਦਰ ਪੈਂਦੇ ਕਈ ਗੈਰ-ਕਾਨੂੰਨੀ ਪੀ. ਜੀ. ਸੈਂਟਰਾਂ ਦੇ ਨਕਸ਼ੇ ਵੀ ਨਗਰ ਨਿਗਮ ਵੱਲੋਂ ਇਨ੍ਹਾਂ ਦੇ ਨਕਸ਼ੇ ਵੀ ਨਹੀਂ ਪਾਸ ਕੀਤੇ ਗਏ। ਜੇਕਰ ਕੱਲ ਨੂੰ ਕੋਈ ਅੱਗ ਲੱਗਣ ਜਾਂ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਪੀ. ਜੀ. ਦੇ ਵਿਚ ਰਹਿ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਦਾ ਜ਼ਿੰਮੇਵਾਰ ਕੌਣ ਹੋਵੇਗਾ? ਗੈਰ-ਕਾਨੂੰਨੀ ਨਕਸ਼ੇ, ਗੈਰ-ਕਾਨੂੰਨੀ ਇਮਾਰਤਾਂ ਖੜ੍ਹੀਆਂ ਕਰ ਕੇ ਇਥੇ ਪੀ. ਜੀ. ਸੈਂਟਰ ਬਣਾ ਦਿੱਤੇ ਗਏ ਹਨ, ਜੋ ਬਿਲਕੁਲ ਕਾਨੂੰਨ ਖ਼ਿਲਾਫ਼ ਹੈ।
ਇਹ ਵੀ ਪੜ੍ਹੋ: ਕੁੜੀਆਂ ਨੂੰ ਡਰਾ-ਧਮਕਾ ਕੇ ਧੱਕਿਆ ਜਾ ਰਿਹੈ ਦੇਹ ਵਪਾਰ ਦੇ ਧੰਦੇ ’ਚ, ਵਾਇਰਲ ਵੀਡੀਓ ਕਲਿੱਪ ਨੇ ਖੋਲ੍ਹੀ ਪੋਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ