ਅੰਤਰਰਾਜ਼ੀ ਡਰੱਗ ਨੈੱਟਵਰਕ ਦਾ ਪਰਦਾਫਾਸ਼, ਜ਼ਿਲ੍ਹਾ ਕਪੂਰਥਲਾ ਦੇ ਡਰੱਗ ਸਮੱਲਗਰਾਂ ਦੇ ਦਿੱਲੀ ਨਾਲ ਜੁੜੇ ਤਾਰ!

09/19/2023 4:03:10 PM

ਕਪੂਰਥਲਾ (ਭੂਸ਼ਣ/ਮਹਾਜਨ) : ਪਿਛਲੇ ਕਈ ਦਹਾਕਿਆਂ ਤੋਂ ਡਰੱਗ ਮਾਫੀਆ ਦੀਆਂ ਗਤੀਵਿਧੀਆਂ ਦਾ ਗੜ੍ਹ ਬਣ ਚੁੱਕੇ ਕਪੂਰਥਲਾ ਜ਼ਿਲੇ ਦੇ ਕਈ ਡਰੱਗ ਪ੍ਰਭਾਵਿਤ ਪਿੰਡਾਂ ਨਾਲ ਸਬੰਧਤ ਸਮੱਗਲਰਾਂ ਦੇ ਦਿੱਲੀ ’ਚ ਚੱਲ ਰਹੇ ਡਰੱਗ ਨੈੱਟਵਰਕ ਨਾਲ ਤਾਰ ਜੁੜੇ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ ਪਰ ਪਿਛਲੀਆਂ ਸਰਕਾਰਾਂ ਦੇ ਰਾਜ ਦੌਰਾਨ ਵੱਡੇ ਸਿਆਸੀ ਦਬਾਅ ਕਾਰਨ ਜਿੱਥੇ ਪੁਲਸ ਅਧਿਕਾਰੀ ਖੁੱਲ ਕੇ ਇਸ ਅੰਤਰਰਾਜੀ ਡਰੱਗ ਨੈੱਟਵਰਕ ਦਾ ਖੁਲਾਸਾ ਨਹੀਂ ਕਰ ਪਾਏ ਸਨ। ਉੱਥੇ ਹੀ ਸੂਬੇ ਨੂੰ ਨਸ਼ਾ ਮੁਕਤ ਕਰਵਾਉਣ ਦੇ ਵਾਅਦੇ ਨਾਲ ਸੱਤਾ ’ਚ ਆਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਮਾਫੀਆ ਦੇ ਖਾਤਮੇ ਲਈ ਪੰਜਾਬ ਪੁਲਸ ਨੂੰ ਦਿੱਤੀ ਖੁੱਲ੍ਹੀ ਛੋਟ ਦੇ ਸਦਕਾ ਜਿੱਥੇ ਕਪੂਰਥਲਾ ਪੁਲਸ ਇਕ ਵੱਡੇ ਅੰਤਰਰਾਜੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕਰਨ ’ਚ ਕਾਮਯਾਬ ਹੋਈ ਹੈ, ਉੱਥੇ ਹੀ ‘ਆਪ’ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਜ਼ਿਲਾ ਕਪੂਰਥਲਾ ਨਾਲ ਸਬੰਧਤ ਕਈ ਵੱਡੇ ਡਰੱਗ ਸਮੱਗਲਰ ਸਲਾਖਾਂ ਪਿੱਛੇ ਪੁੱਜ ਗਏ ਹਨ।

ਇਹ ਵੀ ਪੜ੍ਹੋ- CTU ਨੂੰ ਕਿਰਾਏ ਤੋਂ ਵੱਧ ਕਮਾਈ ਇਸ਼ਤਿਹਾਰਾਂ ਤੋਂ, ਆਮਦਨ ਵਧਾਉਣ ਲਈ ਸੇਵਾਵਾਂ ਬਿਹਤਰ ਕਰਨ ਦਾ ਸੁਝਾਅ

ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਵੱਲੋਂ ਸੋਮਵਾਰ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਤੇ ਲੱਖਾਂ ਰੁਪਏ ਦੀ ਡਰੱਗ ਮਨੀ ਨਾਲ ਦਿੱਲੀ ਨਾਲ ਸਬੰਧਤ ਦੋ ਸਕੇ ਭਰਾਵਾਂ ਸਮੇਤ 5 ਡਰੱਗ ਸਮੱਗਲਰਾਂ ਦੀ ਗ੍ਰਿਫਤਾਰੀ ਨੇ ਜਿੱਥੇ ਖੇਤਰ ’ਚ ਚੱਲ ਰਹੇ ਡਰੱਗ ਨੈੱਟਵਰਕ ਦੀ ਰੀੜ੍ਹ ਦੀ ਹੱਡੀ ਤੋੜਣ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ, ਉੱਥੇ ਹੀ ਇਸ ਸੱਚਾਈ ਨੂੰ ਸਾਬਤ ਕਰ ਦਿੱਤਾ ਹੈ ਕਿ ਜੇਕਰ ਪੁਲਸ ਰਾਜਨੀਤਿਕ ਦਬਾਅ ਤੋਂ ਬਿਨਾਂ ਕੰਮ ਕਰੇ ਤਾਂ ਡਰੱਗ ਨੈੱਟਵਰਕ ਨੂੰ ਕਾਫੀ ਹੱਦ ਤੱਕ ਖਤਮ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਜ਼ਿਲੇ ’ਚ ਨਵੀਂ ਦਿੱਲੀ ਤੋਂ ਚੱਲਣ ਵਾਲੇ ਡਰੱਗ ਮਾਫੀਆ ਦਾ ਪਹਿਲੀ ਵਾਰ ਖੁਲਾਸਾ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਸਾਲ 2007 ’ਚ ਕਪੂਰਥਲਾ ਪੁਲਸ ਨੇ ਫਗਵਾੜਾ-ਜਲੰਧਰ ਹਾਈਵੇ ’ਤੇ 5 ਕਿਲੋ ਹੈਰੋਇਨ ਦੀ ਖੇਪ ਦੇ ਨਾਲ ਕਈ ਮੁਲਜ਼ਮਾਂ ਨੂੰ ਕਾਬੂ ਕਰਕੇ ਨਵੀਂ ਦਿੱਲੀ ਤੋਂ ਚੱਲਣ ਵਾਲੇ ਡਰੱਗ ਨੈਟਵਰਕ ਦਾ ਖੁਲਾਸਾ ਕੀਤਾ ਸੀ। ਇਸ ਤੋਂ ਬਾਅਦ ਵੀ ਸਮੇਂ-ਸਮੇਂ ’ਤੇ ਦਿੱਲੀ ਤੋਂ ਆਈ ਹੈਰੋਇਨ ਦੀ ਖੇਪ ਕਪੂਰਥਲਾ ਪੁਲਸ ਵੱਲੋਂ ਫੜੀ ਗਈ ਸੀ ਪਰ ਇਸਦੇ ਬਾਵਜੂਦ ਪਰਦੇ ਦੇ ਪਿੱਛੇ ਲੁਕੀ ਸੱਚਾਈ ਸਾਹਮਣੇ ਨਹੀਂ ਲਿਆਂਦੀ ਗਈ ਸੀ।

ਇਹ ਵੀ ਪੜ੍ਹੋ- ਅਨੰਤਨਾਗ ਦੇ ਜੰਗਲ 'ਚ ਲੁਕੇ ਅੱਤਵਾਦੀਆਂ ਦੇ ਅੱਡੇ ਨੂੰ ਭਾਰਤੀ ਫੌਜ ਨੇ ਕੀਤਾ ਤਬਾਹ

ਪਿਛਲੀਆਂ ਸਰਕਾਰਾਂ ’ਚ ਸਿਆਸੀ ਦਬਾਅ ਕਾਰਨ ਪਹਿਲਾਂ ਨਹੀਂ ਹੁੰਦੀ ਸੀ ਠੋਸ ਕਾਰਵਾਈ
ਜ਼ਿਕਰਯੋਗ ਹੈ ਕਿ ਜ਼ਿਲੇ ਦੇ ਡਰੱਗ ਪ੍ਰਭਾਵਿਤ ਪਿੰਡਾਂ ਲਾਟੀਆਂਵਾਲ, ਤੋਤੀ, ਸੇਚਾਂ, ਬੂਟਾਂ ਤੇ ਡੋਗਰਾਂਵਾਲ ਆਦਿ ’ਚ ਪਿਛਲੇ ਕੁਝ ਦਹਾਕਿਆਂ ਦੌਰਾਨ ਡਰੱਗ ਮਾਫੀਆ ਦੀਆਂ ਗਤੀਵਿਧੀਆਂ ਇਸ ਕਦਰ ਵੱਧ ਗਈਆਂ ਸਨ ਕਿ ਇਨ੍ਹਾਂ ਪਿੰਡਾਂ ਨਾਲ ਸਬੰਧਤ ਕਈ ਵੱਡੇ ਡਰੱਗ ਸਮੱਗਲਰ ਦਿੱਲੀ ਦੀ ਤਿਹਾੜ ਜੇਲ ’ਚ ਬੰਦ ਹਨ। ਇਨ੍ਹਾਂ ਪਿੰਡਾਂ ’ਚ ਕਈ ਵਾਰ ਦਿੱਲੀ ਪੁਲਸ ਡਰੱਗ ਸਮੱਲਗਰਾਂ ਦੀ ਤਲਾਸ਼ ’ਚ ਛਾਪੇਮਾਰੀ ਕਰ ਚੁੱਕੀ ਹੈ ਪਰ ਪੁਲਸ ’ਤੇ ਰਾਜਨੀਤਿਕ ਦਬਾਅ ਦੇ ਕਾਰਨ  ਜ਼ਿਆਦਾਤਰ ਮਾਮਲਿਆਂ ’ਚ ਇਨ੍ਹਾਂ ਡਰੱਗ ਨੈੱਟਵਰਕਾਂ ਨੂੰ ਚਲਾਉਣ ਵਾਲੇ ਵੱਡੇ ਚਿਹਰਿਆਂ ਨੂੰ ਬੇਨਕਾਬ ਨਹੀਂ ਕੀਤਾ ਜਾ ਰਿਹਾ ਸੀ ਪਰ ਹੁਣ ਮੌਜੂਦਾ ‘ਆਪ’ ਸਰਕਾਰ ਵੱਲੋਂ ਪੰਜਾਬ ਪੁਲਸ ਨੂੰ ਦਿੱਤੀ ਖੁੱਲ੍ਹੀ ਛੋਟ ਨੇ ਡਰੱਗ ਸਮੱਲਗਰਾਂ ’ਚ ਭੜਥੂ ਪੈਦਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਸੱਪ ਦੇ ਡੰਗਣ ਦਾ ਝਾੜ-ਫੂਕ ਕਰ ਕੇ ਇਲਾਜ ਕਰਨ ਵਾਲੇ ਤਾਂਤਰਿਕ ਦੀ ਹੋਈ ਛਿੱਤਰ-ਪਰੇਡ

ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਵੱਲੋਂ ਨਸ਼ਿਆਂ ਵਿਰੱਧ ਚਲਾਈ ਮੁਹਿਮ ਨੇ ਨਸ਼ਾ ਮਾਫੀਆ ਦਾ ਤੋੜਿਆ ਲੱਕ
ਆਪਣੇ 35 ਸਾਲ ਲੰਬੇ ਤਜੁਰਬੇ ਤੇ ਸਖਤ ਕਾਰਜਸ਼ੈਲੀ ਲਈ ਜਾਣੇ ਜਾਂਦੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਨੇ ਜਿਸ ਤਰ੍ਹਾਂ ਪਿਛਲੇ ਕੁਝ ਮਹੀਨਿਆਂ ਤੋਂ ਖੁਦ ਆਪਣੀ ਨਿਗਰਾਨੀ ’ਚ ਡਰੱਗ ਮਾਫੀਆ ਖਿਲਾਫ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਹੈ,  ਉਸ ਨੇ ਇਨ੍ਹਾਂ ਡਰੱਗ ਪ੍ਰਭਾਵਿਤ ਪਿੰਡਾਂ ’ਚ ਨਸ਼ਾ ਮਾਫੀਆ ਦਾ ਲੱਕ ਤੋੜ ਦਿੱਤਾ ਹੈ।

ਉੱਥੇ ਹੀ ਮਿਹਨਤੀ ਤੇ ਤਜੁਰਬੇਕਾਰ ਪੁਲਸ ਅਧਿਕਾਰੀਆਂ ’ਚ ਸ਼ੁਮਾਰ ਹੋਣ ਵਾਲੇ ਐੱਸ. ਪੀ. (ਡੀ) ਰਮਨਿੰਦਰ ਸਿੰਘ ਨੇ ਜਿਸ ਤਰ੍ਹਾਂ ਪਿਛਲੇ 3 ਮਹੀਨਿਆਂ ਦੀ ਆਪਣੀ ਤਾਇਨਾਤੀ ਦੌਰਾਨ ਡਰੱਗ ਮਾਫੀਆ ਨੂੰ ਖ਼ਤਮ ਕਰਨ ਲਈ ਜਿਸ ਤਰ੍ਹਾਂ ਰਾਤ-ਦਿਨ ਮਿਹਨਤ ਕੀਤੀ ਹੈ, ਉਸ ਨਾਲ ਵੀ ਜ਼ਿਲੇ ਦੇ ਸੀ. ਆਈ. ਏ. ਟੀਮ ਦੇ ਮਨੋਬਲ ’ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ- ਭਾਰਤੀ ਹਵਾਈ ਸੈਨਾ ਮੰਗਵਾਏਗੀ 100 ਹੋਰ ਤੇਜਸ ਮਾਰਕ-1ਏ ਜਹਾਜ਼

ਜਨਤਾ ’ਚ ਨਸ਼ਾ ਮਾਫੀਆ ਦੇ ਜਲਦੀ ਹੀ ਖਤਮ ਹੋਣ ਦੀ ਆਸ ਬੱਝੀ
ਜੇਕਰ ਕਪੂਰਥਲਾ ਪੁਲਸ ਵੱਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਕੀਤੀ ਗਈ ਡਰੱਗ ਬਰਾਮਦਗੀ ਵੱਲ ਝਾਤੀ ਮਾਰੀਏ ਤਾਂ ਕਪੂਰਥਲਾ ਪੁਲਸ ਪੂਰੇ ਸੂਬੇ ’ਚ ਪਹਿਲੀ 5 ਪਾਇਦਾਨ ’ਤੇ ਖੜ੍ਹੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਵੱਡੇ ਡਰੱਗ ਸਮੱਲਗਰਾਂ ਦੇ ਸਲਾਖਾਂ ਪਿੱਛੇ ਪੁੱਜਣ ਨਾਲ ਆਮ ਜਨਤਾ ਨੂੰ ਜ਼ਿਲੇ ’ਚ ਨਸ਼ਾ ਮਾਫੀਆ ਦੇ ਜਲਦੀ ਹੀ ਖਤਮ ਹੋਣ ਦੀ ਆਸ ਬੱਝ ਗਈ ਹੈ।

ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਗੌਰਵ ਯਾਦਵ ਦੇ ਹੁਕਮਾਂ ’ਤੇ ਜ਼ਿਲਾ ਭਰ ’ਚ ਡਰੱਗ ਮਾਫੀਆ ਦੇ ਖਿਲਾਫ ਵੱਡੇ ਪੱਧਰ ’ਤੇ ਮੁਹਿੰਮ ਚੱਲ ਰਹੀ ਹੈ, ਜਿਸਦੇ ਬਹੁਤ ਵਧੀਆ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਡਰੱਗ ਪ੍ਰਭਾਵਿਤ ਪਿੰਡਾਂ ’ਚ ਨਸ਼ਾ ਮਾਫੀਆ ਨੂੰ ਖ਼ਤਮ ਕਰਨਾ ਹੈ ਤਾਂ ਜੋ ਇਨ੍ਹਾਂ ਪਿੰਡਾਂ ਨਾਲ ਸਬੰਧਤ ਨੌਜਵਾਨ ਵਧੀਆ ਨੌਕਰੀਆਂ ਹਾਸਲ ਕਰਕੇ ਆਪਣਾ ਭਵਿੱਖ ਬਣਾ ਸਕਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


Anuradha

Content Editor

Related News