100 ਕਰੋੜ ਦੀ ਹੈਰੋਇਨ ਬਰਾਮਦਗੀ ਦੇ ਮਾਮਲੇ ’ਚ ਮੁੱਖ ਮੁਲਜ਼ਮ ਗ੍ਰਿਫ਼ਤਾਰ
Saturday, Sep 04, 2021 - 12:49 PM (IST)
ਕਪੂਰਥਲਾ (ਭੂਸ਼ਣ/ਮਹਾਜਨ)-ਕਪੂਰਥਲਾ ਪੁਲਸ ਵੱਲੋਂ ਪਿਛਲੇ ਦਿਨੀਂ ਅੰਤਰਰਾਸ਼ਟਰੀ ਬਾਜ਼ਾਰ ’ਚ 100 ਕਰੋੜ ਰੁਪਏ ਮੁੱਲ ਦੀ 20 ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ ’ਚ ਸ਼ਾਮਲ ਮੁੱਖ ਮੁਲਜ਼ਮ ਗਗਨਦੀਪ ਨੂੰ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਫਗਵਾੜਾ ਤੋਂ ਵਰਨਾ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਫਿਰੋਜ਼ਪੁਰ ਜੇਲ ’ਚ ਬੰਦ ਗੈਂਗਸਟਰ ਪ੍ਰੀਤ ਫਗਵਾੜਾ ਦਾ ਸਕਾ ਭਰਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪਿਛਲੇ ਦਿਨੀਂ ਕਪੂਰਥਲਾ ਪੁਲਸ ਵੱਲੋਂ ਕਰਤਾਰਪੁਰ-ਢਿੱਲਵਾਂ ਰਾਸ਼ਟਰੀ ਰਾਜ ਮਾਰਗ ’ਤੇ 20 ਕਿਲੋ ਹੈਰੋਇਨ ਬਰਾਮਦਗੀ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਇਕ ਮੁਲਜ਼ਮ ਪੀਟਰ ਮਸੀਹ ਨੇ ਖ਼ੁਲਾਸਾ ਕੀਤਾ ਸੀ ਕਿ ਉਸ ਨੂੰ ਗਗਨਦੀਪ ਪੁੱਤਰ ਨਰਿੰਦਰ ਕੁਮਾਰ ਵਾਸੀ ਦੱਦਰ ਮੁਹੱਲਾ ਫਗਵਾੜਾ ਨੇ ਹੈਰੋਇਨ ਦੀ ਖੇਪ ਇੱਕਠੀ ਕਰਨ ਲਈ ਭੇਜਿਆ ਸੀ ਅਤੇ ਉਹ ਗੈਂਗਸਟਰ ਰਜਨੀਸ਼ ਕੁਮਾਰ ਉਰਫ਼ ਪ੍ਰੀਤ ਫਗਵਾੜਾ ਦਾ ਸਕਾ ਭਰਾ ਹੈ, ਜੋ ਕਿ ਇਸ ਸਮੇਂ ਫਿਰੋਜ਼ਪੁਰ ਜੇਲ੍ਹ ’ਚ ਬੰਦ ਹੈ ਅਤੇ ਪ੍ਰੀਤ ਨੇ ਪੀਟਰ ਮਸੀਹ ਦੇ ਨਾਲ ਜੇਲ੍ਹ ’ਚ ਬੰਦੀ ਦੌਰਾਨ ਡਰੱਗ ਸਮਗਲਿੰਗ ਦਾ ਵੱਡਾ ਨੈੱਟਵਰਕ ਤਿਆਰ ਕੀਤਾ ਸੀ। ਜਿਸ ਦੇ ਆਧਾਰ ’ਤੇ ਕਪੂਰਥਲਾ ਪੁਲਸ ਗਗਨਦੀਪ ਨੂੰ ਗ੍ਰਿਫ਼ਤਾਰ ਕਰ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਇਸ ਦੌਰਾਨ ਉਕਤ ਮੁਲਜ਼ਮ ਨੂੰ ਇਕ ਵਰਨਾ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਕਾਂਗਰਸ ਲੀਡਰਸ਼ਿਪ ਦੇ ਸਟੈਂਡ ਪਿੱਛੋਂ ਕੈਪਟਨ ਨਾਲ ਵੱਡੀ ਗਿਣਤੀ ’ਚ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਕੀਤੀ ਮੁਲਾਕਾਤ
ਗ੍ਰਿਫ਼ਤਾਰ ਮੁਲਜ਼ਮ ਨੇ ਪ੍ਰੀਤ ਦੇ ਕਹਿਣ ’ਤੇ ਪੀਟਰ ਮਸੀਹ ਨਾਲ ਸ਼ੁਰੂ ਕੀਤਾ ਸੀ ਹੈਰੋਇਨ ਸਮੱਗਲਿੰਗ ਦਾ ਧੰਦਾ
ਗ੍ਰਿਫ਼ਤਾਰ ਮੁਲਜ਼ਮ ਗਗਨਦੀਪ ਨੇ ਖੁਲਾਸਾ ਕੀਤਾ ਕਿ ਉਸ ਦੇ ਭਰਾ ਪ੍ਰੀਤ ਨੇ ਉਸ ਨੂੰ ਪੀਟਰ ਮਸੀਹ ਨਾਲ ਮਿਲਵਾਇਆ ਸੀ ਤੇ ਉਸਨੇ ਆਪਣੇ ਭਰਾ ਦੇ ਕਹਿਣ ’ਤੇ ਪੀਟਰ ਮਸੀਹ ਨਾਲ ਹੈਰੋਇਨ ਸਮੱਗਲਿੰਗ ਦਾ ਗੈਰ-ਕਾਨੂੰਨੀ ਧੰਦਾ ਸ਼ੁਰੂ ਕੀਤਾ ਸੀ ਤੇ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਕ-ਦੂਜੇ ਨਾਲ ਗੱਲਬਾਤ ਕਰਦੇ ਸਨ। ਫਡ਼ੇ ਗਏ ਮੁਲਜ਼ਮਾਂ ਖਿਲਾਫ 31 ਅਗਸਤ 2021 ਨੂੰ ਐੱਫ. ਆਈ. ਆਰ. ਨੰਬਰ 80 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਇਸ ਮਾਮਲੇ ’ਚ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 29 ਦਾ ਵਾਧਾ ਜੁਰਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਜੇਲ੍ਹ ’ਚੋਂ ਪ੍ਰੀਤ ਫਗਵਾੜਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਕੀਤੀ ਜਾਵੇਗੀ ਪੁੱਛਗਿੱਛ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਗਗਨਦੀਪ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਤੇ ਉਸਦਾ ਪੁਲਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਇਸ ਪੂਰੇ ਡਰੱਗ ਨੈੱਟਵਰਕ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਸ ਜਲਦੀ ਹੀ ਇਸ ਮਾਮਲੇ ’ਚ ਲੋੜੀਂਦੇ ਪ੍ਰੀਤ ਫਗਵਾੜਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜੇਲ੍ਹ ਤੋਂ ਲਿਆ ਕੇ ਉਸ ਤੋਂ ਪੁੱਛਗਿੱਛ ਕਰੇਗੀ। ਜਿਸ ਦੇ ਆਧਾਰ ’ਤੇ ਹੋਰ ਵੀ ਕਈ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਡਰੱਗ ਨੈੱਟਵਰਕ ’ਚ ਸ਼ਾਮਲ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਜਿਸ ਦੇ ਮਕਸਦ ਨਾਲ ਇਸ ਮਾਮਲੇ ਦੀ ਪੂਰੀ ਗਹਿਰਾਈ ਨਾਲ ਜਾਂਚ ਜਾਰੀ ਹੈ। ਜਿਸ ਤਹਿਤ ਪੁਲਸ ਵੱਲੋਂ ਛਾਪੇਮਾਰੀ ਦਾ ਦੌਰ ਜਾਰੀ ਹੈ। ਜਲਦੀ ਹੀ ਇਸ ਮਾਮਲੇ ’ਚ ਕਈ ਸਨਸਨੀਖੇਜ਼ ਖੁਲਾਸੇ ਸਾਹਮਣੇ ਆ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, ਹੁਣ ਰਾਤ ਨੂੰ ਇਸ ਟਾਈਮ ਵੀ ਮਿਲੇਗੀ ਬੱਸ ਸਰਵਿਸ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।