ਕਪੂਰਥਲਾ ਜ਼ਿਲ੍ਹੇ ''ਚ 3 ਪੁਲਸ ਅਧਿਕਾਰੀਆਂ ਸਮੇਤ 12 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
Wednesday, Aug 05, 2020 - 01:21 AM (IST)
![ਕਪੂਰਥਲਾ ਜ਼ਿਲ੍ਹੇ ''ਚ 3 ਪੁਲਸ ਅਧਿਕਾਰੀਆਂ ਸਮੇਤ 12 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ](https://static.jagbani.com/multimedia/2020_7image_15_09_501891490corona19.jpg)
ਕਪੂਰਥਲਾ/ਫਗਵਾੜਾ,(ਮਹਾਜਨ, ਹਰਜੋਤ)- ਕੋਰੋਨਾ ਦਾ ਵੱਧ ਰਿਹਾ ਫੈਲਾਅ ਭਿਆਨਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਜ਼ਿਲਾ ਕਪੂਰਥਲਾ ਦੇ ਪੁਲਿਸ ਅਧਿਕਾਰੀ ਵੀ ਕੋਰੋਨਾ ਦੀ ਲਪੇਟ ’ਚ ਆ ਰਹੇ ਹਨ। ਮੰਗਲਵਾਰ ਨੂੰ ਜ਼ਿਲਾ ਕਪੂਰਥਲਾ ’ਚ ਤਿੰਨ ਪੁਲਸ ਅਧਿਕਾਰੀਆਂ ਸਮੇਤ 12 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਲੋਕਾਂ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ’ਚ ਵੀ ਦਹਿਸ਼ਤ ਪੈਦਾ ਹੋ ਗਈ ਹੈ। ਇਨ੍ਹਾਂ ਤਿੰਨ ਪੁਲਸ ਅਧਿਕਾਰੀਆਂ ’ਚ ਡੀ. ਐੱਸ. ਪੀ. (ਸਬ ਡਵੀਜਨ) ਕਪੂਰਥਲਾ, ਐੱਸ. ਐੱਚ. ਓ. ਢਿੱਲਵਾਂ ਤੇ ਇਕ ਏ. ਐੱਸ. ਆਈ, ਸ਼ਾਮਲ ਹਨ। ਜਿਸ ਉਪਰੰਤ ਡੀ. ਐੱਸ. ਪੀ. (ਸਬ ਡਵੀਜਨ) ਕਪੂਰਥਲਾ ਆਈਸੋਲੇਟ ਹੋ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਕਪੂਰਥਲਾ ’ਚ 12 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਏ ਜਿਨ੍ਹਾਂ ’ਚ ਕਪੂਰਥਲਾ ਦੇ 6, ਫਗਵਾਡ਼ਾ ਦੇ 3, ਢਿੱਲਵਾਂ ਦੇ 2, ਭੁਲੱਥ ਦਾ 1 ਕੇਸ ਹਨ। ਕਪੂਰਥਲਾ ’ਚ ਆਏ ਕੇਸਾਂ ’ਚ 49 ਸਾਲਾ ਡੀ. ਐੱਸ. ਪੀ. (ਸਬ ਡਵੀਜਨ) ਕਪੂਰਥਲਾ, ਇਕ 24 ਸਾਲਾ ਲਡ਼ਕਾ, ਇਕ 45 ਸਾਲਾ ਪੁਰਸ਼ ਪੁਰਾਣਾ ਹਸਪਤਾਲ, ਇਕ 53 ਸਾਲਾ ਪੁਰਸ਼ ਪਿੰਡ ਸੈਦਪੁਰ, ਇਕ 60 ਸਾਲਾ ਮਹਿਲਾ ਪਿੰਡ ਸੈਦੋਵਾਲ, ਇਕ 30 ਸਾਲਾ ਪੁਰਸ਼ ਪਿੰਡ ਸੈਦੋਵਾਲ ਸ਼ਾਮਲ ਹਨ।
ਪੁਲਸ ਅਧਿਕਾਰੀਆਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਕਰਵਾਈ ਜਾਵੇਗੀ ਸੈਂਪਲਿੰਗ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਕਪੂਰਥਲਾ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਜ਼ੇਟਿਵ ਪਾਏ ਜਾਣ ਵਾਲੇ ਪੁਲਸ ਅਧਿਕਾਰੀਆਂ ਦੇ ਸੰਪਰਕ ’ਚ ਆਉਣ ਵਾਲੇ ਪੁਲਿ ਕਰਮਚਾਰੀਆਂ ਤੇ ਲੋਕਾਂ ਦੀ ਸੰਪਰਕ ਸੂਚੀ ਤਿਆਰ ਕਰ ਕੇ ਉਨ੍ਹਾਂ ਦੀ ਸੈਂਪਲਿੰਗ ਕਰਵਾਈ ਜਾਵੇਗੀ।
ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਹੀ ਕੋਰੋਨਾ ਤੋਂ ਬਚਾਅ : ਸਿਵਲ ਸਰਜਨ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਮਾਰੂ ਪ੍ਰਭਾਵਾਂ ਤੋਂ ਬਚਾਅ ਲਈ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਸਥਿਤ ਦਫਤਰਾਂ ਦੇ ਸਟਾਫ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਸਥਿਤ ਦਫਤਰਾਂ ’ਚੋਂ 42 ਲੋਕਾਂ ਦੇ ਸੈਂਪਲ ਲਏ ਗਏ ਹਨ ਤੇ ਕੰਪਲੈਕਸ ਨੂੰ ਸੈਨੀਟਾਈਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਕਪੂਰਥਲਾ ’ਚ 283 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ ’ਚ ਕਪੂਰਥਲਾ ਦੇ 97, ਫਗਵਾਡ਼ਾ ਦੇ 41, ਪਾਂਛਟਾ ਦੇ 49, ਬੇਗੋਵਾਲ ਦੇ 15, ਭੁਲੱਥ ਦੇ 10, ਕਾਲਾ ਸੰਘਿਆ ਦੇ 16, ਫੱਤੂਢੀਂਗਾ ਦੇ 10, ਟਿੱਬਾ ਦੇ 45 ਲੋਕਾਂ ਦੇ ਸੈਂਪਲ ਲਏ ਗਏ।