ਕਿਸਾਨ 20 ਮਈ ਤੋਂ ਪਹਿਲਾਂ ਪਨੀਰੀ ਤੇ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ : ਖੇਤੀਬਾੜੀ ਅਧਿਕਾਰੀ

Tuesday, Apr 16, 2019 - 04:29 AM (IST)

ਕਿਸਾਨ 20 ਮਈ ਤੋਂ ਪਹਿਲਾਂ ਪਨੀਰੀ ਤੇ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ : ਖੇਤੀਬਾੜੀ  ਅਧਿਕਾਰੀ
ਕਪੂਰਥਲਾ (ਧੀਰ)-ਪੰਜਾਬ ਸਰਕਾਰ ਨੇ ਬੀਤੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੋਨੇ ਦੀ ਪਨੀਰੀ ਤੇ ਝੋਨਾ ਲਾਉਣ ਦੀ ਤਾਰੀਖ ਹੀ ਤੈਅ ਕੀਤੀ ਹੈ ਤੇ ਇਸਦੇ ਸਬੰਧ ’ਚ ਜੋ ਕਿਸਾਨਾਂ ਨੂੰ ਅਫਵਾਹਾਂ ਫੈਲਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ, ਉਹ ਗਲਤ ਤੇ ਸਰਾਸਰ ਝੂਠ ਹੈ। ਇਹ ਸ਼ਬਦ ਬਲਾਕ ਮੁੱਖ ਖੇਤੀਬਾਡ਼ੀ ਅਧਿਕਾਰੀ ਡਾ. ਜਸਬੀਰ ਸਿੰਘ ਖਿੰਡਾ, ਖੇਤੀਬਾਡ਼ੀ ਵਿਸਥਾਰ ਅਧਿਕਾਰੀ ਪਰਮਿੰਦਰ ਕੁਮਾਰ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ’ਚ ਕਹੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਬੀਤੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੋਨੇ ਦੀ ਪਨੀਰੀ ਬੀਜਣ ਦੀ ਤਾਰੀਖ 20 ਮਈ ਤੇ ਝੋਨਾ ਲਗਾਉਣ ਦੀ ਤਾਰੀਖ 20 ਜੂਨ ਹੀ ਤੈਅ ਕੀਤੀ ਹੈ। ਇਨ੍ਹਾਂ ਤਾਰੀਖਾਂ ’ਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ। ਖੇਤੀਬਾਡ਼ੀ ਮਾਹਿਰਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਰਾਹੀਂ ਕਿਸਾਨਾਂ ’ਚ ਇਹ ਵਹਿਮ ਫੈਲਾਇਆ ਜਾ ਰਿਹਾ ਕਿ ਇਸ ਸਾਲ 550 ਸਾਲਾ ਗੁਰਪੁਰਬ ਮੌਕੇ ਸਰਕਾਰ ਨੇ ਝੋਨੇ ਦੀ ਪਨੀਰੀ ਬੀਜਣ ਤੇ ਝੋਨਾ ਲਗਾਉਣ ਦੀਆਂ ਤਾਰੀਖਾਂ ’ਚ ਬਦਲਾਅ ਕਰ ਕੇ 1 ਮਈ ਤੋਂ ਪਨੀਰੀ ਤੇ 1 ਜੂਨ ਤੋਂ ਝੋਨਾ ਲਗਾਉਣ ਦੀ ਆਗਿਆ ਦੇ ਦਿੱਤੀ ਹੈ। ਜਿਸ ’ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਸਰਕਾਰ ਵੱਲੋਂ ਤੇ ਨਾ ਹੀ ਵਿਭਾਗ ਵੱਲੋਂ ਸਾਨੂੰ ਕੋਈ ਹੁਕਮ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀ ਇਹ ਝੂਠੀ ਅਫਵਾਹ ਹੈ ਤੇ ਇਸ ਸਬੰਧੀ ਵਿਭਾਗ ਨੂੰ ਕਈ ਕਿਸਾਨਾਂ ਦੇ ਫੋਨ ਵੀ ਆਏ ਹਨ, ਜਿਨ੍ਹਾਂ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੇ ਫਿਰ ਵੀ ਕੋਈ ਕਿਸਾਨ 20 ਮਈ ਤੋਂ ਪਹਿਲਾਂ ਪਨੀਰੀ ਜਾਂ 20 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਦੀ ਕੋਸ਼ਿਸ ਕਰੇਗਾ ਤਾਂ ਉਸ ਵੱਲੋਂ ਬੀਜੀ ਪਨੀਰੀ ਨੂੰ ਵਾਹ ਦਿੱਤਾ ਜਾਵੇਗਾ ਤੇ ਤੈਅ ਤਾਰੀਖ ਤੋਂ ਪਹਿਲਾਂ ਝੋਨਾ ਲਗਾਉਣ ਵਾਲੇ ਕਿਸਾਨ ਦੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related News