ਸਾਨੂੰ ਲੜਕੇ ਤੇ ਲੜਕੀ ’ਚ ਕੋਈ ਫਰਕ ਨਹੀਂ ਕਰਨਾ ਚਾਹੀਦਾ : ਡੀ. ਐੱਸ. ਪੀ

Saturday, Mar 09, 2019 - 10:07 AM (IST)

ਸਾਨੂੰ ਲੜਕੇ ਤੇ ਲੜਕੀ ’ਚ ਕੋਈ ਫਰਕ ਨਹੀਂ ਕਰਨਾ ਚਾਹੀਦਾ : ਡੀ. ਐੱਸ. ਪੀ
ਕਪੂਰਥਲਾ (ਗੁਰਵਿੰਦਰ ਕੌਰ)-ਐਡਮਿਨਰਲ ਚੀਫ ਸੈਕਟਰੀ ਸੰਜੇ ਕੁਮਾਰ ਤੇ ਡਾਇਰੈਕਟਰ ਅੰਮ੍ਰਿਤ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਦੀ ਨਿਗਰਾਨੀ ਹੇਠ ਹਿੰਦੂ ਕੰਨਿਆ ਕਾਲਜ ਵਿਖੇ ਜ਼ਿਲਾ ਪੱਧਰੀ ਰਾਸ਼ਟਰੀ ਯੁਵਕ ਦਿਵਸ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਹਿੰਦੂ ਕੰਨਿਆ ਕਾਲਜ ਦੇ ਪ੍ਰਧਾਨ ਤਿਲਕਰਾਜ ਅਗਰਵਾਲ ਦੁਆਰਾ ਕੀਤੀ ਗਈ। ਜਿਨ੍ਹਾਂ ਦਾ ਸਵਾਗਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਤੇ ਆਫ਼ੀਸ਼ੇਟਿੰਗ ਪ੍ਰਿੰਸੀਪਲ ਸ਼੍ਰੀਮਤੀ ਜਸੰਵਤ ਕੌਰ ਜੀ ਨੇ ਗੁਲਦਸਤਾ ਦੇ ਕੇ ਕੀਤਾ। ਇਸ ਸਮੇਂ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਪਲਕ ਸ਼ਰਮਾ ਨੇ ਪਹਿਲਾ ਸਥਾਨ, ਕਵਿਤਾ ਧੀਮਾਨ ਨੇ ਦੂਸਰਾ ਸਥਾਨ ਅਤੇ ਗੁਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾਂ ਆਫ ਸਟੇਜ ਨਿਬੰਧ ਪ੍ਰਤੀਯੋਗਿਤਾ ’ਚੋਂ ਹਰਦੀਪ ਕੌਰ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਪਹਿਲਾ ਸਥਾਨ, ਮਿਸ ਆਸ਼ੀਮਾ, ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਨੇ ਦੂਸਰਾ ਸਥਾਨ ਅਤੇ ਮਿਸ ਹੀਨਾ ਗੁਪਤਾ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਫ ਸਟੇਜ ਆਈਟਮਾਂ ’ਚ ਔਰਤ ਵਿਸ਼ੇ ਨੂੰ ਲੈ ਕੇ ਇਕ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵੀ ਕਰਵਾਈ ਗਈ, ਜਿਸ ’ਚ ਰਵਨੀਤ ਕੌਰ ਨੇ ਪਹਿਲਾਂ ਸਥਾਨ, ਅਮਨਦੀਪ ਕੌਰ ਨੇ ਦੂਸਰਾ ਸਥਾਨ ਅਤੇ ਸਾਹਿਬਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਾਂਝ ਕਲਾਂ ਮੰਚ ਵੱਲੋਂ ਡਾਇਰੈਕਟਰ ਕਰਨ ਦੇਵ ਜਗੋਤਾ ਦੀ ਅਗਵਾਈ ’ਚ ‘ਕੁਖੋ ਹੀਣੀ ਧਰਤੀ’ ਨਾਟਕ ਖੇਡਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਹਾਇਕ ਪ੍ਰੋਫੈਸਰ ਜਸਦੀਪ ਕੌਰ ਵੱਲੋਂ ਨਿਭਾਈ ਗਈ ਤੇ ਜੱਜਾਂ ਦੀ ਭੂਮਿਕਾ ਕੁਲਵਿੰਦਰ ਕੌਰ, ਰਿਤੂ ਗੁਪਤਾ, ਅਨੁਪਮ ਸਭਰਵਾਲ ਤੇ ਮਿਸ ਬਬੀਤਾ ਵੱਲੋਂ ਨਿਭਾਈ ਗਈ।ਇਸ ਸਮੇਂ ਵਿਭਾਗ ਵੱਲੋਂ ਕਾਲਜ ਵਿਚ ਇਕ ਖੂਨਦਾਨ ਕੈਂਪ ਵੀ ਲਾਇਆ ਗਿਆ, ਜਿਸ ਵਿਚ ਲਡ਼ਕੀਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ। ਮੁੱਖ ਮਹਿਮਾਨ ਡੀ. ਐੱਸ. ਪੀ. ਸ਼੍ਰੀ ਸੰਦੀਪ ਸਿੰਘ ਮੰਡ ਜੀ ਸਨ, ਜਿਨ੍ਹਾਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਲਡ਼ਕੀਆਂ ਦਾ ਸਮਾਜ ’ਚ ਅੱਗੇ ਆਉਣਾ ਇਕ ਵਧੀਆ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਲੜਕੀਆਂ ਕਿਸੇ ਵੀ ਕੰਮ ’ਚ ਪਿਛੇ ਨਹੀਂ ਹਨ। ਇਸ ਲਈ ਸਾਨੂੰ ਲੜਕੇ ਤੇ ਲੜਕੀ ’ਚ ਕੋਈ ਫਰਕ ਨਹੀਂ ਕਰਨਾ ਚਾਹੀਦਾ। ਇਸ ਮੌਕੇ ਟਰੈਫਿਕ ਇੰਚਾਰਜ ਇੰਸਪੈਕਟਰ ਰਮੇਸ਼ ਲਾਲ, ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਦੀਪਕ ਸ਼ਰਮਾ, ਜ਼ਿਲੇ ਦੇ ਰੈੱਡ ਰਿੰਬਨ ਕਲੱਬਾਂ ਦੇ ਇੰਚਾਰਜ, ਯੂਥ ਕਲੱਬਾਂ ਦੇ ਮੈਂਬਰ ਤੇ ਕੋਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਵੀ ਹਾਜ਼ਰ ਹਨ।

Related News