ਕਪੂਰਥਲਾ ''ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ, ਇਕ ਦੀ ਮੌਤ

Friday, Jun 19, 2020 - 08:26 PM (IST)

ਕਪੂਰਥਲਾ,(ਮਹਾਜਨ)- ਜ਼ਿਲ੍ਹੇ 'ਚ ਕੋਰੋਨਾ ਸੰਕਰਮਣ ਨਾਲ ਪੀੜਤਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ  ਹੁੰਦਾ ਜਾ ਰਿਹਾ ਹੈ। ਜਿੱਥੇ ਪਹਿਲਾਂ ਕਿਤੇ-ਕਿਤੇ ਇਕ-ਦੋ ਕੋਰੋਨਾ ਪਾਜ਼ੇਟਿਵ ਦਾ ਮਰੀਜ਼ ਪਾਇਆ ਜਾਂਦਾ ਸੀ, ਉੱਥੇ ਬੀਤੇ ਕਰੀਬ 4 ਦਿਨਾਂ ਤੋਂ ਇਨ੍ਹਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੋ ਇੱਕ ਤਰ੍ਹਾਂ ਨਾਲ ਕੋਰੋਨਾ ਚੇਨ ਬਣਨ ਦਾ ਸੰਕੇਤ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹਾ ਕਪੂਰਥਲਾ 'ਚ ਇੱਕ ਹੀ ਦਿਨ 'ਚ 5 ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਜਿੱਥੇ ਮਰੀਜ਼ਾਂ ਦੀ ਗਿਣਤੀ ਵੱਧ ਗਈ, ਉਥੇ ਹੀ ਪੀ. ਜੀ. ਆਈ 'ਚ ਜੇਰੇ ਇਲਾਜ ਕਪੂਰਥਲਾ ਦੇ ਮੁਹੱਬਤ ਨਗਰ ਦੀ ਵਾਸੀ ਮਹਿਲਾ ਦੀ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ ਮੌਤ ਹੋ ਗਈ, ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 4 ਹੋ ਗਈ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੁਹੱਬਤ ਨਗਰ ਕਪੂਰਥਲਾ ਦੀ ਇੱਕ ਮਹਿਲਾ ਜੋ ਚੰਡੀਗੜ੍ਹ ਦੇ ਪੀ.ਜੀ.ਆਈ ਵਿਖੇ ਇਲਾਜ ਵਾਸਤੇ ਗਈ ਸੀ, ਜਿੱਥੇ ਉਸ ਦੇ ਟੈਸਟ ਲੈਣ 'ਤੇ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਜਿਸ ਦੇ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਉਕਤ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਸਮੇਤ ਉਸ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਸੈਂਪਲਿੰਗ ਲਈ ਗਈ, ਜਿਨ੍ਹਾਂ 'ਚੋਂ ਪੰਜ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਪੰਜ ਮਰੀਜ਼ ਮੁਹੱਬਤ ਨਗਰ ਨਾਲ ਸਬੰਧਤ ਹਨ ਤੇ ਉਨ੍ਹਾਂ ਨੂੰ ਜਲੰਧਰ ਦੇ ਮੈਰੀਟੋਰੀਅਸ ਸਕੂਲ 'ਚ ਬਣਾਏ ਗਏ ਆਈਸੋਲੇਸ਼ਨ ਸੈਂਟਰ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਤੋਂ ਇਲਾਵਾ ਪੀ. ਜੀ. ਆਈ 'ਚ ਜੇਰੇ ਇਲਾਜ ਮੁਹੱਬਤ ਨਗਰ ਵਾਸੀ ਮਹਿਲਾ ਦੀ ਸ਼ੁੱਕਰਵਾਰ ਨੂੰ ਮੌਤ ਹੋ ਜਾਣ ਨਾਲ ਕੁੱਲ ਮੌਤਾਂ ਦੀ ਗਿਣਤੀ 4 ਹੋ ਗਈ ਹੈ। ਪੰਜ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 57 ਤੱਕ ਪਹੁੰਚ ਚੁੱਕੀ ਹੈ, ਜਿਸ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ। 

ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਲਏ ਗਏ ਸੈਂਪਲਾਂ 'ਚੋ 247 ਦੀ ਰਿਪੋਰਟ ਆ ਗਈ ਹੈ, ਜਿਸ 'ਚ 202 ਨੈਗੇਟਿਵ ਪਾਏ ਗਏ ਹਨ, 5 ਪਾਜ਼ੇਟਿਵ ਪਾਏ ਗਏ ਹਨ, ਜਦਕਿ 40 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋ ਇਲਾਵਾ ਬੀਤੇ ਦਿਨੀ ਭਗਤਪੁਰਾ 'ਚ ਪਾਏ ਗਏ ਪਾਜ਼ੇਟਿਵ ਮਰੀਜ਼ ਦੇ ਬਾਅਦ ਉਕਤ ਖੇਤਰ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਵੇ ਕਰਵਾਇਆ ਗਿਆ। 


Deepak Kumar

Content Editor

Related News