ਬਿਆਨਾਂ ਤੋਂ ਮੁੱਕਰੀ ਕੰਗਨਾ ਰਣੌਤ ਨੇ ਮੁੱਦੇ ਤੋਂ ਭਟਕਾਉਣ ਦੀਆਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ
Friday, Dec 04, 2020 - 12:03 AM (IST)
ਜਲੰਧਰ (ਬਿਊਰੋ)– ਵਿਵਾਦਾਂ ’ਚ ਰਹਿਣ ਵਾਲੀ ਕੰਗਨਾ ਰਣੌਤ ਆਪਣੇ ਬਿਆਨਾਂ ਤੋਂ ਅਕਸਰ ਮੁੱਕਰਦੀ ਰਹਿੰਦੀ ਹੈ। ਪਹਿਲਾਂ ਗਲਤ ਤੇ ਝੂਠ ਬੋਲਣ ਤੋਂ ਬਾਅਦ ਫਿਰ ਉਸ ਨੂੰ ਸੱਚ ਸਾਬਿਤ ਕਰਨ ਦੀਆਂ ਕੋਸ਼ਿਸ਼ਾਂ ਕੰਗਨਾ ਵਲੋਂ ਅਕਸਰ ਜਾਰੀ ਰਹਿੰਦੀਆਂ ਹਨ। ਹਾਲ ਹੀ ’ਚ ਵੀ ਕੰਗਨਾ ਅਜਿਹਾ ਕੁਝ ਕਰਦੀ ਨਜ਼ਰ ਆ ਰਹੀ ਹੈ।
ਆਪਣੇ ਵਿਵਾਦਿਤ ਟਵੀਟ ਕਰਕੇ ਪੰਜਾਬੀ ਕਲਾਕਾਰਾਂ ਦੇ ਨਿਸ਼ਾਨੇ ’ਤੇ ਚੜ੍ਹੀ ਕੰਗਨਾ ਰਣੌਤ ਨੂੰ ਪੂਰਾ ਪੰਜਾਬ ਮਾੜਾ ਬੋਲ ਰਿਹਾ ਹੈ। ਅਸਲ ’ਚ ਕੰਗਨਾ ਨੇ ਟਵੀਟ ਕੀਤਾ ਸੀ ਕਿ ਜੋ ਬਜ਼ੁਰਗ ਮਹਿਲਾ ਸ਼ਾਹੀਨ ਬਾਗ ’ਚ ਪ੍ਰਦਰਸ਼ਨ ਕਰ ਰਹੀ ਹੈ, ਉਹੀ ਦਾਦੀ 100 ਰੁਪਏ ’ਚ ਕਿਸਾਨ ਅੰਦੋਲਨ ਦਾ ਹਿੱਸਾ ਬਣ ਗਈ ਹੈ। ਯਾਨੀ ਕਿਰਾਏ ’ਤੇ ਉਹ ਧਰਨਿਆਂ ’ਚ ਸ਼ਾਮਲ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੇ ਟਵੀਟ ਤੋਂ ਬਾਅਦ ਭੜਕੀ ਕੰਗਨਾ ਰਣੌਤ, ਦੋਵਾਂ ਵਿਚਾਲੇ ਟਵਿਟਰ ’ਤੇ ਛਿੜੀ ਜੰਗ
ਜਦੋਂ ਲੋਕਾਂ ਤੇ ਪੰਜਾਬੀ ਗਾਇਕਾਂ ਨੇ ਕੰਗਨਾ ਨੂੰ ਨਿਸ਼ਾਨੇ ’ਤੇ ਲਿਆ ਤਾਂ ਕੰਗਨਾ ਨੇ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਤੇ ਗਲਤ ਟਵੀਟ ਕਰਨੇ ਸ਼ੁਰੂ ਕਰ ਦਿੱਤੇ। ਕੰਗਨਾ ਆਪਣੇ ਟਵੀਟਸ ਰਾਹੀਂ ਦਿਲਜੀਤ ਦੋਸਾਂਝ ’ਤੇ ਵੀ ਗੁੱਸਾ ਕੱਢ ਚੁੱਕੀ ਹੈ।
ਤਾਜ਼ਾ ਟਵੀਟਸ ’ਚ ਕੰਗਨਾ ਲਿਖਦੀ ਹੈ, ‘ਸੁਣੋ ਗਿੱਦੋਂ ਮੇਰੀ ਖਾਮੋਸ਼ੀ ਨੂੰ ਮੇਰੀ ਕਮਜ਼ੋਰੀ ਨਾ ਸਮਝਣਾ। ਮੈਂ ਸਭ ਦੇਖ ਰਹੀ ਹਾਂ ਕਿਸ ਤਰ੍ਹਾਂ ਤੁਸੀਂ ਝੂਠ ਬੋਲ ਕੇ ਮਾਸੂਮਾਂ ਨੂੰ ਭੜਕਾ ਰਹੇ ਹੋ ਤੇ ਉਨ੍ਹਾਂ ਨੂੰ ਭਾਵੁਕ ਕਰ ਰਹੇ ਹੋ। ਜਦੋਂ ਸ਼ਾਹੀਨ ਬਾਗ ਦੀ ਤਰ੍ਹਾਂ ਇਨ੍ਹਾਂ ਧਰਨਿਆਂ ਦਾ ਰਹੱਸ ਖੁੱਲ੍ਹੇਗਾ ਤਾਂ ਮੈਂ ਇਕ ਸ਼ਾਨਦਾਰ ਸਪੀਚ ਲਿਖਾਂਗੀ ਤੇ ਤੁਹਾਡੇ ਲੋਕਾਂ ਦਾ ਮੂੰਹ ਕਾਲਾ ਕਰਾਂਗੀ।’
ਇਕ ਵੀਡੀਓ ਦਾ ਹਵਾਲਾ ਦਿੰਦਿਆਂ ਕੰਗਨਾ ਕਹਿੰਦੀ ਹੈ, ‘ਮੈਂ ਸਿਰਫ ਸ਼ਾਹੀਨ ਬਾਗ ਵਾਲੀ ਦਾਦੀ ’ਤੇ ਟਿੱਪਣੀ ਕੀਤੀ ਸੀ ਕਿ ਉਨ੍ਹਾਂ ਨੇ ਉਥੇ ਦੰਗੇ ਭੜਕਾਏ ਸਨ। ਉਸ ਟਵੀਟ ਨੂੰ ਵੀ ਲਗਭਗ ਤੁਰੰਤ ਹੀ ਹਟਾ ਦਿੱਤਾ ਗਿਆ ਸੀ। ਮੈਨੂੰ ਨਹੀਂ ਪਤਾ ਕਿ ਉਸ ਤਸਵੀਰ ’ਚ ਇਕ ਹੋਰ ਬਜ਼ੁਰਗ ਮਹਿਲਾ ਨੂੰ ਕਿਥੋਂ ਲਿਆਂਦਾ ਤੇ ਹੁਣ ਝੂਠ ਫੈਲਾ ਰਹੇ ਹਨ। ਗਿੱਦ ਇਕ ਔਰਤ ਖਿਲਾਫ ਭੀੜ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।’
ਇਨ੍ਹਾਂ ਟਵੀਟਸ ਰਾਹੀਂ ਕੰਗਨਾ ਇਹ ਸਾਬਿਤ ਕਰਨਾ ਚਾਹੁੰਦੀ ਹੈ ਕਿ ਉਸ ਨੇ ਜੋ ਲਿਖਿਆ ਉਹ ਸ਼ਾਹੀਨ ਬਾਗ ਵਾਲੀ ਬਿਲਕਿਸ ਬਾਨੋ ਲਈ ਲਿਖਿਆ ਹੈ ਪਰ ਉਹ ਇਹ ਭੁੱਲ ਗਈ ਕਿ ਉਸ ਨੇ 100 ਰੁਪਏ ਵਾਲੀ ਗੱਲ ਪੰਜਾਬ ਦੀ ਬੇਬੇ ਮਹਿੰਦਰ ਕੌਰ ਵਾਲੇ ਟਵੀਟ ’ਤੇ ਆਖੀ ਸੀ ਤੇ ਇਸ ਗੱਲ ਤੋਂ ਉਹ ਪੂਰੀ ਤਰ੍ਹਾਂ ਨਾਲ ਮੁੱਕਰ ਚੁੱਕੀ ਹੈ।
ਨੋਟ– ਕੰਗਨਾ ਰਣੌਤ ਵਲੋਂ ਆਪਣੇ ਬਿਆਨਾਂ ਤੋਂ ਮੁੱਕਰਨਾ ਸਹੀ ਹੈ ਜਾਂ ਗਲਤ? ਆਪਣੀ ਰਾਏ ਜ਼ਰੂਰ ਦਿਓ।