ਜੱਥੇਦਾਰੀ ਸਹਾਰੇ ਸਜ਼ਾ ਮੁਆਫ ਕਰਾਉਣੀ ਰਾਜੋਆਣਾ ਨੂੰ ਮਨਜ਼ੂਰ ਨਹੀਂ : ਕਮਲਦੀਪ
Friday, Aug 24, 2018 - 02:36 PM (IST)
ਲੁਧਿਆਣਾ (ਨਰਿੰਦਰ) : ਸਾਬਕਾ ਮੁੱਖ ਮੰਤਰੀ ਬੇਅਤ ਸਿੰਘ ਦੇ ਕਤਲ ਦੇ ਦੋਸ਼ 'ਚ ਫਾਂਸੀ ਦੀ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਜੱਥੇਦਾਰ ਬਣਾਉਣ ਦੇ ਮਾਮਲੇ 'ਤੇ ਉਸ ਦੀ ਭੈਣ ਨੇ ਮੀਡੀਆ ਸਾਹਮਣੇ ਆਪਣੇ ਬਿਆਨ ਦਿੱਤੇ ਹਨ। ਲੁਧਿਆਣਾ 'ਚ ਰਹਿ ਰਹੀ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਬਿਲਕੁਲ ਬੇ-ਬੁਨਿਆਦ ਹੈ ਕਿਉਂਕਿ ਉਸ ਦੇ ਭਰਾ ਰਾਜੋਆਣਾ ਦੇ ਵਿਚਾਰ ਕਦੇ ਵੀ ਅਜਿਹੇ ਨਹੀਂ ਰਹੇ ਕਿ ਉਹ ਜੱਥੇਦਾਰੀ ਦਾ ਸਹਾਰਾ ਲੈ ਕੇ ਆਪਣੀ ਸਜ਼ਾ ਮੁਆਫ ਕਰਾਉਣ ਦੀ ਕੋਸ਼ਿਸ਼ ਕਰਨ। ਕਮਲਦੀਪ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਦਾਰੀ ਨੂੰ ਲੈ ਕੇ ਸਿਰਫ ਸਿਆਸਤ ਹੋ ਰਹੀ ਹੈ, ਜਿਸ ਨੂੰ ਰਾਜੋਆਣਾ ਕਦੇ ਬਰਦਾਸ਼ਤ ਨਹੀਂ ਕਰਨਗੇ। ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਹੋਰ ਪਾਰਟੀਆਂ ਕਹਿੰਦੀਆਂ ਹਨ ਕਿ ਰਾਜੋਆਣਾ ਬਾਹਰ ਆ ਕੇ ਦੁਬਾਰਾ ਧਮਾਕੇ ਕਰਨਗੇ ਪਰ ਇਹ ਸਭ ਗੱਲਾਂ ਗਲਤ ਹਨ ਕਿਉਂਕਿ ਰਾਜੋਆਣਾ ਹਮੇਸ਼ਾ ਹੀ ਗੁਰੂ ਸਾਹਿਬਾਨ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਰਾ ਨੂੰ ਲੈ ਕੇ ਪਾਰਟੀਆਂ ਸਿਰਫ ਸਿਆਸਤ ਹੀ ਕਰ ਰਹੀਆਂ ਹਨ।
